ਗੁਰਦਾਸਪੁਰ 25 ਅਕਤੂਬਰ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੁਰਦਾਸਪੁਰ ਫੇਰੀ ਨੂੰ ਸਫਲ ਬਣਾਉਣ ਲਈ ਸਮੂਹ ਪਾਰਟੀ ਵਰਕਰਾਂ ਅਤੇ ਹਲਕੇ ਵਾਸੀਆਂ ਦਾ ਧੰਨਵਾਦ ਜਤਾਇਆ ਹੈ ।
ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਸਰਦਾਰ ਬੱਬੇਹਾਲੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਇਸ ਦੌਰੇ ਨੇ ਜਿੱਥੇ ਹਲਕੇ ਅੰਦਰ ਪਾਰਟੀ ਵਿੱਚ ਨਵਾਂ ਜੋਸ਼ ਭਰਿਆ ਹੈ ਉੱਥੇ ਲੋਕਾਂ ਦਾ ਪਾਰਟੀ ਪ੍ਰਤੀ ਖੁੱਲ੍ਹਾ ਸਮਰਥਨ ਵੀ ਵੇਖਣ ਨੂੰ ਮਿਲਿਆ ਹੈ । ਉਨ੍ਹਾਂ ਪਾਰਟੀ ਵਰਕਰਾਂ , ਵਿਸ਼ੇਸ਼ ਕਰ ਕੇ ਯੂਥ ਵਰਕਰਾਂ, ਮਸੀਹ ਭਾਈਚਾਰੇ ਅਤੇ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦਿਆਂ ਦਾ ਵੀ ਸਹਿਯੋਗ ਦੇਣ ਲਈ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਇਸ ਦੌਰੇ ਦੌਰਾਨ ਵਪਾਰੀ ਵਰਗ ਤੋਂ ਇਲਾਵਾ ਮਸੀਹ ਭਾਈਚਾਰੇ, ਵਕੀਲ ਭਾਈਚਾਰੇ ਅਤੇ ਵੱਖ-ਵੱਖ ਸੰਗਠਨਾਂ ਨੇ ਵੀ ਆਪਣੀਆਂ ਸਮੱਸਿਆਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ । ਸ਼ਹਿਰੀ ਗ਼ਰੀਬ ਮਜ਼ਦੂਰ ਕਿਰਾਏਦਾਰ ਯੂਨੀਅਨ ਨਾਲ ਸਬੰਧਿਤ ਔਰਤਾਂ ਦੀਆਂ ਮੁਸ਼ਕਲਾਂ ਵੀ ਸੁਖਬੀਰ ਸਿੰਘ ਬਾਦਲ ਨੇ ਗੰਭੀਰਤਾ ਨਾਲ ਸੁਣੀਆਂ ।
ਸਰਦਾਰ ਬੱਬੇਹਾਲੀ ਨੇ ਕਿਹਾ ਕਿ ਸੂਬੇ ਵਿੱਚ ਅਕਾਲੀ ਸਰਕਾਰ ਬਣਨ ਤੇ ਸੁਖਬੀਰ ਸਿੰਘ ਬਾਦਲ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਨਗੇ । ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਦਾ ਵਾਅਦਾ ਵੀ ਕੀਤਾ ਹੈ ।