ਬਟਾਲਾ, 26 ਅਕਤੂਬਰ (ਮੰਨਣ ਸੈਣੀ) – ਆਈ.ਏ.ਐੱਸ. ਅਧਿਕਾਰੀ ਸ੍ਰੀ ਰਾਹੁਲ ਨੇ ਅੱਜ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਸ੍ਰੀ ਰਾਹੁਲ ਨੂੰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਗੁਰਦਾਸਪੁਰ ਵਿਖੇ ਤਾਇਨਾਤ ਹਨ ਅਤੇ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਏ.ਡੀ.ਸੀ. (ਜਨਰਲ) ਦੇ ਨਾਲ ਕਮਿਸ਼ਨਰ ਨਗਰ ਨਿਗਮ ਦਾ ਵਾਧੂ ਚਾਰਜ ਦਿੱਤਾ ਹੈ।
ਅੱਜ ਨਗਰ ਨਿਗਮ ਦਫ਼ਤਰ ਵਿਖੇ ਕਮਿਸ਼ਨਰ ਦਾ ਅਹੁਦਾ ਸੰਭਾਲਣ ਮੌਕੇ ਸ੍ਰੀ ਰਾਹੁਲ ਨੇ ਦਫ਼ਤਰ ਦੇ ਸਟਾਫ਼ ਨਾਲ ਮੀਟਿੰਗ ਕੀਤੀ। ਕਮਿਸ਼ਨਰ ਸ੍ਰੀ ਰਾਹੁਲ ਨੇ ਨਿਗਮ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਪਹਿਲ ਦੇ ਅਧਾਰ ’ਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਗਤੀ ਨੂੰ ਤੇਜ਼ ਕੀਤਾ ਜਾਵੇ ਅਤੇ ਕੰਮ ਦੀ ਗੁਣਵਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਬਹਾਲ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ ਅਤੇ ਇਸ ਮੁਹਿੰਮ ਵਿੱਚ ਸ਼ਹਿਰ ਵਾਸੀਆਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਆਪਣੀ ਕਿਸੇ ਵੀ ਸਮੱਸਿਆ ਦੇ ਹੱਲ ਲਈ ਉਨ੍ਹਾਂ ਨਾਲ ਰਾਬਤਾ ਕਰ ਸਕਦੇ ਹਨ।