Close

Recent Posts

CORONA ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਪੰਜਾਬ ਦੀ ਧੜੇਬੰਦੀ ਕਾਰਨ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ : ਸੁਖਬੀਰ ਸਿੰਘ ਬਾਦਲ

ਪੰਜਾਬ ਦੀ ਧੜੇਬੰਦੀ ਕਾਰਨ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ : ਸੁਖਬੀਰ ਸਿੰਘ ਬਾਦਲ
  • PublishedOctober 25, 2021

ਕਿਹਾ ਕਿ ਚਰਨਜੀਤ ਸਿੰਘ ਚੰਨੀ ਸਭ ਤੋਂ ਨਿਖਿਧ ਮੁੱਖ ਮੰਤਰੀ ਸਾਬਤ ਹੋ ਰਹੇ ਹਨ ਜੋ ਸਿਰਫ ਐਲਾਨਾਂ ਤੱਕ ਸੀਮਤ ਹੋਏ

ਗੁਰਦਾਸਪੁਰ, 25 ਅਕਤੂਬਰ (ਮੰਨਣ ਸੈਣੀ)। ਪੰਜਾਬ ਕਾਂਗਰਸ ਵਿਚ ਧੜੇਬੰਦੀ ਲੋਕਾਂ ਨੂੰ ਮਹਿੰਗੀ ਪੈ ਰਹੀ ਹੈ ਕਿਉਂਕਿ ਕਾਂਗਰਸ ਦੇ ਸਾਰੇ ਸੀਨੀਅਰ ਆਗੂਆਂ ਨੇ ਆਪੋ ਆਪਣੇ ਧੜੇ ਬਣਾ ਲਏ ਹਨ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੂਰੀ ਤਰ੍ਹਾਂ ਪ੍ਰਭਾਵਹੀਣ ਹੋ ਗਏ ਹਨ। ਉਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਗੁਰਦਾਸਪੁਰ ਫੇਰੀ ਦੌਰਾਨ ਕਹੇ।

ਅੱਜ ਇਥੇ ਸੀਨੀਅਰ ਆਗੂ ਗੁਰਬਚਨ ਸਿੰਘ ਬੱਬੇਹਾਲੀ ਦੇ ਨਾਲ ਕਈ ਪ੍ਰੋਗਰਾਮਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਰੰਧਾਵਾ ਗਰੁੱਪ, ਤ੍ਰਿਪਤ ਰਾਜਿੰਦਰ ਬਾਜਵਾ ਗਰੁੱਪ, ਸੁਨੀਲ ਜਾਖੜ ਗਰੁੱਪ ਤੇ ਚਰਨਜੀਤ ਚੰਨੀ ਗਰੁੱਪ ਵਿਚ ਵੰਡੀ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਸਭ ਤੋਂ ਉਪਰੰਤ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਗਰੁੱਪ ਹੈ ਜਿਸਨੂੰ ਕੋਈ ਵੀ ਆਪਣਾ ਬੌਸ ਮੰਨਣ ਲਈ ਤਿਆਰ ਨਹੀਂ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਸਰਕਾਰ ਚਲ ਨਹੀਂ ਸਕਦੀ ਤੇ ਇਸੇ ਲਈ ਮੁੱਖ ਮੰਤਰੀ ਸਿਰਫ ਐਲਾਨ ਕਰਨ ਤੱਕ ਸੀਮਤ ਰਹਿ ਗਏ ਹਨ ਤੇ ਕਿਸੇ ਵੀ ਰਾਹਤ ਲਈ ਲੋਕਾਂ ਨੁੰ ਇਕ ਵੀ ਰੁਪਿਆ ਜਾਰੀ ਨਹੀਂ ਕੀਤਾ ਗਿਆ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਾਬ ਕਾਂਗਰਸ ਅਤੇ ਇਸਦੇ ਮੁੱਖ ਮੰਤਰੀ ਹੋਰ ਜ਼ਿਆਦਾ ਦੇਰ ਤੱਕ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ 15000 ਕਰੋੜ ਰੁਪਏ ਦੇ ਵਾਅਦੇ ਲੋਕਾਂ ਨਾਲ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ 8 ਹਜ਼ਾਰ ਕਰੋੜ ਰੁਪਏ ਦਾ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਬਕਾਇਆ ਖੇਤੀਬਾੜੀ ਸਬਸਿਡੀ ਦੇ 4500 ਕਰੋੜ ਰੁਪਏ ਅਤੇ ਸਰਕਾਰੀ ਅਦਾਰਿਆਂ ਦੇ ਬਿਜਲੀ ਬਿੱਲਾਂ ਦੇ 2500 ਕਰੋੜ ਰੁਪਏ ਦੇਣੇ ਹਨ। ਉਹਨਾਂ ਕਿਹਾ ਕਿ ਸ਼ਹਿਰੀ ਤੇ ਦਿਹਾਤੀ ਇਲਾਕਿਆਂ ਦੇ ਪਾਣੀ ਦੇ ਬਕਾਏ ਮੁਆਫ ਕਰਨ ਲਈ 1868 ਕਰੋੜ ਰੁਪਏ ਚਾਹੀਦੇ ਹਨ ਜਦਕਿ ਪਾਣੀ ਦੇ ਬਿੱਲਾਂ ਦੀ ਰਾਸ਼ਟਰੀ 50 ਰੁਪਏ ਪ੍ਰਤੀ ਕੁਨੈਕਸ਼ਨ ਤੱਕ ਸੀਮਤ ਕਰਨ ਲਈ 440 ਕਰੋੜ ਰੁਪਏ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਦੋ ਕਿਲੋਵਾਟ ਤੱਕ ਦੇ ਖਪਤਕਾਰਾਂ ਦੇ ਬਿਜਲੀ ਬਕਾਏ ਮੁਆਫ ਕਰਨ ਵਾਸਤੇ 1505 ਕਰੋੜ ਰੁਪਏ ਚਾਹੀਦੇ ਹਨ ਅਤੇ ਐਸ ਸੀ ਤੇ ਬੀ ਸੀ ਵਰਗ ਦੀ ਸਬਸਿਡੀ ਵਧਾਉਣ ਸਮੇਤ ਕੀਤੇ ਹੋਰ ਵਾਅਦਿਆਂ ਵਾਸਤੇ ਕੁਝ ਹਜ਼ਾਰ ਕਰੋੜ ਰੁਪਏ ਹੋਰ ਚਾਹੀਦੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਐਸ ਸੀ ਸਕਾਲਰਸ਼ਿਪ ਦਾ ਬੈਕਲਾਗ ਕਲੀਅਰ ਕਰਨ ਵਾਸਤੇ 2400 ਕਰੋੜ ਰੁਪਏ ਚਾਹੀਦੇ ਹਨ ਜਦਕਿ ਇਸਨੇ ਹਾਲੇ ਬੇਜ਼ਮੀਨੇ ਕਿਸਾਨਾਂ ਦੇ 550 ਕਰੋੜ ਰੁਪਏ ਦੇਣੇ ਹਨ।

ਸਰਦਾਰ ਬਾਦਲ ਨੇ ਕਿਹਾ ਕਿ ਜਿਹੜੇ ਕਿਸਾਨਾਂ ਦਾ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨਰਮੇ ਦਾ ਨੁਕਸਾਨ ਹੋਇਆ ਤੇ ਜਿਹਨਾਂ ਦਾ ਸਤੰਬਰ ਵਿਚ ਭਾਰੀ ਬਰਸਾਤਾਂ ਨਾਲ ਤੇ ਫਿਰ ਕੁਝ ਦਿਨ ਪਹਿਲਾਂ ਫਿਰ ਭਾਰੀ ਬਰਸਾਤਾਂ ਨਾਲ ਨੁਕਸਾਨ ਹੋਇਆ, ਉਹ ਸਾਰੇ ਫਸਲੀ ਨੁਕਸਾਨ ਦਾ ਮੁਆਵਜ਼ਾ ਉਡੀਕ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਇਹ ਦਾਅਵਾ ਕੀਤਾ ਸੀ ਕਿ ਜਿਹੜੇ ਕਿਸਾਨਾਂ ਦੀ ਨਰਮੇ ਦੀ ਫਸਲ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨੁਕਸਾਨੀ ਗਈ ਹੈ, ਉਹਨਾਂ ਨੁੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਪਰ ਹਾਲੇ ਤੱਕ ਇਕ ਵੀ ਕਿਸਾਨ ਨੁੰ ਇਕ ਧੇਲਾ ਵੀ ਨਹੀਂ ਮਿਲਿਆ।

ਬਾਅਦ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਵਕੀਲਾਂ ਦਾ ਵਿਕਾਸ ਬੋਰਡ ਬਣਾ ਕੇ ਲੀਗਲ ਭਾਈਚਾਰੇ ਵਾਸਤੇ ਬੁਨਿਆਦੀ ਸਹੂਲਤਾਂ ਤੇ ਭਲਾਈ ਵਾਸਤੇ ਕੰਮਾਂ ਵਿਚ ਤੇਜ਼ੀ ਲਿਆਵੇਗੀ। ਉਹਨਾਂ ਕਿਹਾ ਕਿ ਅਕਾਲੀ ਦਲ ਵਕੀਲਾਂ ਦੀ ਭਲਾਈ ਵਾਸਤੇ ਦਿ੍ਹੜ੍ਹ ਸੰਕਲਪ ਹੈ ਤੇ ਉਹ ਪਹਿਲਾਂ ਵਾਂਗ ਉਹਨਾਂ ਦੇ ਚੈਂਬਰ ਬਣਾਉਣ ਸਮੇਤ ਹੋਰ ਸਾਰੀਆਂ ਮੰਗਾਂ ਪੂਰੀਆਂ ਕਰੇਗਾ।

ਇਸ ਤੋਂ ਪਹਿਲਾਂ ਯੁਥ ਅਕਾਲੀ ਦਲ ਤੇ ਐਸ ਓ ਆਈ ਦੇ ਵਾਲੰਟੀਅਰਾਂ ਨੇ ਪਾਰਟੀ ਪ੍ਰਧਾਨ ਦਾ ਨਿੱਘਾ ਸਵਾਗਤ ਕੀਤਾ। ਸੈਂਕੜੇ ਮੋਟਰ ਸਾਈਕਲਾਂ ਦੀ ਅਗਵਾਈ ਕਰਦਿਆਂ ਸਰਦਾਰ ਬਾਦਲ ਨੇ ਗੁਰਦਾਸਪੁਰ ਸ਼ਹਿਰ ਵਿਚ ਵੱਡਾ ਰੋਡ ਸ਼ੌਅ ਕੱਢਿਆ। ਇਸ ਮੌਕੇ ਪਾਰਟੀ ਦੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੁੰ ਨਾਲ ਲੈ ਕੇ ਪਾਰਟੀ ਪ੍ਰਧਾਨ ਸ਼ਹਿਰ ਦੇ ਬਜ਼ਾਰਾਂ ਵਿਚੋਂ ਲੰਘੇ ਜਿਸ ਦੌਰਾਨ ਦੁਕਾਨਦਾਰਾਂ ਨੇ ਉਹਨਾਂ ’ਤੇ ਫੁੱਲਾਂ ਦੀ ਵਰਖਾ ਕੀਤੀ। ਮਾਰਕੀਟ ਵਿਚ ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਨੇ ਕੁਝ ਲੋਕਲ ਖਾਣਿਆਂ ਦਾ ਸੁਆਦ ਵੀ ਚੱਖਿਆ।

ਦਿਨ ਭਰ ਲੰਬੇ ਦੌਰੇ ਦੌਰਾਨ ਪਾਰਟੀ ਪ੍ਰਧਾਨ ਨੇ ਚਰਚ ਆਫ ਨਾਰਥ ਇੰਡੀਆ ਵਿਖੇ ਮੱਥਾ ਵੀ ਟੇਕਿਆ ਅਤੇ ਇਸਾਈ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ ਜਿਸ ਦੌਰਾਨ ਉਹਨਾਂ ਨੇ ਭਰੋਸਾ ਦੁਆਇਆ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਇਸਾਈ ਭਾਈਚਾਰੇ ਦੀ ਭਲਾਈ ਵਾਸਤੇ ਬੋਰਡ ਦਾ ਗਠਨ ਕੀਤਾ ਜਾਵੇਗਾ। ਉਹਨਾਂ ਨੇ ਸ਼ਿਵਾਲਾ ਮੰਦਿਰ ਅਤੇ ਮਾਰਕੀਟ ਵਿਚਲੇ ਗੁਰਦੁਆਰਾ ਸਾਹਿਬ ਵਿਖੇ ਵੀ ਮੱਥਾ ਟੇਕਿਆ।

ਬਾਅਦ ਵਿਚ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਜੇ ਪੀ ਭਗਤ ਦੀ ਅਗਵਾਈ ਹੇਠ ਇਕੱਤਰ ਹੋਏ ਬਸਪਾ ਵਰਕਰਾਂ ਤੇ ਮਹਿਲਾਵਾਂ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਉਹਨਾਂ ਨੇ ਭਰੋਸਾ ਦੁਆਇਆ ਕਿ ਸਰਕਾਰ ਬਣਨ ’ਤੇ ਵਪਾਰੀਆਂ ਦੀ ਭਲਾਈ ਵਾਸਤੇ ਬੋਰਡ ਬਣਾਇਆ ਜਾਵੇਗਾ ਤੇ ਅਗਜ਼ਨੀ ਦੀਆਂ ਘਟਨਾਵਾਂ ਤੋਂ ਰਾਖੀ ਵਾਸਤੇ ਬੀਮਾ ਵੀ ਪ੍ਰਦਾਨ ਕੀਤਾ ਜਾਵੇਗਾ।

Written By
The Punjab Wire