ਲੋਕ, ਮਿਲੀਆਂ ਸੇਵਾਵਾਂ ਤੋਂ ਸੰਤੁਸ਼ਟ ਹਨ ਜਾਂ ਨਹੀਂ ਲਈ ਜਾਵੇਗੀ ਫੀਡਬੈਕ
ਡਿਪਟੀ ਕਮਿਸ਼ਨਰ ਵਲੋਂ ਰੈਵਨਿਊ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦਿੱਤੇ ਗਏ ਸਖ਼ਤ ਦਿਸ਼ਾ-ਨਿਰਦੇਸ਼
ਗੁਰਦਾਸਪੁਰ, 18 ਅਕਤੂਬਰ ( ਮੰਨਣ ਸੈਣੀ)। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਅਤੇ ਸਰਕਾਰੀ ਦਫ਼ਤਰਾਂ ਵਿਚ ਲੋਕਾਂ ਨੂੰ ਸੇਵਾਵਾਂ ਦੇਣ ਵਿਚ ਕੋਈ ਢਿੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਡਿਪਟੀ ਕਮਿਸ਼ਨਰ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਰੈਵਨਿਊ ਅਧਿਕਾਰੀਆਂ ਨਾਲ ਮੀਟਿਂਗ ਕਰਦਿਆਂ ਸਪੱਸ਼ਟ ਸਬਦਾਂ ਵਿਚ ਸਰਕਾਰੀ ਦਫਤਰਾਂ ਵਿਚ ਭ੍ਰਿਸ਼ਟਾਚਾਰ, ਅਨੁਸ਼ਾਸਨ ਅਤੇ ਕੰਮ ਕਰਨ ਵਿਚ ਬੇਲੋੜੀ ਦੇਰੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ) ਵੀ ਮੋਜੂਦ ਸਨ।
ਮਾਣਯੋਗ ਮੁੱਖ ਮੰਤਰੀ ਪੰਜਾਬ, ਸ੍ਰੀ ਚਰਨਜੀਤ ਸਿੰਘ ਚੰਨੀ ਵਲੋਂ ਦਿੱਤੇ ਗਏ ਸਖ਼ਤ ਆਦੇਸ਼ ਕਿ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨੇ ਪਵੇ, ਨੂੰ ਅਮਲੀ ਜਾਮਾ ਦੇਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲਦ ਹੀ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਫੀਡਬੈਕ ਲੈਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਲੋਕਾਂ ਨੂੰ ਸੇਵਾਵਾਂ ਹਾਸਲ ਕਰਨ ਵਿਚ ਕੋਈ ਮੁਸ਼ਕਿਲ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਦਾ ਮੁੱਖ ਮਕਸਦ ਲੋਕਾਂ ਨੂੰ ਪਾਰਦਰਸ਼ੀ, ਸੁਚਾਰੂ ਤੇ ਬਿਹਤਰ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਉਣਾ ਹੈ।
ਮੀਟਿਂਗ ਦੌਰਾਨ ਡਿਪਟੀ ਕਮਿਸ਼ਨਰ ਨੇ ਰੈਵਨਿਊ ਅਧਿਕਾਰੀਆਂ ਨੂੰ ਕਿਹਾ ਕਿ ਜੋ ਇੰਤਕਾਲ ਪੈਡਿੰਗ ਪਏ ਹਨ, ਉਨਾਂ ਨੂੰ ਇਕ ਹਫਤੇ ਦੇ ਅੰਦਰ-ਅੰਦਰ ਕਲੀਅਰ ਕੀਤਾ ਜਾਵੇ।
ਇਸ ਮੌਕੇ ਸ੍ਰੀ ਹਰਪ੍ਰੀਤ ਸਿੰਘ ਐਸ.ਡੀ.ਐਮ ਡੇਰਾ ਬਾਬਾ ਨਾਨਕ, ਸ੍ਰੀਮਤੀ ਅਨਾਇਤ ਐਸ.ਡੀ.ਐਮ ਦੀਨਾਨਗਰ, ਸ੍ਰੀਮਤੀ ਐਸ ਭੰਡਾਰੀ, ਅਰਵਿੰਦ ਸਲਵਾਨ ਤਹਿਸੀਲਦਾਰ ਗੁਰਦਾਸਪੁਰ, ਨਵਕਿਰਤ ਸਿੰਘ ਤੇ ਸੁਖਵਿੰਦਰ ਸਿੰਘ, ਤਰਸੇਮ ਲਾਲ (ਨਾਇਬ ਤਹਿਸੀਲਦਾਰ) ਸਮੇਤ ਸਮੂਹ ਰੈਵਨਿਊ ਵਿਭਾਗ ਦੇ ਅਧਿਕਾਰੀ ਮੋਜੂਦ ਸਨ।