ਬਟਾਲਾ, 14 ਅਕਤੂਬਰ ( ਮੰਨਣ ਸੈਣੀ)। ਸੀਨੀਅਰ ਆਗੂ ਸ੍ਰੀ ਕਸਤੂਰੀ ਲਾਲ ਸੇਠ ਨੇ ਅੱਜ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਹਾਜ਼ਰੀ ਵਿੱਚ ਇੱਕ ਵਾਰ ਫਿਰ ਨਗਰ ਸੁਧਾਰ ਟਰੱਸਟ ਬਟਾਲਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਸ੍ਰੀ ਕਸਤੂਰੀ ਲਾਲ ਸੇਠ ਨੂੰ ਚੇਅਰਮੈਨ ਦੀ ਕੁਰਸੀ ਉੱਪਰ ਬਿਠਾਉਣ ਮੌਕੇ ਸ. ਰੰਧਾਵਾ ਤੇ ਸ. ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਮਿਹਨਤੀ ਵਰਕਰ ਨੂੰ ਮਾਣ ਦਿੱਤਾ ਹੈ ਜਿਸ ਤੋਂ ਸਮੂਹ ਵਰਕਰ ਖੁਸ਼ ਹਨ। ਉਨ੍ਹਾਂ ਕਿਹਾ ਕਿ ਸ੍ਰੀ ਕਸਤੂਰੀ ਲਾਲ ਸੇਠ ਨੇ ਆਪਣੀ ਸਾਰੀ ਜ਼ਿੰਦਗੀ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਵਿੱਚ ਲਗਾ ਦਿੱਤੀ ਅਤੇ ਪੂਰੀ ਨਿਸ਼ਕਾਮ ਭਾਵਨਾ ਨਾਲ ਪਾਰਟੀ ਤੇ ਸਮਾਜ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਨ ਅਤੇ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਸ੍ਰੀ ਕਸਤੂਰੀ ਲਾਲ ਸੇਠ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਚੇਅਰਮੈਨ ਦੇ ਅਹੁਦੇ ਨਾਲ ਨਿਵਾਜਿਆ ਹੈ।
ਅਹੁਦਾ ਸੰਭਾਲਣ ਮੌਕੇ ਚੇਅਰਮੈਨ ਸ੍ਰੀ ਕਸਤੂਰੀ ਲਾਲ ਸੇਠ ਨੇ ਕਿਹਾ ਕਿ ਇਹ ਮਾਣ ਦੇਣ ਲਈ ਉਹ ਸਦਾ ਪਾਰਟੀ ਹਾਈਕਮਾਨ, ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਰਿਣੀ ਰਹਿਣਗੇ। ਸ੍ਰੀ ਸੇਠ ਨੇ ਕਿਹਾ ਕਿ ਉਹ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਬਟਾਲਾ ਸ਼ਹਿਰ ਦੇ ਸੁਧਾਰ ਲਈ ਟਰੱਸਟ ਵੱਲੋਂ ਜੋ ਵੀ ਸੰਭਵ ਹੋਇਆ ਉਹ ਕੀਤਾ ਜਾਵੇਗਾ।
ਚੇਅਰਮੈਨ ਸ੍ਰੀ ਕਸਤੂਰੀ ਲਾਲ ਸੇਠ ਦੇ ਅਹੁਦਾ ਸੰਭਾਲਣ ਮੌਕੇ ਮੇਅਰ ਸ. ਸੁਖਦੀਪ ਸਿੰਘ ਤੇਜਾ, ਡਿਪਟੀ ਮੇਅਰ ਸ੍ਰੀਮਤੀ ਚੰਦਰਕਾਂਤਾ, ਕੌਂਸਲਰ ਸੰਜੀਵ ਸ਼ਰਮਾਂ, ਸੁਖਦੇਵ ਸਿੰਘ ਬਾਜਵਾ, ਹਰਨੇਕ ਸਿੰਘ ਨੇਕੀ, ਕਸਤੂਰੀ ਲਾਲ ਕਾਲਾ, ਗੁਰਪ੍ਰੀਤ ਸਿੰਘ ਸ਼ਾਨਾ, ਗੌਤਮ ਸੇਠ ਗੁੱਡੂ, ਰਾਜਾ ਗੁਰਬਖਸ਼ ਸਿੰਘ, ਦਵਿੰਦਰ ਸਿੰਘ, ਰਮੇਸ਼ ਵਰਮਾਂ, ਰਮੇਸ਼ ਬੂਰਾ, ਪਹਿਲਵਾਨ ਮੁਖਤਾਰ ਸਿੰਘ ਪੱਪੂ ਅਤੇ ਹੋਰ ਵੀ ਮੋਹਤਬਰ ਹਾਜ਼ਰ ਸਨ।