ਗੁਰਦਾਸਪੁਰ, 13 ਅਕਤੂਬਰ। ਤਿੰਨ ਦਿਨ ਪਹਿਲਾਂ ਦੁਬਈ ਤੋਂ ਆਏ ਪਿੰਡ ਭੁਲੇਚੱਕ ਦੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ । ਮ੍ਰਿਤਕ ਦੀ ਪਛਾਣ 29 ਸਾਲਾ ਰਘੁਬੀਰ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਪਿੰਡ ਦੇ ਕੁਝ ਨੌਜਵਾਨਾਂ ਨੇ ਉਸ ਤੋਂ ਪੈਸੇ ਖੋਹਣ ਦੌਰਾਨ ਕੀਤਾ ਹੈ।ਉਹਨਾਂ ਦੱਸਿਆ ਕਿ ਰਘੁਬੀਰ ਪਿੰਡ ਦੇ ਇੱਕ ਖੇਤ ਵਿੱਚ ਜ਼ਖਮੀ ਪਾਇਆ ਗਿਆ ਸੀ। ਜਿਸਦੇ ਬਾਅਦ ਉਸਨੂੰ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਮ੍ਰਿਤਕ ਦੀ ਮਾਂ ਸਤਵਿੰਦਰ ਕੌਰ ਅਤੇ ਭਰਾ ਦਲਬੀਰ ਸਿੰਘ ਨੇ ਦੱਸਿਆ ਕਿ ਰਘਬੀਰ ਸਿੰਘ ਦੁਬਈ ਵਿੱਚ ਕੰਮ ਕਰਦਾ ਸੀ ਅਤੇ ਤਿੰਨ ਦਿਨ ਪਹਿਲਾਂ ਘਰ ਪਰਤਿਆ ਸੀ। 11 ਅਕਤੂਬਰ ਨੂੰ ਉਹ ਆਪਣੇ ਦੋਸਤਾਂ ਨਾਲ ਸੈਰ ਕਰਨ ਗਿਆ ਸੀ। ਪਰ 12 ਅਕਤੂਬਰ ਦੀ ਸਵੇਰ ਨੂੰ ਕਿਸੇ ਨੇ ਉਸਨੂੰ ਕਿਹਾ ਕਿ ਤੁਹਾਡਾ ਬੇਟਾ ਪਿੰਡ ਦੇ ਖੇਡ ਮੈਦਾਨ ਵਿੱਚ ਬੇਹੋਸ਼ ਪਿਆ ਸੀ। ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਿਸਦੇ ਬਾਅਦ ਉਹ ਉਸਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਉਸਦੀ ਮੌਤ ਹੋ ਗਈ। ਇਲਜ਼ਾਮ ਲਗਾਉਂਦਿਆ ਪਰਿਵਾਰ ਨੇ ਕਿਹਾ ਕਿ ਪਿੰਡ ਦੇ ਕੁਝ ਨੌਜਵਾਨਾਂ ਨੇ ਉਸਦੇ ਬੇਟੇ ਦੀ ਹੱਤਿਆ ਕਰ ਦਿੱਤੀ ਹੈ ਕਿਉਂਕਿ ਉਸ ਕੋਲ ਵਿਦੇਸ਼ੀ ਕਰੰਸੀ ਅਤੇ ਸੋਨਾ ਸੀ ਅਤੇ ਦੋਸ਼ੀਆਂ ਨੇ ਉਸ ਤੋਂ ਪੈਸੇ ਚੋਰੀ ਕਰਨ ਦੇ ਲਈ ਉਸਦੀ ਹੱਤਿਆ ਕੀਤੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਥਾਣਾ ਤਿੱਬੜ ਦੇ ਐਸਐਚਓ ਹਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਦੇ ਪੁੱਤਰ ਰਘਬੀਰ ਸਿੰਘ, ਜੋ ਤਿੰਨ ਦਿਨ ਪਹਿਲਾਂ ਵਿਦੇਸ਼ ਤੋਂ ਪਰਤੇ ਸਨ, ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਪਿੰਡ ਦੇ ਕੁਝ ਨੌਜਵਾਨਾਂ ਨੇ ਹੱਤਿਆ ਕੀਤੀ ਹੈ। ਇਸ ਸੰਬੰਧੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਦੀ ਪਛਾਣ ਕਰ ਉਹਨਾਂ ਉਪਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਉਨ੍ਹਾਂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਜਾਵੇਗਾ। ਫਿਲਹਾਲ ਪੁਲਿਸ ਵੱਲੋ ਧਾਰਾ 174 ਤੇ ਤਹਿਤ ਮਾਮਲਾ ਦਰਜ ਕਿਤਾ ਗਿਆ ਹੈ।