ਜ਼ਿਲ੍ਹੇ ਦੇ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੇ ਕਰਵਾਏ ਦਰਸ਼ਨ
ਬਟਾਲਾ, 19 ਸਤੰਬਰ ( ਮੰਨਨ ਸੈਣੀ ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਜ਼ਿਲ੍ਹੇ ਵਿੱਚ ਟੂਰਿਜ਼ਮ ਨੂੰ ਉਤਸ਼ਾਹਤ ਕਰਨ ਦੇ ਉਪਰਾਲੇ ਤਹਿਤ ਹਰ ਹਫਤੇ ਚਲਾਈ ਰਹੀ ਇੱਕ ਰੋਜ਼ਾ ਮੁਫ਼ਤ ਬੱਸ ਯਾਤਰਾ ਨੂੰ ਜ਼ਿਲ੍ਹਾ ਵਾਸੀਆਂ ਵੱਲੋਂ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਬਟਾਲਾ ਤੋਂ ਚੱਲੀ ਇਸ ਯਾਤਰਾ ਵਿੱਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜੈਤੋਸਰਜਾ ਦੇ ਵਿਦਿਆਰਥੀਆਂ ਅਤੇ ਬਟਾਲਾ ਸ਼ਹਿਰ ਦੇ ਵਸਨੀਕਾਂ ਨੇ ਭਾਗ ਲਿਆ।
ਇਸ ਮੁਫ਼ਤ ਬੱਸ ਯਾਤਰਾ ਰਾਹੀਂ ਯਾਤਰੂਆਂ ਨੇ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ, ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ, ਕਾਹਨੂੰਵਾਨ, ਸ੍ਰੀ ਹਰਗੋਬਿੰਦਪੁਰ ਵਿਖੇ ਗੁਰੂ ਕੀ ਮਸੀਤ, ਲਾਹੌਰੀ ਦਰਵਾਜ਼ਾ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਪਿੰਡ ਕਿਸ਼ਨਕੋਟ ਵਿਖੇ ਰਾਧਾ ਕ੍ਰਿਸ਼ਨ ਮੰਦਰ, ਘੁਮਾਣ ਵਿਖੇ ਸ੍ਰੀ ਨਾਮਦੇਵ ਦਰਬਾਰ, ਮਸਾਣੀਆਂ ਵਿਖੇ ਹਜ਼ਰਤ ਬਦਰ ਸ਼ਾਹ ਦੀਵਾਨ ਦੀ ਮਜ਼ਾਰ ਅਤੇ ਸ੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਦਰਸ਼ਨ ਕੀਤੇ।
ਇਸ ਮੌਕੇ ਬਟਾਲਾ ਨਿਵਾਸੀ ਰਵਿੰਦਰ ਸਿੰਘ ਨੇ ਕਿਹਾ ਕਿ ਇਹ ਯਾਤਰਾ ਸੱਚਮੁੱਚ ਹੀ ਇੱਕ ਯਾਦਗਾਰ ਦਿਨ ਸੀ। ਉਨ੍ਹਾਂ ਕਿਹਾ ਕਿ ਆਪਣੇ ਜ਼ਿਲ੍ਹੇ ਦੇ ਇਨ੍ਹਾਂ ਸਥਾਨਾਂ ਬਾਰੇ ਉਸਨੇ ਸੁਣਿਆ ਤਾਂ ਬਹੁਤ ਸੀ ਪਰ ਕਦੀ ਦਰਸ਼ਨ ਨਹੀਂ ਸਨ ਕੀਤੇ। ਅੱਜ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਦੇ ਸਹਿਯੋਗ ਨਾਲ ਉਸਨੂੰ ਇਨ੍ਹਾਂ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੈਰੀਟੇਜ਼ ਸੁਸਾਇਟੀ ਦਾ ਇਹ ਉਪਰਾਲਾ ਬਹੁਤ ਵਧੀਆ ਹੈ ਅਤੇ ਲੋਕਾਂ ਨੂੰ ਵੀ ਵੱਧ ਤੋਂ ਵੱਧ ਇਸ ਯਾਤਰਾ ਵਿੱਚ ਭਾਗ ਲੈਣਾ ਚਾਹੀਦਾ ਹੈ। ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜੈਤੋਸਰਜਾ ਦੇ ਵਿਦਿਆਰਥੀ ਅਜੇ ਕੁਮਾਰ ਅਤੇ ਅਮਰ ਸਿੰਘ ਨੇ ਕਿਹਾ ਕਿ ਇਸ ਟੂਰ ਰਾਹੀਂ ਉਨ੍ਹਾਂ ਨੂੰ ਬਹੁਤ ਕੁਝ ਜਾਨਣ ਤੇ ਸਿੱਖਣ ਨੂੰ ਮਿਲਿਆ ਹੈ। ਅਜੇ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਇਤਿਹਾਸ ਦੀ ਕਿਤਾਬ ਵਿੱਚ ਛੋਟੇ ਘੱਲੂਘਾਰੇ ਦਾ ਜ਼ਿਕਰ ਹੈ ਅਤੇ ਅੱਜ ਉਸਨੇ ਸ਼ਹੀਦਾਂ ਦੀ ਉਸ ਧਰਤੀ ਦੇ ਦਰਸ਼ਨ ਕੀਤੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਅੱਜ ਦੀ ਇਹ ਯਾਤਰਾ ਉਨ੍ਹਾਂ ਲਈ ਜ਼ਿੰਦਗੀ ਭਰ ਯਾਦਗਾਰ ਰਹੇਗੀ। ਇਸ ਮੌਕੇ ਯਾਤਰੂਆਂ ਨੂੰ ਸਾਰੇ ਅਸਥਾਨਾਂ ਦੀ ਜਾਣਕਾਰੀ ਗਾਈਡ ਹਰਬਖਸ਼ ਸਿੰਘ ਅਤੇ ਹਰਪ੍ਰੀਤ ਸਿੰਘ ਵੱਲੋਂ ਦਿੱਤੀ ਗਈ।