ਗੁਰਦਾਸਪੁਰ ਪੰਜਾਬ

ਜਗਵਿੰਦਰਜੀਤ ਸਿੰਘ ਗਰੇਵਾਲ ਨੇ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ,ਬਟਾਲਾ ਸ਼ਹਿਰ ਦੀ ਕਾਇਆ ਕਲਪ ਕਰਨ ਸ਼ਹਿਰ ਵਾਸੀਆਂ ਕੋਲੋਂ 100 ਦਿਨਾਂ ਦਾ ਸਮਾਂ ਮੰਗਿਆ

ਜਗਵਿੰਦਰਜੀਤ ਸਿੰਘ ਗਰੇਵਾਲ ਨੇ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ,ਬਟਾਲਾ ਸ਼ਹਿਰ ਦੀ ਕਾਇਆ ਕਲਪ ਕਰਨ ਸ਼ਹਿਰ ਵਾਸੀਆਂ ਕੋਲੋਂ 100 ਦਿਨਾਂ ਦਾ ਸਮਾਂ ਮੰਗਿਆ
  • PublishedSeptember 8, 2021

ਬਟਾਲਾ, 8 ਸਤੰਬਰ ( ਮੰਨਣ ਸੈਣੀ ) – ਪੀ.ਸੀ.ਐੱਸ. ਅਧਿਕਾਰੀ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਅੱਜ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨਿਗਮ ਦੇ ਅਧਿਕਾਰੀਆਂ ਤੇ ਸਟਾਫ ਨਾਲ ਮੀਟਿੰਗ ਕੀਤੀ ਅਤੇ ਬਟਾਲਾ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਲਈ।

ਕਮਿਸ਼ਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਬਟਾਲਾ ਵਾਸੀਆਂ ਕੋਲੋਂ 100 ਦਿਨਾਂ ਦਾ ਸਮਾਂ ਮੰਗਦਿਆਂ ਕਿਹਾ ਹੈ ਕਿ ਇਸ ਅਰਸੇ ਦੌਰਾਨ ਬਟਾਲਾ ਸ਼ਹਿਰ ਦੀ ਕਾਇਆ ਕਲਪ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 100 ਦਿਨਾਂ ਦੇ ਅੰਦਰ-ਅੰਦਰ ਸੜਕਾਂ, ਗਲੀਆਂ, ਸੀਵਰੇਜ, ਵਾਟਰ ਸਪਲਾਈ ਦੇ ਪ੍ਰੋਜੈਕਟ ਪੂਰੇ ਕੀਤੇ ਜਾਣਗੇ ਅਤੇ ਪੂਰੇ ਬਟਾਲਾ ਸ਼ਹਿਰ ਨੂੰ ਡਰੀਮ ਸਿਟੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਦਾ ਇੱਕ ਰੋਡ ਮੈਪ ਬਣਾਇਆ ਜਾਵੇਗਾ ਅਤੇ ਸ਼ਹਿਰ ਦੀਆਂ ਜੋ-ਜੋ ਵੀ ਜ਼ਰੂਰਤਾਂ ਹਨ ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ।

ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਭਾਵੇਂ ਮੈਂ ਕਮਿਸ਼ਨਰ ਦਾ ਅਹੁਦਾ ਅੱਜ ਸੰਭਾਲਿਆ ਹੈ ਪਰ ਨਗਰ ਨਿਗਮ ਬਟਾਲਾ ਵੱਲੋਂ ਉਹ ਕੱਲ੍ਹ ਤੋਂ ਹੀ ਉੱਚ ਪੱਧਰੀ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਟਾਲਾ ਸ਼ਹਿਰ ਦੇ ਵਿਕਾਸ ਲਈ 10 ਕਰੋੜ ਰੁਪਏ ਦੀ ਰੁਕੀ ਹੋਈ ਰਾਸ਼ੀ ਮੁੜ ਸੈਂਕਸ਼ਨ ਹੋ ਗਈ ਹੈ ਅਤੇ ਜਲਦੀ ਹੀ ਇਹ ਰਾਸ਼ੀ ਬਟਾਲਾ ਸ਼ਹਿਰ ਨੂੰ ਮਿਲ ਜਾਵੇਗੀ। ਸ. ਗਰੇਵਾਲ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਦੇ ਨਾਲ-ਨਾਲ ਇਸਨੂੰ ਸੈਰ-ਸਪਾਟੇ ਵਜੋਂ ਵੀ ਵਿਕਸਤ ਕੀਤਾ ਜਾਵੇਗਾ ਅਤੇ ਇਸ ਪ੍ਰੋਜੈਕਟ ਲਈ ਸਵਾ ਕਰੋੜ ਰੁਪਏ ਪੰਜਾਬ ਸਰਕਾਰ ਅਤੇ ਏਨੀ ਹੀ ਰਕਮ ਕੇਂਦਰ ਸਰਕਾਰ ਵੱਲੋਂ ਖਰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਇਤਿਹਾਸਕ ਬਾਰਾਂਦਰੀ ਤਲਾਬ ਵਿੱਚ ਪਾਣੀ ਭਰਕੇ ਇਸਨੂੰ ਟੂਰਿਸਟ ਸਪਾਟ ਵਜੋਂ ਵਿਕਸਤ ਕੀਤਾ ਜਾਵੇਗਾ।

ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਬਟਾਲਾ ਸ਼ਹਿਰ ਨੂੰ ਸਫ਼ਾਈ ਪੱਖੋਂ ਵੀ ਖੂਬਸੂਰਤ ਸ਼ਹਿਰ ਬਣਾਇਆ ਜਾਵੇਗਾ ਅਤੇ ਸਫ਼ਾਈ ਵਿਵਸਥਾ ਵਿੱਚ ਕਿਸੇ ਤਰਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਆਪਣੇ ਸ਼ਹਿਰ ਦੀ ਬੇਹਤਰੀ ਲਈ ਪੂਰੀ ਸਮਰਪਣ ਭਾਵਨਾ ਨਾਲ ਸੇਵਾ ਕਰਨ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਨਗਰ ਨਿਗਮ ਨਾਲ ਸਬੰਧਤ ਕਿਸੇ ਵੀ ਤਰਾਂ ਦੀ ਮੁਸ਼ਕਲ ਹੋਵੇ ਤਾਂ ਉਹ ਉਨ੍ਹਾਂ ਨਾਲ ਜਦੋਂ ਮਰਜੀ ਸੰਪਰਕ ਕਰ ਸਕਦੇ ਹਨ।  

Written By
The Punjab Wire