ਹੋਰ ਗੁਰਦਾਸਪੁਰ ਪੰਜਾਬ

ਆਮ ਆਦਮੀ ਪਾਰਟੀ ਸਬੰਧੀ ਸਰਵੇ ਰਿਪੋਰਟ ਝੂਠ ਦਾ ਪੁਲੰਦਾ- ਬੱਬੇਹਾਲੀ

ਆਮ ਆਦਮੀ ਪਾਰਟੀ ਸਬੰਧੀ ਸਰਵੇ ਰਿਪੋਰਟ ਝੂਠ ਦਾ ਪੁਲੰਦਾ- ਬੱਬੇਹਾਲੀ
  • PublishedSeptember 5, 2021

ਗੁਰਦਾਸਪੁਰ, 5 ਸਤੰਬਰ। ਪੰਜਾਬ ਵਿੱਚ ਆਂਉਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਇੱਕ ਮਾਤਰ ਵੱਡੀ ਪਾਰਟੀ ਵੱਜੋਂ ਉਭਾਰਣ ਸਬੰਧੀ ਏਬੀਪੀ- ਸੀ.ਵੋਟਰ ਏਜੰਸੀ ਵੱਲੋਂ ਦਿੱਤੀ ਗਈ ਸਰਵੇ ਰਿਪੋਰਟ ਬੇਹੱਦ ਗੁਮਰਾਹਕੁਨ ਹੈ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਸ ਏਜੰਸੀ ਵੱਲੋਂ ਦਿੱਤੀ ਗਿਆ ਓਪੀਨਿਅਨ ਪੋਲ ਬੁਰੀ ਤਰ੍ਹਾਂ ਫਲਾਪ ਸਾਬਿਤ ਹੋਇਆ ਸੀ । ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਕਹੀ।

ਸਰਦਾਰ ਬੱਬੇਹਾਲੀ ਨੇ ਕਿਹਾ ਕਿ ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸੇ ਏਜੰਸੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਆਮ ਆਦਮੀ ਪਾਰਟੀ ਸੌ ਤੋਂ ਵੱਧ ਸੀਟਾਂ ਲੈ ਕੇ ਆਪਣੀ ਸਰਕਾਰ ਬਣਾਏਗੀ ਪਰ ਪਾਰਟੀ 20 ਤੋਂ ਵੱਧ ਸੀਟਾਂ ਨਹੀਂ ਸੀ ਲੈ ਸਕੀ । ਇਸ ਵਾਰ ਤਾਂ ਇਹ ਪਾਰਟੀ ਦਸ ਤੋਂ ਵੱਧ ਸੀਟਾਂ ਲੈਣ ਦੀ ਹੈਸੀਅਤ ਵਿੱਚ ਨਹੀਂ । ਉਨ੍ਹਾਂ ਕਿਹਾ ਕਿ ਲੋਕ ਵੀ ਅਜਿਹੀਆਂ ਏਜੰਸੀਆਂ ਦੀਆਂ ਝੂਠੀਆਂ ਰਿਪੋਰਟਾਂ ਦਾ ਸੱਚ ਸਮਝ ਚੁੱਕੇ ਹਨ ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਸਬੰਧੀ ਵੀ ਸੀ-ਵੋਟਰ ਵੱਲੋਂ ਦਿੱਤਾ ਸਰਵੇ ਮਜਾਕ ਸਾਬਿਤ ਹੋਇਆ ਸੀ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਆਰਟੀਆਈ ਦੀਆਂ ਰਿਪੋਰਟਾਂ ਤੋਂ ਇਹ ਖੁਲਾਸਾ ਵੀ ਹੋ ਚੁੱਕਿਆ ਹੈ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਕਰੋੜਾਂ ਰੁਪਏ ਇਸ਼ਤਿਹਾਰਬਾਜੀ ਤੇ ਖਰਚ ਕਰ ਦਿੱਤੇ ਗਏ । ਸੰਨ 2012-13 ਦੌਰਾਨ ਹੀ 659.02 ਕਰੋੜ ਰੁਪਏ ਇਸ਼ਤਿਹਾਰਬਾਜੀ ਤੇ ਖਰਚ ਕੇ ਇਹ ਝੂਠੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਕੇਜਰੀਵਾਲ ਸਰਕਾਰ ਵੱਲੋਂ ਬਹੁਤ ਕੰਮ ਕਰਵਾਏ ਗਏ ਹਨ ਜਦਕਿ ਹਕੀਕਤ ਵਿੱਚ ਅਜਿਹਾ ਕੁਝ ਨਹੀਂ । ਇਸ ਪਾਰਟੀ ਵੱਲੋਂ ਲੋਕਾਂ ਦਾ ਪੈਸਾ ਪਾਣੀ ਵਾਂਗ ਇਸ਼ਤਿਹਾਰਾਂ ਤੇ ਰੋੜ੍ਹ ਦਿੱਤਾ ਗਿਆ । ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਰਕਾਰ ਬਣਾਉਣ ਦਾ ਸੁਪਨਾ ਕਦੀ ਪੂਰਾ ਨਹੀਂ ਹੋ ਸਕੇਗਾ । ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੇ ਲੋਕਾਂ ਤੋਂ ਝੂਠੇ ਫਾਰਮ ਭਰਵਾਏ ਸਨ ਅਤੇ ਇਸ ਵਾਰ ਇਹੀ ਕੰਮ ਆਮ ਆਦਮੀ ਪਾਰਟੀ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਲੋਕ ਸੂਬੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸਰਕਾਰ ਬਣੀ ਵੇਖਣੀ ਚਾਹੁੰਦੇ ਹਨ ਕਿਓਂਕਿ ਉਹ ਜੋ ਕਹਿੰਦੇ ਹਨ ਉਹ ਕਰਦੇ ਹਨ ਨਾਂ ਕਿ ਕੋਈ ਝੂਠੀ ਸਹੁੰ ਖਾਂਦੇ ਹਨ ।

Written By
The Punjab Wire