ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਕੀਤਾ ਸਰਕਾਰੀ ਕਾਲਜ ਲਾਧੂਪੁਰ, ਕਾਹਨੂੰਵਾਨ ਦਾ ਦੋਰਾ, ਪਿੰਡ ਵਾਸਿਆ ਨੇ ਦੱਸੀ ਮੁਸ਼ਕਿਲਾ
ਕਾਲਜ ਦੀ ਹੋਰ ਬਿਹਤਰੀ ਤੇ ਹੋਰ ਵਿਕਾਸ ਲਈ ਪਿੰਡ ਦੇ ਮੋਹਤਬਰਾਂ ਨਾਲ ਕੀਤੀ ਮੀਟਿੰਗ
ਕਾਹਨੂੰਵਾਨ (ਗੁਰਦਾਸਪੁਰ), 5 ਸਤੰਬਰ ( ਮੰਨਨ ਸੈਣੀ )। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋਂ ਐਤਵਾਰ ਨੂੰ ਸਰਕਾਰੀ ਕਾਲਜ ਲਾਧੂਪੁਰ, ਕਾਹਨੂੰਵਾਨ ਦਾ ਦੌਰਾ ਕੀਤਾ ਗਿਆ ਤੇ ਕਾਲਜ ਦੀ ਹੋਰ ਬਿਹਤਰੀ ਅਤੇ ਵਿਕਾਸ ਲਈ ਪਿੰਡ ਦੇ ਮੋਹਤਬਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸੁਖਵਿੰਦਰ ਸਿੰਘ ਤਹਿਸਲੀਦਾਰ ਕਾਹਨੂੰਵਾਨ, ਪਿ੍ਰੰਸੀਪਲ ਕੇ.ਕੇ ਅੱਤਰੀ, ਸਰਕਾਰੀ ਕਾਲਜ ਲਾਧੂਪੁਰ, ਪਿ੍ਰੰਸੀਪਲ ਜੀ.ਐਸ ਕਲਸੀ, ਸਰਕਾਰੀ ਕਾਲਜ ਗੁਰਦਾਸਪੁਰ, ਸਰਪੰਚ ਕਸ਼ਮੀਰ ਸਿੰਘ, ਡਾ. ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣਾ ਵਿਭਾਗ ਆਦਿ ਮੋਜੂਦ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਕਰੀਬ 22 ਏਕੜ ਵਿਚ ਉਸਾਰੇ ਗਏ ਡਿਗਰੀ ਕਾਲਜ ਲਾਧੂਪੁਰ ਵਿਚ ਬੀ.ਏ ਦੀ ਪੜ੍ਹਾਈ ਦੇ ਨਾਲ-ਨਾਲ ਵੋਕੇਸ਼ਨਲ ਕੋਰਸ ਵੀ ਕਰਵਾਏ ਜਾਣ ਦੀ ਲੋੜ ਹੈ, ਤਾਂ ਜੋ ਵਿਦਿਆਰਥੀਆਂ ਉੱਚ ਸਿੱਖਿਆ ਗ੍ਰਹਿਣ ਕਰਨ ਦੇ ਨਾਲ ਰੋਜ਼ਗਾਰ ਵੀ ਹਾਸਲ ਕਰ ਸਕਣ। ਉਨਾਂ ਦੱਸਿਆ ਕਿ ਅੱਜ ਸਮੇਂ ਦੀ ਲੋੜ ਹੈ ਕਿ ਉੱਚ ਸਿੱਖਿਆ ਦੇ ਨਾਲ-ਨਾਲ ਹੁਨਰਮੰਦ ਵੀ ਬਣਿਆ ਜਾਵੇ, ਇਸ ਲਈ ਇਸ ਕਾਲਜ ਵਿਚ ਵੈਟਰਨਰੀ ਕੋਰਸ, ਬੀ.ਐਸ.ਏ, ਬੀ-ਕਾਮ ਆਦਿ ਕਿੱਤਾਮੁਖੀ ਕੋਰਸ ਕਰਵਾਏ ਜਾਣਗੇ। ਉਨਾਂ ਕਿਹਾ ਕਿ ਉਹ ਜਲਦ ਹੀ ਇਸ ਸਬੰਧੀ ਵਿੱਦਿਅਕ ਮਾਹਿਰਾਂ ਨਾਲ ਵੀ ਵਿਚਾਰ-ਵਟਾਂਦਰਾ ਕਰਨ ਉਪਰੰਤ ਸਰਕਾਰ ਦੇ ਧਿਆਨ ਵਿਚ ਲਿਆਉਣਗੇ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੇਟ ਇਲਾਕੇ ਦੀ ਸਹੂਲਤ ਲਈ ਸਰਕਾਰ ਵਲੋਂ ਇਹ ਕਾਲਜ ਖੋਲਿ੍ਆ ਗਿਆ ਸੀ ਪਰ ਇਸ ਕਾਲਜ ਦੇ ਵਿਕਾਸ ਲਈ ਹੋਰ ਤਵੱਜ਼ੋ ਦੇਣ ਦੀ ਲੋੜ ਹੈ। ਉਨਾਂ ਕਾਲਜ ਦੀ ਚਾਰਦਿਵਾਰੀ ਅਤੇ ਕਾਲਜ ਵਿਚ ਮੁੱਢਲੇ ਢਾਂਚੇ ਦੀ ਕਮੀ ਪੂਰੀ ਕਰਨ ਨੂੰ ਕਿਹਾ।
ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਦੀ ਗੱਲ ਸੁਣ ਕੇ, ਉਨਾਂ ਨੂੰ ਪੂਰਨ ਭਰੋਸਾ ਦਿਵਾਇਆ ਕਿ ਉਨਾਂ ਦਾ ਅੱਜ ਸਰਕਾਰੀ ਕਾਲਜ ਲਾਧੂੁਪੁਰ ਵਿਖੇ ਆ ਕੇ ਮੋਹਤਬਰਾਂ ਨਾਲ ਮੀਟਿੰਗ ਕਰਨ ਦਾ ਇਹੀ ਮਕਸਦ ਸੀ ਇਸ ਕਾਲਜ ਨੂੰ ਹੋਰ ਕਿਵੇਂ ਬਿਹਤਰ ਬਣਾਇਆ ਜਾ ਸਕੇ ਤਾਂ ਜੋ ਇਸ ਇਲਾਕੇ ਦੇ ਆਸਪਾਸ ਦੇ ਨੋਜਵਾਨ ਲੜਕੇ-ਲੜਕੀਆਂ ਉੱਚ ਸਿੱਖਿਆ ਦੇ ਨਾਲ ਵੋਕੇਸ਼ਨਲ ਸਿੱਖਿਆ ਵੀ ਪ੍ਰਾਪਤ ਕਰਨ। ਉਨਾਂ ਕਿਹਾ ਕਿ ਕਾਲਜ ਦੇ ਵਿਕਾਸ ਲਈ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਇਸ ਲਈ ਪਿੰਡ ਵਾਸੀਆਂ ਨੂੰ ਵੀ ਅੱਗੇ ਹੋ ਕੇ ਸਹਿਯੋਗ ਕਰਨਾ ਚਾਹੀਦਾ ਹੈ। ਉਨਾਂ ਪਿੰਡ ਦੇ ਸਰਪੰਚ ਨੂੰ ਕਾਲਜ ਵਿਚ ਪੌਦੇ ਲਗਾਉਣ ਅਤੇ ਕਾਲਜ ਦੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਲਈ ਸਹਿਯੋਗ ਮੰਗਿਆ, ਜਿਸ ਤੇ ਪਿੰਡ ਦੇ ਸਰਪੰਚ ਤੇ ਮੋਹਤਬਰਾਂ ਨੇ ਭਰੋਸਾ ਦਿੱਤਾ ਕਿ ਇਹ ਕਾਲਜ, ਉਨਾਂ ਦਾ ਆਪਣਾ ਕਾਲਜ ਹੈ ਤੇ ਕਾਲਜ ਦੇ ਸੁੰਦਰੀਕਰਨ ਲਈ ਉਹ ਪੂਰਾ ਸਹਿਯੋਗ ਕਰਨਗੇ।