ਵਿਕਾਸ ਦੇ ਨਾਲ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੇ ਯਤਨ ਵੀ ਜਾਰੀ ਰਹਿਣਗੇ – ਅਸ਼ਵਨੀ ਸੇਖੜੀ
ਬਟਾਲਾ, 30 ਅਗਸਤ ( ਮੰਨਨ ਸੈਣੀ)। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਬਟਾਲਾ ਸ਼ਹਿਰ ਦੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਚੇਅਰਮੈਨ ਸ੍ਰੀ ਸੇਖੜੀ ਵੱਲੋਂ ‘100 ਦਿਨ 100 ਉਦਘਾਟਨ’ ਮੁਹਿੰਮ ਤਹਿਤ ਹਰ ਰੋਜ਼ ਬਟਾਲਾ ਸ਼ਹਿਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਸ੍ਰੀ ਸੇਖੜੀ ਵੱਲੋਂ ਅੱਜ ਗੌਂਸਪੁਰਾ, ਬਾਜਵਾ ਕਲੋਨੀ, ਸ਼ਾਸਤਰੀ ਨਗਰ ਅਤੇ ਗੁਰੂ ਅਮਰਦਾਸ ਕਲੋਨੀ ਵਿਖੇ ਸੀਵਰੇਜ, ਜਲ-ਸਪਲਾਈ ਅਤੇ ਸੜਕਾਂ ਬਣਾਉਣ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ।
ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਮੌਕੇ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਬਟਾਲਾ ਸ਼ਹਿਰ ਨੂੰ ਵਿਕਾਸ ਪੱਖੋਂ ਮੋਹਰੀ ਅਤੇ ਸੁੰਦਰ ਬਣਾਉਣਾ ਉਨ੍ਹਾਂ ਦਾ ਏਜੰਡਾ ਹੈ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਟਾਲਾ ਸ਼ਹਿਰ ਦੀ ਨੁਹਾਰ ਲਗਾਤਾਰ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ 100 ਫੀਸਦੀ ਅਬਾਦੀ ਨੂੰ ਪੀਣ ਲਈ ਸ਼ੁੱਧ ਤੇ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਨਾਲ ਹਰ ਘਰ ਨੂੰ ਸੀਵਰੇਜ ਸਪਲਾਈ ਨਾਲ ਜੋੜਨ ਲਈ ਅਮੁਰਤ ਯੋਜਨਾ ਉੱਪਰ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਸਪਲਾਈ ਪੈਣ ਨਾਲ ਸ਼ਹਿਰ ਦੇ ਬਹੁਤ ਸਾਰੇ ਮੁਹੱਲੇ ਅਤੇ ਕਲੋਨੀਆਂ ਦੀ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੱਲ ਹੋਈ ਹੈ। ਸ੍ਰੀ ਸੇਖੜੀ ਨੇ ਕਿਹਾ ਕਿ ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਹਿੱਸਿਆਂ ਵਿੱਚ ਸੀਵਰੇਜ ਤੇ ਜਲ ਸਪਲਾਈ ਤੋਂ ਇਲਾਵਾ ਹੋਰ ਵੀ ਜੋ ਵਿਕਾਸ ਕਾਰਜ ਰਹਿੰਦੇ ਸਨ ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕੀਤਾ ਜਾਵੇਗਾ।
ਚੇਅਰਮੈਨ ਸ੍ਰੀ ਸੇਖੜੀ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਦੇ ਨਾਲ ਸ਼ਹਿਰ ਦੀ ਖੂਬਸੂਰਤੀ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਪਾਰਕਾਂ ਨੂੰ ਹੋਰ ਵਿਕਸਤ ਕੀਤਾ ਜਾਵੇਗਾ ਅਤੇ ਸੁਭਾਸ਼ ਪਾਰਕ ਵਿੱਚ ਜਲਦੀ ਹੀ ਓਪਨ ਜਿੰਮ ਸਥਾਪਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਜ਼ੀਰਾ ਪਾਰਕ ਨੂੰ ਹੋਰ ਵਿਕਸਤ ਕਰਨ ਅਤੇ ਜਲ ਮਹਿਲ ਨੂੰ ਮੁੜ-ਸੁਰਜੀਤ ਕਰਨ ਲਈ ਵੀ ਉਹ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਪੁਰਾਤੱਤਵ ਵਿਭਾਗ ਕੋਲ ਇਸ ਸਬੰਧੀ ਪਹੁੰਚ ਕੀਤੀ ਗਈ ਹੈ ਅਤੇ ਉਮੀਦ ਹੈ ਕਿ ਇਸ ਸਬੰਧੀ ਜਲਦ ਹੀ ਬਟਾਲਾ ਵਾਸੀਆਂ ਨੂੰ ਚੰਗੀ ਖਬਰ ਸੁਣਨ ਨੂੰ ਮਿਲੇਗੀ।
ਸ੍ਰੀ ਸੇਖੜੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਟਾਲਾ ਸ਼ਹਿਰ ਦੇ ਵਿਕਾਸ ਨੂੰ ਹੋਰ ਗਤੀ ਦੇਣ ਲਈ ‘100 ਦਿਨ 100 ਉਦਘਾਟਨ’ ਮੁਹਿੰਮ ਚਲਾਈ ਜਾ ਰਹੀ ਹੈ ਪਰ 100 ਦਿਨਾਂ ਵਿੱਚ 100 ਦੀ ਬਜਾਏ 200 ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਬਟਾਲਾ ਸ਼ਹਿਰ ਆਪਣੇ ਵਿਕਾਸ ਦੇ ਸੁਨਿਹਰੀ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਲੋਕ ਇਸ ਵਿਕਾਸ ਨੂੰ ਦਹਾਕਿਆਂ ਤੱਕ ਯਾਦ ਰੱਖਣਗੇ।
ਇਸ ਮੌਕੇ ਉਨ੍ਹਾਂ ਨਾਲ ਸਿਟੀ ਕਾਂਗਰਸ ਪ੍ਰਧਾਨ ਸਵਰਨ ਮੁੱਢ, ਸਵਿੰਦਰ ਸਿੰਘ ਭਾਗੋਵਾਲੀਆ, ਹਰਮਿੰਦਰ ਸਿੰਘ ਸੈਂਡੀ, ਹੀਰਾ ਅੱਤਰੀ, ਪਿਆਰਾ ਲਾਲ, ਦਰਸ਼ਨ ਲਾਲ, ਤਰਸੇਮ ਲਾਲ, ਜਨਕ ਰਾਜ, ਮੋਹਨ ਲਾਲ, ਗੁਰਮੀਤ ਬਿੱਲੂ, ਤਿਲਕ ਰਾਜ, ਇੰਦਰਪਾਲ ਸਿੰਘ, ਜਤਿੰਦਰ ਸਿੰਘ ਡਿੱਕੀ ਬਾਲ, ਟੋਨੀ ਖੋਸਲਾ, ਸੰਨੀ ਬੱਬਰ, ਰਾਕੇਸ਼ ਮਹਾਜਨ, ਲੱਡੂ ਸਾਨਨ, ਬਾਬਾ ਭੁਪਿੰਦਰ ਸਿੰਘ ਅਤੇ ਰਛਪਾਲ ਸਿੰਘ ਭੋਲਾ ਸਮੇਤ ਸ਼ਹਿਰ ਦੇ ਮੋਹਤਬਰ ਹਾਜ਼ਰ ਸਨ।