ਚੰਡੀਗੜ੍ਹ, 25 ਅਗਸਤ: ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਇਸ਼ਤਿਹਾਰ ਨੰ: 05 ਆਫ਼ 2021 ਰਾਹੀਂ ਮੱਛੀ ਪਾਲਣ ਅਫਸਰ ਦੀਆਂ 27 ਅਸਾਮੀਆਂ ਅਤੇ ਇਸ਼ਤਿਹਾਰ ਨੰ: 03 ਆਫ 2021 ਰਾਹੀਂ ਪ੍ਰਕਾਸ਼ਿਤ ਕਲਰਕ (ਲੀਗਲ) ਦੀਆਂ 160 ਅਸਾਮੀਆਂ ਦਾ ਕੈਟਾਗਰੀ ਨਤੀਜਾ ਪ੍ਰਵਾਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਮਿਤੀ 25-08-2021 ਨੂੰ ਹੋਈ ਬੋਰਡ ਦੀ ਮੀਟਿੰਗ ਉਪਰੰਤ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਦਿੱਤੀ ਗਈ ਹੈ।
ਉਹਨਾਂ ਅੱਗੇ ਦੱਸਿਆ ਹੈ ਕਿ ਕਲਰਕ ਲੀਗਲ ਦੀਆਂ ਆਸਾਮੀਆਂ ਲਈ ਲਿਖਤੀ ਪ੍ਰੀਖਿਆ ਮਿਤੀ 11/07/2021 ਨੂੰ ਲਈ ਗਈ ਸੀ। ਇਸ ਉਪਰੰਤ ਮਿਤੀ 28/07/2021 ਨੂੰ ਦੋਨੋ ਅੰਗਰੇਜੀ ਅਤੇ ਪੰਜਾਬੀ ਟਾਈਪ ਟੈਸਟ ਲਏ ਗਏ ਸਨ ਤੇ ਇਹਨਾਂ ਆਸਾਮੀਆਂ ਲਈ ਕੌਂਸਲਿੰਗ ਮਿਤੀ 04/08/2021 ਨੂੰ ਸੰਪਨ ਹੋ ਚੁੱਕੀ ਹੈ। ਇਸੇ ਤਰਾਂ ਮੱਛੀ ਪਾਲਣ ਅਫਸਰ ਦੀਆਂ ਆਸਾਮੀਆਂ ਲਈ ਲਿਖਤੀ ਪ੍ਰੀਖਿਆ ਮਿਤੀ 25/07/2021 ਨੂੰ ਲਈ ਗਈ ਸੀ ਅਤੇ ਸਫਲ ਹੋਣ ਵਾਲੇ ਉਮੀਦਵਾਰਾਂ ਦੀ ਕੌਂਸਲਿੰਗ ਮਿਤੀ 10/08/2021 ਨੂੰ ਕਰਵਾਈ ਗਈ ਸੀ। ਮੱਛੀ ਪਾਲਣ ਅਫਸਰ ਅਤੇ ਕਲਰਕ (ਲੀਗਲ) ਦੋਨੋਂ ਆਸਾਮੀਆਂ ਦਾ ਕੈਟਾਗਰੀ ਵਾਈਜ ਫਾਈਨਲ ਨਤੀਜਾ ਅੱਜ ਦੀ ਬੋਰਡ ਮੀਟਿੰਗ ਵਿੱਚ ਪ੍ਰਵਾਨ ਕਰ ਦਿੱਤਾ ਗਿਆ ਹੈ। ਯੋਗ ਪਾਏ ਗਏ ਉਮੀਦਵਾਰਾਂ ਦੀਆਂ ਸਿਫਾਰਸ਼ਾਂ ਸਬੰਧਤ ਵਿਭਾਗਾਂ ਨੂੰ ਜਲਦੀ ਭੇਜ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਉਹਨਾਂ ਇਹ ਵੀ ਦੱਸਿਆ ਕਿ ਪਟਵਾਰੀਆਂ ਦੀ ਭਰਤੀ ਲਈ ਮੈਰਿਟ ਅਨੁਸਾਰ ਸ਼ਾਰਟ ਲਿਸਟ ਹੋਣ ਵਾਲੇ ਉਮੀਦਵਾਰਾਂ ਦੀ ਦੂਜੇ ਪੜਾਅ ਦੀ ਪ੍ਰੀਖਿਆ ਮਿਤੀ 05-09-2021 ਨੂੰ ਲਈ ਜਾ ਰਹੀ ਹੈ, ਜਿਸ ਦੇ ਲਈ ਉਹਨਾਂ ਨੇ ਉਮੀਦਾਵਾਰ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਉਮੀਦਵਾਰ ਡੱਟਵੀਂ ਤਿਆਰੀ ਕਰਨ ਤੇ ਕਿਸੇ ਤਰਾਂ ਦੇ ਗੈਰ-ਸਮਾਜੀ ਤੱਤਾਂ ਦੇ ਝਾਂਸੇ ਵਿੱਚ ਨਾ ਆਉਣ। ਅੱਜ ਦੀ ਬੋਰਡ ਮੀਟਿੰਗ ਵਿੱਚ ਬੋਰਡ ਦੇ ਮੈਂਬਰਾਨ ਜਸਪਾਲ ਸਿੰਘ ਢਿੱਲੋਂ, ਅਮਰਜੀਤ ਸਿੰਘ ਵਾਲੀਆ, ਕੁਲਦੀਪ ਸਿੰਘ ਕਾਹਲੋਂ, ਭੁਪਿੰਦਰਪਾਲ ਸਿੰਘ, ਰਵਿੰਦਰ ਪਾਲ ਸਿੰਘ, ਰਜਨੀਸ਼ ਸਹੋਤਾ, ਹਰਪ੍ਰਤਾਪ ਸਿੰਘ ਸਿੱਧੂ, ਸ਼ਮਸ਼ਾਦ ਅਲੀ, ਰਾਹੁਲ ਸਿੰਘ ਸਿੱਧੂ, ਨਵਨਿਯੁਕਤ ਮੈਂਬਰ ਸ੍ਰੀ ਗੋਪਾਲ ਸਿੰਗਲਾ ਤੋਂ ਇਲਾਵਾ ਸਕੱਤਰ ਸ੍ਰੀ ਅਮਨਦੀਪ ਬਾਂਸਲ, ਆਈ.ਏ.ਐਸ ਹਾਜਰ ਹੋਏ।