ਸੱਤਾ ਭੋਗ ਕੇ ਚੋਣਾ ਤੋਂ ਪਹਿਲਾ ਇੱਕ ਦੂਜੇ ‘ਤੇ ਚਿੱਕੜ ਸੁੱਟ ਕੇ ਖ਼ੁਦ ਪਾਕ- ਪਵਿੱਤਰ ਨਹੀਂ ਹੋ ਸਕਦੇ ਕਾਂਗਰਸੀ
ਚੰਡੀਗੜ੍ਹ, 25 ਅਗਸਤ। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ‘ਚ ਚੱਲ ਰਹੇ ਕਾਟੋ-ਕਲੇਸ਼ ਨੂੰ ਸੂਬੇ ਅਤੇ ਸੂਬੇ ਦੇ ਲੋਕਾਂ ਦੀ ਬਦਕਿਸਮਤੀ ਕਰਾਰ ਦਿੰਦੇ ਹੋਏ ਕਿਹਾ ਕਿ ਕੈਪਟਨ ਅਤੇ ਕਾਂਗਰਸੀਆਂ ਦਾ ਇੱਕੋ- ਇੱਕੋ ਟੀਚਾ ਕੁਰਸੀ ਸੀ। ਸਾਲ 2017 ‘ਚ ਵੱਡੇ- ਵੱਡੇ ਲਿਖਤੀ ਲਾਰਿਆਂ ਨਾਲ ਪਹਿਲਾਂ ਇਹ ਕੁਰਸੀ ਲੁੱਟੀ ਅਤੇ ਹੁਣ ਇਸ ਕੁਰਸੀ ਲਈ ਆਪਸ ‘ਚ ਲੜ ਹੋ ਰਹੇ ਹਨ। ਜਿਸ ਕਾਰਨ ਨੁਕਸਾਨ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦਾ ਹੋ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਪੰਜਾਬ ਦੀ ਸੱਤਾ ਵਿੱਚ ਹੈ।
ਬੁੱਧਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਦਾ ਜਿਹੜਾ ਧੜਾ ਅੱਜ ‘ਪੰਜਾਬ’ ਦੀ ਵਕਾਲਤ ਕਰਦਾ ਹੋਇਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਆਪਣੀ ਹੀ ਸਰਕਾਰ ‘ਤੇ ਜੋ ਗੰਭੀਰ ਦੋਸ਼ ਲਗਾ ਰਿਹਾ ਹੈ, ਉਹ ਬਿਲਕੁਲ ਸਹੀ ਹਨ। ਅਰਥਾਤ ਇਹ ਕਾਂਗਰਸੀ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਸਾਢੇ 4 ਸਾਲ ਤੋਂ ਕੈਪਟਨ ਸਰਕਾਰ ‘ਤੇ ਬਾਦਲਾਂ ਅਤੇ ਮੋਦੀ ਨਾਲ ਰਲੇ ਹੋਣ ਬਾਰੇ ਲਾਏ ਜਾਂਦੇ ਗੰਭੀਰ ਇਲਜ਼ਾਮਾਂ ਦੀ ਪੁਸ਼ਟੀ ਕਰਦੇ ਹਨ . ਪ੍ਰੰਤੂ ਅੱਜ ਸਾਢੇ ਚਾਰ ਸਾਲ ਬਾਅਦ ‘ਆਪ’ ਦੇ ਦੋਸ਼ਾਂ ਨੂੰ ਸਿਰਫ਼ ਕੈਪਟਨ ਅਮਰਿੰਦਰ ਸਿੰਘ ਉੱਤੇ ਸੁੱਟ ਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਚਰਨਜੀਤ ਸਿੰਘ ਚੰਨੀ, ਸੁੱਖ ਸਰਕਾਰੀਆ ਅਤੇ ਹੋਰ ਖ਼ੁਦ ਵੀ ਪਾਕ- ਪਵਿੱਤਰ ਨਹੀਂ ਹੋ ਜਾਂਦੇ।
ਚੀਮਾ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਇਹ ਕਥਿਤ ਬਾਗ਼ੀ ਕਾਂਗਰਸੀ ਵੀ ‘ਮਾਫ਼ੀਆ ਰਾਜ’ ਦਾ ਹਿੱਸਾ ਰਹੇ ਹਨ। ਇਹ ਮੰਤਰੀ ਪੰਜਾਬ ਕੈਬਨਿਟ ਵੱਲੋਂ ਲਏ ਜਾਂਦੇ ਹਨ, ਹਰ ਚੰਗੇ- ਮਾੜੇ ਫ਼ੈਸਲੇ ਦੇ ਬਰਾਬਰ ਜ਼ਿੰਮੇਵਾਰ ਹਨ। ਜਦ ਵਿਧਾਇਕ ਅਤੇ ਵਜ਼ੀਰ ਦਾ ਮੂਕ ਰਹਿ ਕੇ ਜਾਂ ਮੁੱਖ ਰੂਪ ‘ਚ ਵਕਾਲਤ ਕਰਦੇ ਰਹੇ ਹਨ ਤਾਂ ਉਹ ਸਰਕਾਰ ਦੀਆਂ ਨਾਕਾਮੀਆਂ ਨੂੰ ਕਿਸੇ ਇੱਕ ਵਿਅਕਤੀ ਜਾਂ ਧੜੇ ਉੱਤੇ ਨਹੀਂ ਪਾ ਸਕਦੇ।
ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਸੂਬੇ ਦੇ ਸਰੋਤਾਂ ਅਤੇ ਲੋਕਾਂ ਦੀ ਕੀਤੀ ਗਈ ਅੰਨ੍ਹੀ ਲੁੱਟ ਦੇ ਭਾਈਵਾਲ ਰਹੇ ਕਾਂਗਰਸੀਆਂ ਨੂੰ ਪੰਜਾਬ ਦੇ ਲੋਕਾਂ ਦੇ ਹਿੱਤਾਂ ਦਾ ਹੇਜ ਆਉਂਦੀਆਂ ਵਿਧਾਨ ਸਭਾ ਚੋਣਾ ਨੇ ਜਗਾਇਆ ਹੈ ਕਿਉਂਕਿ ਲੋਕਾਂ ਨੇ ਸਵਾਲਾਂ ਦੀ ਝੜੀ ਲਗਾ ਦਿੱਤੀ ਹੈ।
ਹਰਪਾਲ ਚੀਮਾ ਨੇ ਨਵਜੋਤ ਸਿੰਘ ਸਿੱਧੂ ਸਮੇਤ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਸਵਾਲ ਕੀਤਾ ਕਿ ਜਦ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਕੋਲੋਂ ਮਾਫ਼ੀਆ, ਮਾਰੂ ਨੀਤੀਆਂ ਅਤੇ ਪੰਜਾਬ ਨਾਲ ਸੰਬੰਧਿਤ ਸਾਰੇ ਅਹਿਮ ਮੁੱਦਿਆਂ ਉੱਤੇ ਵਿਧਾਨ ਸਭਾ ਦੇ ਅੰਦਰ ਜਾਂ ਬਾਹਰ ਜਵਾਬ ਮੰਗਦੀ ਸੀ, ਉਦੋਂ ਰੰਧਾਵਾਂ- ਚੰਨੀ ਅਤੇ ਦੂਜੇ ਮੰਤਰੀ ਤੇ ਵਿਧਾਇਕ ਹਿੱਕ ਠੋਕ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਢਾਲ ਕਿਉਂ ਬਣਦੇ ਰਹੇ? ਨਵਜੋਤ ਸਿੱਧੂ ਮਹੀਨਿਆਂ ਬੱਧੀ ਮੋਨ ਧਾਰ ਕੇ ਸਰਕਾਰ ਦੀ ਅਸਿੱਧੀ ਹਿਮਾਇਤ ਕਿਉਂ ਕਰਦੇ ਰਹੇ? ਚੀਮਾ ਨੇ ਇਹ ਵੀ ਚੁਣੌਤੀ ਦਿੱਤੀ ਕਿ ਜੇਕਰ ਕਾਂਗਰਸੀ ਮੰਤਰੀ ਅਤੇ ਵਿਧਾਇਕ ਕੈਪਟਨ ਸਰਕਾਰ ਤੋਂ ਇਸ ਕਦਰ ਦੁਖੀ ਹਨ ਅਤੇ ਸਰਕਾਰ ਨਾਲ ਕੋਈ ਇਤਫ਼ਾਕ ਨਹੀਂ ਰੱਖਦੇ ਤਾਂ ਅਸਤੀਫ਼ੇ ਦੇ ਕੇ ਸਰਕਾਰ ਦਾ ਭੋਗ ਕਿਉਂ ਨਹੀਂ ਪਾ ਰਹੇ? ਆਪ ਦੀ ਵਜ਼ੀਰੀ ਛੱਡੇ ਬਿਨਾਂ ਮੁੱਖ ਮੰਤਰੀ ਦੀ ਕੁਰਸੀ ਖੋਹ ਕੇ ਰਹਿੰਦੇ ਪੰਜ ਮਹੀਨਿਆਂ ‘ਚ ਕਿਹੜੀ ਕ੍ਰਾਂਤੀ ਲਿਆਉਣਗੇ?
ਚੀਮਾ ਨੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਕੋਲੋਂ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਹ ਸੱਚਮੁੱਚ ਪੰਜਾਬ ਹਿਤੈਸ਼ੀ ਹਨ ਤਾਂ ਤੁਰੰਤ ਸਰਕਾਰ ਡੇਗਣ ਅਤੇ ਪੰਜਾਬ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣ। ਕੁਰਸੀ ਦੀ ਲਲਕ ਮਿਟਾਉਣ ਲਈ ਲੋਕਾਂ ਨੂੰ ਗੁੰਮਰਾਹ ਨਾ ਕਰਨ।
ਮੰਤਰੀ ਦੱਸਣ ਦੇਹਰਾਦੂਨ ਲਈ ਸਰਕਾਰੀ ਕਾਫ਼ਲੇ ਕਿਉਂ ਵਰਤੇ
ਹਰਪਾਲ ਸਿੰਘ ਚੀਮਾ ਨੇ ਕੁਰਸੀ ਲਈ ਕਾਂਗਰਸ ਦੇ ਕਾਟੋ- ਕਲ਼ੇਸ ਦੌਰਾਨ ਮੰਤਰੀਆਂ ਵੱਲੋਂ ਲਾਈ ਦੇਹਰਾਦੂਨ ਫੇਰੀ ‘ਤੇ ਹੋਏ ਖ਼ਰਚਿਆਂ ‘ਤੇ ਉਂਗਲ ਚੁੱਕੀ ਹੈ। ਚੀਮਾ ਨੇ ਕਿਹਾ ਕਿ ਜਦ- ਜਦ ਵੀ ਸੱਤਾਧਾਰੀ ਕਾਂਗਰਸ ‘ਚ ਅੰਦਰੂਨੀ ਲੜਾਈ ਹੁੰਦੀ ਹੈ, ਉਸ ਦਾ ਸਿੱਧਾ ਸੇਕ ਪੰਜਾਬ ਦੇ ਖ਼ਜ਼ਾਨੇ ਨੂੰ ਲੱਗਦਾ ਹੈ। ਉਨ੍ਹਾਂ ਕਿਹਾ ਕਿ ਜੋ ਮੰਤਰੀ ਸਰਕਾਰੀ ਕਾਰਾਂ ਦੇ ਕਾਫ਼ਲੇ ‘ਤੇ ਦੇਹਰਾਦੂਨ ਗਏ ਹਨ ਕੀ ਉਹ ਸਪਸ਼ਟ ਕਰਨਗੇ ਕਿ ਕਾਂਗਰਸੀਆਂ ਦੀ ਕੁਰਸੀ ਲਈ ਨਿੱਜੀ ਲੜਾਈ ਦਾ ਪੰਜਾਬ ਦੇ ਲੋਕਾਂ ਅਤੇ ਖ਼ਜ਼ਾਨੇ ਨਾਲ ਕੀ ਸੰਬੰਧ ਹੈ? ਇਸ ਤੋਂ ਪਹਿਲਾਂ ਅਜਿਹੇ ਕਾਟੋ- ਕਲ਼ੇਸ ਦੌਰਾਨ ਹੈਲੀਕਾਪਟਰਾਂ ਦੀ ਵੀ ਦੁਰਵਰਤੋਂ ਹੁੰਦੀ ਰਹੀ ਹੈ। ਉਸ ਦਾ ਹਿਸਾਬ ਕੌਣ ਦੇਵੇਗਾ?