ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਹਰੇਕ ਨਾਗਰਿਕ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ
ਗੁਰਦਾਸਪੁਰ, 8 ਅਗਸਤ ( ਮੰਨਨ ਸੈਣੀ ) ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 53ਵੇਂਂ ਐਡੀਸ਼ਨ ਵਿਚ ਮੁੱਖ ਮਹਿਮਾਨ ਵਜੋਂ ਕਰਨਲ ਜਗਜੀਤ ਸਿੰਘ ਸਾਹੀ, ਤਹਿਸੀਲ ਹੈੱਡ ਜੀ.ਓ.ਜੀ ਬਟਾਲਾ ਨੇ ਸ਼ਿਰਕਤ ਕੀਤੀ । ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਹਰਪਾਲ ਸਿੰਘ ਸੰਧਾਵਾਲੀਆ ਜ਼ਿਲਾ ਸਿੱਖਿਆ ਅਫਸਰ (ਸ), ਹਰਜਿੰਦਰ ਸਿੰਘ ਕਲਸੀ ਜ਼ਿਲਾ ਲੋਕ ਸੰਪਰਕ ਅਫਸਰ ਗੁਰਦਾਸਪੁਰ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਸਮੇਤ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਜ਼ਿਲ੍ਹਾ ਵਾਸੀ, ਅਧਿਆਪਕ ਵਿਦਿਆਰਥੀਆਂ ਵਲੋਂ ਯੂ ਟਿਊਬ ਲਾਈਵ ਪ੍ਰੋਗਰਾਮ ਜਰੀਏ ਸ਼ਮੂਲੀਅਤ ਕੀਤੀ ਗਈ।।
ਇਸ ਮੌਕੇ ਸੰਬੋਧਨ ਕਰਦਿਆਂ ਕਰਨਲ ਸਾਹੀ ਨੇ ਕਿਹਾ ਕਿ ਜੋ ਕੋਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ , ਉਹ ਹਮੇਸ਼ਾ ਜਿੰਦਾ ਰਹਿੰਦੀਆਂ ਹਨ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਫੋਜ ਨੇ ਹਮੇਸਾਂ ਮੋਹਰੀ ਰੋਲ ਅਦਾ ਕੀਤਾ ਹੈ। ਉਨਾਂ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਹਰੇਕ ਨਾਗਰਿਕ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਦੇਸ਼ ਦੀ ਮਜ਼ਬੂਤੀ ਲਈ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਨੋਜਵਾਨਾਂ ਨੂੰ ਦੇਸ਼ ਦੀ ਸੇਵਾ ਲਈ ਫੌਜ ਵਿਚ ਭਰਤੀ ਹੋਣ ਲਈ ਉਤਸ਼ਾਹਤ ਕਰਦਿਆਂ ਕਿਹਾ ਕਿ ਹਰੇਕ ਵਿਅਕਤੀ ਕੋਲ 24 ਘੰਟੇ ਹੁੰਦੇ ਹਨ, ਇਸ ਲਈ ਸਮੇਂ ਨੂੰ ਸਹੀ ਤਰੀਕੇ ਨਾਲ ਮੈਨਜੇਮੈਂਟ ਕਰਨਾ ਚਾਹੀਦਾ ਹੈ ਅਤੇ ਅਸਫਲਤਾ ਤੋ ਘਬਰਾਉਣਾ ਨਹੀਂ ਚਾਹੀਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਅਚੀਵਰਜ਼ ਪ੍ਰੋਗਰਾਮ ਸ਼ੁਰੂ ਕਰਨ ਦਾ ਮੰਤਵ ਨੋਜਵਾਨ ਬੱਚਿਆਂ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕਰਨਾ ਹੈ। ਉਨਾਂ ਕਿਹਾ ਕਿ ਲਗਾਤਾਰ ਚੱਲ ਰਹੇ ਅਚੀਵਰਜ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਸਿੱਖਣ ਲਈ ਹਹੁਤ ਕੁਝ ਮਿਲਦਾ ਹੈ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ‘ਮੈਂਟਰਸ਼ਿਪ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਰਾਹੀ ਬੱਚੇ ਆਪਣਾ ਮੈਂਟਰ ਦੀ ਚਣ ਕਰਕੇ, ਉਨਾਂ ਕੋਲੋਂ ਗਾਈਡੈਂਸ ਲੈ ਸਕਣਗੇ। ਉਨਾਂ ਕਿਹਾ ਕਿ ਗੁਰਦਾਸਪੁਰ ਜ਼ਿਲੇ ਅੰਦਰ ਕਾਬਲੀਅਤ ਦੀ ਬਹੁਤ ਭਰਮਾਰ ਹੈ ਅਤੇ ਗੁਰਦਾਸਪੁਰ ਵਾਸੀਆਂ ਨੇ ਵੱਖ-ਵੱਖ ਖੇਤਰ ਵਿਚ ਨਾਮਣਾ ਖੱਟਿਆ ਹੈ।
ਇਸ ਮੌਕੇ ਪਹਿਲੇ ਅਚੀਵਰਜ਼ ਡੀ.ਆਈ.ਜੀ, ਰਾਣਾ ਯੁੱਧਵੀਰ ਸਿੰਘ, ਜੋ ਗੁਰਦਾਸਪੁਰ ਦੇ ਵਸਨੀਕ ਹਨ ਨੇ ਦੱਸਿਆ ਕਿ ਉਨਾਂ ਮੁੱਢਲੀ ਸਿੱਖਿਆ ਸ਼ਕਰਗੜ੍ਹ ਡੀਈਵੀ ਸਕੂਲ ਗੁਰਦਾਸਪੁਰ, ਸੈਨਿਕ ਸਕੂਲ ਕਪੂਰਥਲਾ ਤੋਂ ਕਰਨ ਉਪਰੰਤ ਉਚੇਰੀ ਸਿੱਖਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮਿ੍ਰਤਸਰ ਤੋਂ ਗ੍ਰਹਿਣ ਕੀਤੀ। ਉਪਰੰਤ ਇੰਡੀਅਨ ਸਕੂਲ ਆਫ ਬਿਜ਼ਨਲ, ਮੁਹਾਲੀ ਤੋਂ ਮੈਨਜੈਮੈਂਟ ਪ੍ਰੋਗਰਾਮ ਇੰਨ ਪਬਲਿਕ ਪਾਲਿਸੀ ਦੀ ਡਿਗਰੀ ਪਾਸ ਕੀਤੀ। ਉਪਰੰਤ 1992 ਵਿਚ ਆਈ.ਟੀ.ਬੀ.ਪੀ (ITBP) ਵਿਚ (DAGO-Directoly Appointed Gazetted Officer) ਜੁਆਇੰਨ ਕੀਤਾ। ਹੁਣ ਡੀ.ਆਈ.ਜੀ (ਆਪਰੇਸ਼ਨ) ਨਾਰਥ-ਈਸਟ ਫਰੰਟੀਅਰ, ਆਈ.ਟੀ.ਬੀ.ਪੀ, ਈਟਾਨਗਰ, ਅਰੁਣਾਚਲ ਪ੍ਰਦੇਸ਼ ਵਿਖੇ ਸੇਵਾਵਾਂ ਨਿਭਾ ਰਹੇ ਹਨ। ਉਨਾਂ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤੇ ਗਏ ਅਚੀਵਰਜ ਪ੍ਰੋਗਰਾਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਆਪਣੇ ਆਪ ਵਿਚ ਨਿਵੇਕਲਾ ਤੇ ਸ਼ਾਨਦਾਰ ਉਪਰਾਲਾ ਹੈ , ਜੋ ਜ਼ਿਲਾ ਵਾਸੀਆਂ ਲਈ ਕੀਮਤੀ ਸੌਗਾਤ ਹੈ। ਉਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਦਿਨ ਦੀ ਸ਼ੁਰੂਆਤ ਵਧੀਆ ਹੋਵੇ ਤਾਂ ਸਾਰਾ ਦਿਨ ਵਧੀਆ ਰਹਿੰਦਾ ਹੈ। ਉਨਾਂ ਦੱਸਿਆ ਕਿ ਕਿਸੇ ਵੀ ਤਰਾਂ ਦੀ ਟਰੇਨਿੰਗ ਦੇ ਤਿੰਨ ਮੁੱਖ ਪਹਿਲੂ ਹੁੰਦੇ ਹਨ, ਆਪਣੀ ਸਵੇਰ ਦੀ ਰੁਟੀਨ ਵਿਚ ਇਕ ਡਾਇਰੀ ਜਰੂਰ ਲਿਖੋ ਅਤੇ ਜੋ ਵਿਚਾਰ ਤੁਹਾਡੇ ਮਨ ਵਿਚ ਆਉਂਦੇ ਹਨ, ਉਸਨੂੰ ਲਿਖੋ, ਪਰਮਾਤਮਾ ਨੂੰ ਯਾਦ ਕਰੋ ਤੇ ਕਸਰਤ ਕਰੋ ਅਤੇ ਸਿਲੇਬਸ ਤੋਂ ਇਲਾਵਾ ਚੰਗੀਆਂ ਕਿਤਾਬਾਂ ਪੜ੍ਹੋ। ਅਸਫਲਤਾ ਤੋਂ ਨਾ ਘਬਰਾਓ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕਰੋ। ਉਨਾਂ ‘ਮੈਂਟਰਸ਼ਿਪ’ ਪ੍ਰੋਗਰਾਮ ਸ਼ੁਰੂ ਕਰਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਇਸ ਨਾਲ ਬੱਚਿਆਂ ਨੂੰ ਬਹੁਤ ਲਾਭ ਮਿਲੇਗਾ।
ਦੂਸਰੇ ਅਚੀਵਰਜ਼ ਡਾ. ਜੀ ਪੀ ਸਿੰਘ ਸੈਣੀ (ਐਮ.ਡੀ ਮੈਡੀਸਨ-ਡੀ.ਐਮ Gastroenterology ), ਜੋ ਪਿੰਡ ਨਾਨੋਵਾਲ ਜਿੰਦੜ, ਕਾਹਨੂੰਵਾਨ ਗੁਰਦਾਸਪੁਰ ਦੇ ਵਸੀਨਕ ਹਨ ਨੇ ਦੱਸਿਆ ਕਿ ਉਨਾਂ ਦੱਸਵੀਂ ਜਮਾਤ ਸੈਂਟ ਜੋਸ਼ਫ ਕਾਨਵੈਂਟ ਸਕੂਲ, ਕਾਹਨੂੰਵਾਨ ਤੋਂ, ਬਾਹਰਵੀਂ ਜਮਾਤ ਬੈਰਿੰਗ ਕਾਲਜ ਬਟਾਲਾ ਤੋਂ ਕਰਨ ਉਪਰੰਤ ਸਰਕਾਰੀ ਮੈਡੀਕਲ ਕਾਲਜ ਸ੍ਰੀ ਅੰਮਿ੍ਰਤਸਰ ਵਿਖੇ ਐਮ.ਬੀ.ਬੀ.ਐਸ (2002-07) ਪਾਸ ਕੀਤੀ। ਉਪਰੰਤ ਐਮ.ਡੀ ਜਨਰਲ ਮੈਡੀਸਨ (2009-12) ਕੀਤੀ। ਜੀ.ਬੀ ਪੰਤ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜ਼ੂਕੇਸ਼ਨ ਐਂਢ ਰਿਸਰਚ, ਨਵੀਂ ਦਿੱਲੀ ਤੋਂ ਡੀ.ਐਮ Gastroenterology ਕੀਤੀ। ਹੁਣ ਮੁਹਾਲੀ ਦੇ ਇਕ ਹਸਪਤਾਲ ਵਿਖੇ ਐਮ.ਡੀ ਮੈਡੀਸਨ-ਡੀ.ਐਮ Gastroenterology ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨਾਂ ਅੱਗੇ ਕਿਹਾ ਕਿ ਸਫਲਤਾ ਦਾ ਕੋਈ ਸ਼ਾਰਟ ਕੱਟ ਨਹੀਂ ਹੁੰਦਾ ਹੈ ਅਤੇ ਲਗਾਤਾਰ ਮਿਹਨਤ ਕਰਕੇ ਅਸੀ ਸਫਲਤਾ ਦੀ ਪੌੜੀ ਚੜ੍ਹ ਸਕਦੇ ਹਾਂ। ਸਮੇਂ ਦੀ ਸਹੀ ਤਰੀਕੇ ਨਾਲ ਵਰਤੋ ਕਰੋਂ ਅਤੇ ਕਦੇ ਵੀ ਹਾਰ ਨਾ ਮੰਨੋ। ਸਿਹਤ ਦਾ ਖਿਆਲ ਰੱਖੇ, ਰੋਜਾਨਾ ਕਸਰਤ ਕਰੋ ਅਤੇ ਫਾਸਟ ਫੂਡ ਤੋਂ ਦੂਰ ਰਹੋ। ਉਨਾਂ ਕਿਹਾ ਕਿ ਨੌਵੀਂ, ਦੱਸਵੀਂ, ਗਿਆਰਵੀਂ ਅਤੇ ਬਹਾਰਵੀਂ ਜਮਾਤ ਵਿਦਿਆਰਥੀ ਦੇ ਜੀਵਨ ਵਿਚ ਬਹੁਤ ਮਹੱਤਵਪੂਰਨ ਹੁੰਦੀ ਹੈ, ਇਸ ਲਈ ਵਿਦਿਆਰਥੀ ਪੂਰੀ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ।
ਅਚੀਵਰਜ਼ ਪ੍ਰੋਗਰਾਮ ਦੇ ਆਖਰ ਵਿਚ ਜੂਮ ਲਾਈਵ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਅਤੇ ਜ਼ਿਲ੍ਹਾ ਵਾਸੀਆਂ ਵਲੋਂ ਅਚਵੀਰਜ਼ ਨਾਲ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ ਮਾਣ-ਸਨਮਾਨ ਵੀ ਦਿੱਤਾ ਗਿਆ।