ਹਰੇਕ ਪ੍ਰੀਖਿਆ ਕੇਂਦਰ ਵਿੱਚ ਆਈ.ਏ.ਐਸ./ਪੀ.ਸੀ.ਐਸ. ਜਾਂ ਹੋਰ ਗਜ਼ਟਿਡ ਅਧਿਕਾਰੀ ਬਤੌਰ ਅਬਜ਼ਰਵਰ ਤਾਇਨਾਤ ਹੋਣਗੇ: ਰਮਨ ਬਹਿਲ
ਪ੍ਰੀਖਿਆ ਕੇਂਦਰਾਂ ਨੂੰ ਸਰਕਲਾਂ ਵਿੱਚ ਵੰਡ ਕੇ ਹਰੇਕ ਸਰਕਲ ਦਾ ਇੰਚਾਰਜ ਐਸ.ਪੀ./ਡੀ.ਐਸ.ਪੀਜ਼ ਪੱਧਰ ਦਾ ਅਧਿਕਾਰੀ ਲਾਇਆ
ਐਸ.ਏ.ਐਸ. ਨਗਰ, 4 ਅਗਸਤ। ਪੰਜਾਬ ਸਰਕਾਰ ਦੇ ਮਾਲ ਵਿਭਾਗ ਅਤੇ ਜਲ ਸਰੋਤ ਵਿਭਾਗ ਵਿੱਚ ਜ਼ਿਲ੍ਹੇਦਾਰ, ਮਾਲ ਪਟਵਾਰੀ ਅਤੇ ਨਹਿਰੀ ਪਟਵਾਰੀ ਦੀਆਂ 1152 ਅਸਾਮੀਆਂ ਲਈ ਲਗਪਗ 2 ਲੱਖ 34 ਹਜ਼ਾਰ ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਗਿਆ ਹੈ। ਇਸ ਪ੍ਰੀਖਿਆ ਲਈ ਪੰਜਾਬ ਭਰ ਦੇ 13 ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿੱਚ 550 ਤੋਂ ਵੱਧ ਪ੍ਰੀਖਿਆ ਕੇਂਦਰ ਬਣਾਏ ਗਏ ਹਨ।
ਪੰਜਾਬ ਰਾਜ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਇੱਥੇ ਬੋਰਡ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਜ਼ਿਲ੍ਹੇਦਾਰ, ਮਾਲ ਪਟਵਾਰੀ, (ਨਹਿਰੀ ਪਟਵਾਰੀ) ਦੀਆਂ 1152 ਅਸਾਮੀਆਂ ਲਈ ਲਿਖਤੀ ਪ੍ਰੀਖਿਆ ਮਿਤੀ 8 ਅਗਸਤ 2021 ਦਿਨ ਐਤਵਾਰ ਨੂੰ ਲਈ ਜਾ ਰਹੀ ਹੈ। ਲਿਖਤੀ ਪ੍ਰੀਖਿਆ ਲਈ ਐਡਮਿਟ ਕਾਰਡ, ਹਦਾਇਤਾਂ ਅਤੇ ਪ੍ਰੀਖਿਆ ਸਬੰਧੀ ਹੋਰ ਜਾਣਕਾਰੀ ਬੋਰਡ ਦੀ ਵੈੱਬਸਾਈਟ ਮਮਮ।ਤਤਤਲ।ਬਚਅਹ਼ਲ।ਪਰਡ।ਜਅ ਉਤੇ ਉਪਲਬਧ ਕਰਵਾਈ ਗਈ ਹੈ।
ਚੇਅਰਮੈਨ ਸ੍ਰੀ ਬਹਿਲ ਨੇ ਦੱਸਿਆ ਕਿ ਪ੍ਰੀਖਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਜ਼ਿਲ੍ਹੇ ਦਾ ਇੰਚਾਰਜ ਬਣਾਇਆ ਗਿਆ ਹੈ। ਹਰ ਪ੍ਰੀਖਿਆ ਕੇਂਦਰ ਵਿੱਚ ਆਈ.ਏ.ਐਸ./ਪੀ.ਸੀ.ਐਸ. ਜਾਂ ਹੋਰ ਗਜ਼ਟਿਡ ਅਧਿਕਾਰੀ ਬਤੌਰ ਅਬਜ਼ਰਵਰ ਲਗਾਏ ਗਏ ਹਨ। ਸੁਰੱਖਿਆ ਪ੍ਰਬੰਧਾਂ ਲਈ ਸਬੰਧਤ ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਨੂੰ ਇੰਚਾਰਜ ਬਣਾਇਆ ਗਿਆ ਹੈ। ਪੁਲਿਸ ਵਿਭਾਗ ਵੱਲੋਂ ਸੁਰੱਖਿਆ ਪ੍ਰਬੰਧਾਂ ਅਤੇ ਗੈਰ ਸਮਾਜੀ ਤੱਤਾਂ ਦੀਆਂ ਗਤੀਵਿਧੀਆਂ ਉਤੇ ਧਿਆਨ ਰੱਖਣ ਲਈ ਪ੍ਰੀਖਿਆ ਕੇਂਦਰਾਂ ਨੂੰ ਸਰਕਲਾਂ ਵਿੱਚ ਵੰਡਿਆ ਗਿਆ ਹੈ। ਹਰ ਸਰਕਲ ਦਾ ਇੰਚਾਰਜ ਐਸ.ਪੀ./ਡੀ.ਐਸ.ਪੀਜ਼ ਪੱਧਰ ਦਾ ਅਧਿਕਾਰੀ ਹੋਵੇਗਾ। ਪਹਿਲੇ ਪੜਾਅ ਦੀ ਪ੍ਰੀਖਿਆ ਵਿੱਚੋਂ ਕੈਟਾਗਰੀਵਾਈਜ਼ ਅਸਾਮੀਆਂ ਦੀ ਗਿਣਤੀ ਦਾ 10 ਗੁਣਾ ਉਪਰਲੀ ਮੈਰਿਟ ਵਾਲੇ ਉਮੀਦਵਾਰਾਂ ਦੀ ਦੂਜੇ ਪੜਾਅ ਦੀ ਪ੍ਰੀਖਿਆ ਲਈ ਜਾਵੇਗੀ, ਜਿਸ ਲਈ ਸਿਰਫ ਚੰਡੀਗੜ੍ਹ ਵਿਖੇ ਸੈਂਟਰ ਬਣਾਏ ਜਾਣਗੇ।
ਸ੍ਰੀ ਬਹਿਲ ਨੇ ਦੱਸਿਆ ਕਿ ਪ੍ਰੀਖਿਆ ਵਿੱਚ ਨਿਰਪੱਖਤਾ ਤੇ ਪਾਰਦਰਸ਼ਤਾ ਨੂੰ ਬਰਕਰਾਰ ਰੱਖਣ ਅਤੇ ਗੈਰ-ਸਮਾਜੀ ਤੱਤਾਂ ਦੀਆਂ ਕਾਰਵਾਈਆਂ ਨੂੰ ਰੋਕਣ ਹਿੱਤ ਉਮੀਦਵਾਰਾਂ ਦੇ ਪ੍ਰੀਖਿਆ ਕੇਂਦਰ ਉਨ੍ਹਾਂ ਦੇ ਆਪਣੇ ਜ਼ਿਲ੍ਹੇ ਦੀ ਬਜਾਏ ਦੂਜਿਆਂ ਜ਼ਿਲ੍ਹਿਆਂ ਵਿੱਚ ਬਣਾਏ ਗਏ ਹਨ। ਬੋਰਡ ਵੱਲੋਂ ਪੰਜਾਬ ਸਰਕਾਰ ਨੂੰ ਉਮੀਦਵਾਰਾਂ ਦੀ ਸਹੂਲਤ ਲਈ 8 ਅਗਸਤ ਨੂੰ ਸਰਕਾਰੀ ਬੱਸਾਂ ਦੇ ਸਾਰੇ ਟਾਇਮ ਚਲਾਉਣ ਅਤੇ ਬਿਜਲੀ ਵਿਭਾਗ ਨੂੰ ਪ੍ਰੀਖਿਆ ਕੇਂਦਰਾਂ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ।
ਚੇਅਰਮੈਨ ਨੇ ਦੱਸਿਆ ਕਿ ਇਹ ਭਰਤੀ ਨਿਰੋਲ ਮੈਰਿਟ ਦੇ ਆਧਾਰ ਉਤੇ ਕੀਤੀ ਜਾਵੇਗੀ। ਪ੍ਰੀਖਿਆ ਖ਼ਤਮ ਹੋਣ ਮਗਰੋਂ ਉਮੀਦਵਾਰਾਂ ਦੇ ਓ.ਐਮ.ਆਰ. ਸ਼ੀਟ ਦੀ ਸਕੈਨ ਕੀਤੀ ਕਾਪੀ ਬੋਰਡ ਦੀ ਵੈੱਬਸਾਈਟ ਉਤੇ ਉਪਲਬਧ ਕਰਵਾ ਦਿੱਤੀ ਜਾਵੇਗੀ।ਬੋਰਡ ਵਲੋਂ ਪ੍ਰੀਖਿਆ ਵਿੱਚ ਆਧੁਨਿਕ ਤਕਨੀਕ ਜਿਵੇਂ ਜੈਮਰ, ਬਾਇਓ ਮੀਟਰਿਕ, ਵੀਡੀਓਗ੍ਰਾਫੀ ਆਦਿ ਦੀ ਮਦਦ ਨਾਲ ਪ੍ਰੀਖਿਆਵਾਂ ਨੂੰ ਪਾਰਦਰਸ਼ਤਾ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਭਰਤੀ ਨਿਰੋਲ ਮੈਰਿਟ ਤੇ ਹੀ ਕੀਤੀ ਜਾਵੇਗੀ। ਇਸ ਪ੍ਰੀਖਿਆ ਦੌਰਾਨ ਕੋਈ ਇੰਟਰਵਿਊ ਨਹੀਂ ਹੋਵੇਗੀ। ਉਨ੍ਹਾਂ ਉਮੀਦਵਾਰਾਂ ਨੂੰ ਗੈਰ ਸਮਾਜੀ ਤੱਤਾਂ ਦੇ ਝਾਂਸੇ ਵਿੱਚ ਨਾ ਆਉਣ ਅਤੇ ਪ੍ਰੀਖਿਆ ਦੀ ਤਿਆਰੀ ਲਈ ਡਟਵੀਂ ਮਿਹਨਤ ਕਰਨ ਦਾ ਮਸ਼ਵਰਾ ਦਿੱਤਾ।