ਗੁਰਦਾਸਪੁਰ, 29 ਜੁਲਾਈ ( ਮੰਨਨ ਸੈਣੀ)। ਪ੍ਰੈੱਸ ਕਲੱਬ ਗੁਰਦਾਸਪੁਰ (ਰਜਿ.) ਦੀ ਇਕ ਮੀਟਿੰਗ ਪ੍ਰਧਾਨ ਕੇ.ਪੀ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ- ਵੱਖ ਅਖ਼ਬਾਰਾਂ ਦੇ ਮੈਂਬਰ ਪੱਤਰਕਾਰਾਂ ਨੇ ਹਿੱਸਾ ਲਿਆ ।
ਇਸ ਮੌਕੇ ਕਲੱਬ ਦੇ ਕਾਨੂੰਨੀ ਸਲਾਹਕਾਰ ਰਣਬੀਰ ਆਕਾਸ਼ ਦੇ ਭਰਾ ਮਨਜੀਤ ਸਿੰਘ ਉੱਪਰ ਬੀਤੇ ਦਿਨੀਂ ਕੁਝ ਲੁਟੇਰਿਆਂ ਵੱਲੋਂ ਕੀਤੇ ਗਏ ਜਾਨ ਲੇਵਾ ਹਮਲੇ ਉੱਪਰ ਗੰਭੀਰ ਵਿਚਾਰ ਚਰਚਾ ਕੀਤੀ ਗਈ । ਸਮੂਹ ਪੱਤਰਕਾਰਾਂ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਹਾਲਾਤ ਉੱਪਰ ਵੀ ਚਿੰਤਾ ਜਤਾਈ । ਇਹ ਮਹਿਸੂਸ ਕੀਤਾ ਗਿਆ ਕਿ ਸ਼ਹਿਰ ਅਤੇ ਆਸ ਪਾਸ ਇਲਾਕਿਆਂ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋਣ ਨਾਲ ਆਮ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ । ਸਮੂਹ ਮੈਂਬਰਾਂ ਨੇ ਮਨਜੀਤ ਉੱਪਰ ਹਮਲਾ ਕਰਨ ਵਾਲਿਆਂ ਦੀ 5 ਦਿਨ ਬਾਅਦ ਵੀ ਗ੍ਰਿਫ਼ਤਾਰੀ ਨਾ ਹੋਣ ‘ਤੇ ਰੋਸ ਦਾ ਪ੍ਰਗਟਾਵਾ ਕੀਤਾ । ਇਸ ਉਪਰੰਤ ਸਮੂਹ ਪੱਤਰਕਾਰਾਂ ਦਾ ਇਕ ਵਫ਼ਦ ਐੱਸਐੱਸਪੀ ਨੂੰ ਡਾ. ਨਾਨਕ ਸਿੰਘ ਨੂੰ ਮਿਲਿਆ । ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਪਹਿਲੇ ਦਿਨ ਤੋਂ ਹੀ ਪੂਰੀ ਸਰਗਰਮੀ ਨਾਲ ਅਣਪਛਾਤੇ ਲੁਟੇਰਿਆਂ ਦਾ ਸੁਰਾਗ ਲਗਾਉਣ ਦੀ ਮੁਹਿੰਮ ਆਰੰਭ ਦਿੱਤੀ ਗਈ ਸੀ ਅਤੇ ਕਈ ਅਹਿਮ ਸੁਰਾਗ ਵੀ ਹੱਥ ਲੱਗੇ ਹਨ । ਅਗਲੇ ਕੁਝ ਦਿਨਾਂ ਵਿੱਚ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹਿਰ ਵਿੱਚ ਪੀਸੀਆਰ ਦੀ ਗਸ਼ਤ ਵਧਾਈ ਜਾਵੇਗੀ ।
ਇਸ ਮੌਕੇ ਰਣਬੀਰ ਆਕਾਸ਼ ਤੋਂ ਇਲਾਵਾ ਪੱਤਰਕਾਰ ਹਰਮਨਪ੍ਰੀਤ ਸਿੰਘ, ਸੰਜੀਵ ਸਰਪਾਲ, ਨਿਖਿਲ ਕੁਮਾਰ, ਅਸ਼ਵਨੀ ਕੁਮਾਰ, ਰਵੀ ਕੁਮਾਰ, ਸੰਦੀਪ ਕੁਮਾਰ, ਨਿਰਦੋਸ਼ ਸ਼ਰਮਾ, ਦੀਕਸ਼ਾਂਤ ਗੁਪਤਾ, ਅਸ਼ੋਕ ਕੁਮਾਰ ਥਾਪਾ, ਰਜਿੰਦਰ ਕੁਮਾਰ , ਰਾਹੁਲ ਕੁਮਾਰ ਆਦਿ ਮੌਜੂਦ ਸਨ ।