ਡਰਾਈਵਰ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਦਾ ਧੰਨਵਾਦ
ਗੁਰਦਾਸਪੁਰ, 20 ਜੁਲਾਈ ( ਮੰਨਨ ਸੈਣੀ)। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਰਾਈਵਰਾਂ ਦੀ ਸਹੂਲਤ ਬਣਾਏ ਗਏ ਕਮਰੇ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ), ਮੇਜਰ ਅਮਿਤ ਮਹਾਜਨ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਗੁਰਮੀਤ ਸਿੰਘ ਜਿਲਾ ਮਾਲ ਅਫਸਰ, ਨਿਰਮਲ ਸਿੰਘ ਐਸ.ਡੀ.ਓ (ਪੀ.ਡਬਲਿਊ.ਡੀ) ਗੁਰਦਾਸਪੁਰ ਮੋਜੂਦ ਸਨ।
ਸਮੂਹ ਸਰਕਾਰੀ ਗੱਡੀਆਂ ਦੇ ਡਰਾਈਵਰਾਂ ਨੂੰ ਬੈਠਣ ਅਤੇ ਖਾਣਾਖਾਣ ਆਦਿ ਸਬੰਧੀ ਕਾਫੀ ਮੁਸ਼ਕਿਲ ਪੇਸ਼ ਆਉਂਦੀ ਸੀ, ਜਿਸ ਲਈ ਉਨਾਂ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਸੀ ਕਿ ਡਰਾਈਵਰਾਂ ਦੀ ਸਹੂਲਤ ਲਈ ਇਕ ਕਮਰੇ ਦੀ ਉਸਾਰੀ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਵਲੋਂ ਡਰਾਈਵਰਾਂ ਦੀ ਮੰਗ ਪੂਰੀ ਕਰਦਿਆਂ ਉਨਾਂ ਦੀ ਸਹੂਲਤ ਲਈ ਇਕ ਬਹੁਤ ਹੀ ਸਾਨਦਾਰ ਕਮਰੇ ਦਾ ਨਿਰਮਾਣ ਕਰਵਾਇਆ ਗਿਆ। ਪੀ.ਡਬਲਿਊ.ਡੀ ਵਿਭਾਗ ਵਲੋਂ ਇਸ ਕਮਰੇ ਦੀ ਮੁਕੰਮਲ ਤਿਆਰੀ ਕਰੀਬ 3 ਮਹੀਨੇ ਵਿਚ ਪੂਰੀ ਕਰ ਦਿੱਤੀ ਗਈ, ਜਿਸਦਾ ਅੱਜ ਉਦਘਾਟਨ ਕੀਤਾ ਗਿਆ।
ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ, ਜਿਸ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਗੁਰਨਾਮ ਸਿੰਘ ਨੇ ਡਿਪਟੀ ਕਮਿਸ਼ਨਰ ਵਲੋਂ ਡਰਾਈਵਰਾਂ ਦੀ ਸਹੂਲਤ ਲਈ ਉਸਾਰੇ ਗਏ ਕਮਰੇ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਕਮਰਾ ਬਨਣ ਨਾਲ ਗਰਮੀ ਤੇ ਸਰਦੀ ਦੇ ਮੌਸਮ ਵਿਚ ਡਰਾਈਵਰਾਂ ਨੂੰ ਬਹੁਤ ਸਹੂਲਤ ਮਿਲੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਸਮੇਤ ਵੱਖ-ਵੱਖ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਡਰਾਈਵਰ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ, ਉੱਦਮ ਸਿੰਘ, ਸੁਖਦੇਵ ਸਿੰਘ, ਲਖਵਿੰਦਰ ਸਿੰਘ, ਬਲਕਾਰ ਸਿੰਘ, ਤਰਸੇਮ ਸਿੰਘ ਤੇ ਰਜਿੰਦਰ ਸਿੰਘ ਆਦਿ ਮੋਜੂਦ ਸਨ।