ਗੁਰਦਾਸਪੁਰ, 15 ਜੁਲਾਈ ( ਮੰਨਨ ਸੈਣੀ )। ਹਯਾਤਨਗਰ ਗੁਰਦਾਸਪੁਰ ਦੇ ਵਸਨੀਕ ਜਸਬੀਰ ਸਿੰਘ, ਉਮਰ 71 ਸਾਲ ਪਿਛਲੇ 50 ਸਾਲਾਂ ਤੋਂ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਕਰ ਰਹੇ ਹਨ। ਜਸਬੀਰ ਸਿੰਘ ਨੇ ਦੱਸਿਆ ਕਿ ਉਹ ਖੂਨਦਾਨ ਕਰਨ ਦੇ ਨਾਲ-ਨਾਲ ਵਾਤਾਵਰਣ ਦੀ ਸਾਂਭ-ਸੰਭਾਲ ਲਈ ਮੁਫਤ ਪੌਦੇ ਵੰਡਦੇ ਹਨ।
ਉਨਾਂ ਅੱਗੇ ਦੱਸਿਆ ਕਿ ਕਰੀਬ 1991 ਤੋਂ ਲੋਕਾਂ ਨੂੰ ਆਪਣੀ ਨਰਸਰੀ ਵਿਚ ਬੂਟੇ ਤਿਆਰ ਕਰਕੇ ਵੰਡ ਰਹੇ ਹਨ। ਮੋਸਮੀ ਅਤੇ ਮੈਡੀਸਨ ਪੌਦੇ ਉਸ ਵਲੋਂ ਲੋਕਾਂ ਨੂੰ ਦਿੱਤੇ ਜਾਂਦੇ ਹਨ। ਪੌਦਿਆਂ ਵਿਚ ਤੁਲਸੀ, ਨਿਆਜਬੋਜ, ਕੁਆਰ ਗੰਧਲ, ਨਿੰਮ, ਅਰਜਨ ਖਾਲ, ਕਰੀ ਪੱਤਾ ਤੇ ਕਨੇਰ ਆਦਿ ਸ਼ਾਮਿਲ ਹਨ। ਉਨਾਂ ਦਾ ਕਹਿਣਾ ਹੈ ਕਿ ਉਹ ਘਰਾਂ ਵਿਚ ਤੇ ਖਾਸਕਰਕੇ ਗਮਲਿਆਂ ਵਿਚ ਲੱਗਣ ਵਾਲੇ ਬੂਟੇ ਲੋਕਾਂ ਨੂੰ ਵੰਡਦੇ ਹਨ। ਉਸਨੇ ਅੱਗੇ ਕਿਹਾ ਕਿ ਦਿਨੋ ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਚਾਹੀਦਾ ਹੈ ਤੇ ਪੌਦੇ ਲਗਾ ਕੇ ਉਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ।
ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਭਲਾਈ ਲਈ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ ਤਾਂ ਜੋ ਲੋੜ ਪੈਣ ਤੇ ਕੀਮਤੀ ਜਾਨ ਬਚਾਈ ਜਾ ਸਕੇ। ਨਾਲ ਹੀ ਉਨਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਅਸੀਂ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਈਏ। ਵੱਧ ਤੋਂ ਵੱਧ ਪੌਦੇ ਲਗਾਈਏ ਤੇ ਉਨਾਂ ਦੀ ਸੰਭਾਲ ਕਰੀਏ।