ਤਕਰੀਬਨ 20,000 ਉਮੀਦਵਾਰਾਂ ਵੱਲੋਂ ਪੰਜਾਬ ਪੁਲਿਸ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਫਿਜ਼ੀਕਲ ਕੋਚਿੰਗ ਦਾ ਲਿਆ ਜਾ ਰਿਹੈ ਲਾਭ
ਚੰਡੀਗੜ, 11 ਜੁਲਾਈ:ਕਾਂਸਟੇਬਲਾਂ, ਹੈੱਡ-ਕਾਂਸਟੇਬਲਾਂ ਅਤੇ ਸਬ-ਇੰਸਪੈਕਟਰਾਂ ਦੀ ਭਰਤੀ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਦਿੱਤੇ ਜਾ ਰਹੇ ਮੁਫ਼ਤ ਫਿਜ਼ੀਕਲ ਕੋਚਿੰਗ ਅਤੇ ਸਿਖਲਾਈ ਸ਼ੈਸ਼ਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸੂਬੇ ਭਰ ਵਿਚ 20000 ਤੋਂ ਵੱਧ ਇਛੁੱਕ ਉਮੀਦਵਾਰਾਂ ਨੇ ਸਿਖਲਾਈਯਾਫ਼ਤਾ ਕੋਚਾਂ ਅਤੇ ਡਰਿੱਲ ਇੰਸਟ੍ਰੱਕਟਰਾਂ ਦੀ ਨਿਗਰਾਨੀ ਹੇਠ ਸਰੀਰਕ ਜਾਂਚ ਟੈਸਟ (ਪੀ.ਐਸ.ਟੀ.) ਲਈ ਆਪਣੀ ਸਿਖਲਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.), ਪੰਜਾਬ ਦਿਨਕਰ ਗੁਪਤਾ ਦੇ ਨਿਰਦੇਸ਼ਾਂ ਤੋਂ ਬਾਅਦ, ਸਾਰੇ ਸੀਪੀਜ਼/ ਐਸਐਸਪੀਜ਼ ਨੇ ਆਪਣੇ ਸਬੰਧਤ ਜ਼ਿਲਿਆਂ ਵਿਚ 27 ਜੂਨ, 2021 ਤੋਂ ਫਿਜ਼ੀਕਲ ਟਰਾਇਲ ਈਵੈਂਟਾਂ ਲਈ ਮੁਫਤ ਕੋਚਿੰਗ ਸੈਸ਼ਨ ਸ਼ੁਰੂ ਕਰ ਦਿੱਤੇ ਸਨ। ਵੇਰਵੇ ਸਾਂਝੇ ਕਰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 20000 ਤੋਂ ਵੱਧ ਉਮੀਦਵਾਰਾਂ, ਜਿਨਾਂ ਵਿੱਚੋਂ ਤੀਜਾ ਹਿੱਸਾ ਲੜਕੀਆਂ ਹਨ, ਜੋ ਕਿ ਪੁਲਿਸ ਫੋਰਸ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ, ਨੇ ਜ਼ਿਲੇ ਦੇ ਪੁਲਿਸ ਲਾਈਨ ਗਰਾਊਂਡਾਂ ਵਿੱਚ ਆਪਣੀ ਸਰੀਰਕ ਸਿਖਲਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪੁਲਿਸ ਲਾਈਨਾਂ ਤੋਂ ਇਲਾਵਾ, ਪੰਜਾਬ ਸਰਕਾਰ ਨੇ ਪ੍ਰੈਕਟਿਸ / ਤਿਆਰੀ ਲਈ ਜਨਤਕ ਥਾਵਾਂ, ਜਨਤਕ ਪਾਰਕ ਅਤੇ ਸਟੇਡੀਅਮ ਵੀ ਖੋਲ ਦਿੱਤੇ ਸਨ।
ਡੀਜੀਪੀ ਨੇ ਕਿਹਾ ਕਿ ਉਮੀਦਵਾਰਾਂ ਦੀ ਪ੍ਰੈਕਟਿਸ ਲਈ ਪੁਲਿਸ ਵੱਲੋਂ ਸਿਖਲਾਈ ਪ੍ਰਾਪਤ ਕੋਚਾਂ ਤੋਂ ਇਲਾਵਾ ਲੋੜੀਂਦੇ ਖੇਡ ਉਪਕਰਨ ਜਿਸ ਵਿੱਚ ਉਮੀਦਵਾਰਾਂ ਦੇ ਅਭਿਆਸ ਲਈ ਹਾਈ ਜੰਪ ਸਟੈਂਡ / ਗੱਦੇ ਅਤੇ ਲੰਬੀ ਛਾਲ ਲਈ ਬੁਨਿਆਦੀ ਢਾਂਚਾ ਸ਼ਾਮਲ ਹੈ, ਵੀ ਪ੍ਰਦਾਨ ਕੀਤੇ ਜਾ ਰਹੇ ਹਨ।
ਡੀਜੀਪੀ ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੁਝ ਜ਼ਿਲਿਆਂ ਨੇ ਸੂਬੇ ਦੇ ਹੁਨਰਮੰਦ ਨੌਜਵਾਨਾਂ ਦੀ ਭਰਤੀ ਲਈ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਦੀ ਕੋਚਿੰਗ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ।ਜਲਦ ਹੀ ਹੋਰਨਾਂ ਸਾਰੇ ਜ਼ਿਲਿਆਂ ਵੱਲੋਂ ਵੀ ਲਿਖਤੀ ਟੈਸਟਾਂ ਸਬੰਧੀ ਉਮੀਦਵਾਰਾਂ ਲਈ ਕੋਚਿੰਗ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਜੋ ਹਰੇਕ ਸੰਭਾਵਿਤ ਉਮੀਦਵਾਰ ਨੂੰ ਨਿਰਪੱਖ ਅਤੇ ਬਰਾਬਰ ਮੌਕੇ ਦਿੱਤੇ ਜਾ ਸਕਣ ਅਤੇ ਉਹ ਅਗਾਮੀ ਪੁਲਿਸ ਭਰਤੀਆਂ ਵਿੱਚ ਪੂਰੇ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਭਾਗ ਲੈ ਸਕਣ।
ਉਨਾਂ ਕਿਹਾ ਕਿ ਹਰੇਕ ਜ਼ਿਲੇ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ, ਜੋ ਭਰਤੀ ਪ੍ਰਕਿਰਿਆ ਚੱਲਣ ਤੱਕ ਉਮੀਦਵਾਰਾਂ ਨੂੰ ਸਰੀਰਕ ਸਿਖਲਾਈ ਅਤੇ ਮੁਫਤ ਕੋਚਿੰਗ ਕਲਾਸਾਂ ਵਿੱਚ ਸਹਾਇਤਾ ਕਰਨਗੇ। ਮੁਫ਼ਤ ਕੋਚਿੰਗ ਲੈਣ ਦਾ ਇਛੁੱਕ ਕੋਈ ਵੀ ਉਮੀਦਵਾਰ ਨੋਡਲ ਅਧਿਕਾਰੀਆਂ, ਜੋ ਹਰੇਕ ਜ਼ਿਲੇ ਲਈ ਨਿਯੁਕਤ ਕੀਤੇ ਗਏ ਹਨ, ਨਾਲ ਸੰਪਰਕ ਕਰ ਸਕਦਾ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਜ਼ਿਲਾ ਪੁਲਿਸ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਅਤੇ ਇੰਟੈਲੀਜੈਂਸ ਅਫ਼ਸਰਾਂ ਸਮੇਤ ਵੱਖ-ਵੱਖ ਕਾਡਰਾਂ ਵਿਚ 560 ਸਬ-ਇੰਸਪੈਕਟਰਾਂ ਦੀ ਸਿੱਧੀ ਭਰਤੀ ਲਈ ਆਨਲਾਈਨ ਅਰਜ਼ੀਆਂ ਪਹਿਲਾਂ ਹੀ ਮੰਗੀਆਂ ਜਾ ਚੁੱਕੀਆਂ ਹਨ ਅਤੇ ਚਾਹਵਾਨ ਉਮੀਦਵਾਰ 27 ਜੁਲਾਈ, 2021 ਤੱਕ ਆਪਣੀਆਂ ਅਰਜ਼ੀਆਂ ਜਮਾਂ ਕਰਵਾ ਸਕਦੇ ਹਨ। ਉਨਾਂ ਕਿਹਾ ਕਿ ਜ਼ਿਲਾ ਅਤੇ ਆਰਮਡ ਕਾਡਰਾਂ ਵਿਚ ਤਕਰੀਬਨ 4400 ਕਾਂਸਟੇਬਲਾਂ ਦੀ ਸਿੱਧੀ ਭਰਤੀ ਲਈ ਵੀ ਅਰਜ਼ੀਆਂ ਇਕ ਹਫ਼ਤੇ ਦੇ ਅੰਦਰ-ਅੰਦਰ ਮੰਗੀਆਂ ਜਾਣਗੀਆਂ ਅਤੇ ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਜਮਾਂ ਕਰਵਾ ਸਕਣਗੇ।ਡੀਜੀਪੀ ਦਿਨਕਰ ਗੁਪਤਾ ਨੇ ਇੱਕ ਵਾਰ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਉਠਾਉਣ ਅਤੇ ਜਲਦ ਤੋਂ ਜਲਦ ਲਿਖਤੀ ਅਤੇ ਸਰੀਰਕ ਜਾਂਚ ਟੈਸਟ ਸਬੰਧੀ ਤਿਆਰੀਆਂ ਸ਼ੁਰੂ ਕਰ ਦੇਣ। ਉਨਾਂ ਭਰਤੀ ਹੋਣ ਦੇ ਇਛੁੱਕ ਉਮੀਦਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਭਰਤੀ ਬਿਲਕੁਲ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਪੀ.ਐਸ.ਟੀ. ਵਿੱਚ 1600 ਮੀਟਰ ਦੌੜ, ਉੱਚੀ ਛਾਲ ਅਤੇ ਲੰਬੀ ਛਾਲ ਸਮੇਤ ਤਿੰਨ ਫਿਜ਼ੀਕਲ ਟਰਾਇਲ ਈਵੈਂਟ ਸ਼ਾਮਲ ਹਨ। ਹਾਲਾਂਕਿ, ਮਹਿਲਾ ਉਮੀਦਵਾਰਾਂ ਅਤੇ ਸਾਬਕਾ ਸੈਨਿਕਾਂ ਲਈ ਸਰੀਰਕ ਜਾਂਚ ਟੈਸਟ ਦੇ ਮਾਪਦੰਡ ਵੱਖਰੇ ਹੋਣਗੇ।