ਪੰਜਾਬ ਓਲੰਪਿਕ ਭਵਨ ਦੇ ਹਾਲ ਆਫ ਫੇਮ ਵਿੱਚ ਸਥਾਪਤ ਕੀਤੇ ਬਲਬੀਰ ਸਿੰਘ ਸੀਨੀਅਰ, ਮਿਲਖਾ ਸਿੰਘ ਤੇ ਅਭਿਨਵ ਬਿੰਦਰਾ ਦੇ ਬੁੱਤਾਂ ਦਾ ਜਲਦ ਕੀਤਾ ਜਾਵੇਗਾ ਉਦਘਾਟਨ
ਚੰਡੀਗੜ, 22 ਜੂਨ। ਪੰਜਾਬ ਓਲੰਪਿਕ ਐਸੋਸੀਏਸ਼ਨ ਨੇ ਇੱਕ ਵਿਸ਼ੇਸ਼ ਮਤੇ ਰਾਹੀਂ ਭਾਰਤ ਦੇ ਮਹਾਨ ਅਥਲੀਟ ਸ੍ਰੀ ਮਿਲਖਾ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘਾ ਦੁੱਖ ਪ੍ਰਗਟਾਇਆ। ਮਿਲਖਾ ਸਿੰਘ ਦਾ ਬੀਤੀ 18 ਜੂਨ ਨੂੰ 91 ਦੇਹਾਂਤ ਹੋ ਗਿਆ ਸੀ।
ਪੰਜਾਬ ਓਲੰਪਿਕ ਐਸੋਸੀਏਸ਼ਨ ਵਲੋਂ ਜਲਦ ਹੀ ਪੰਜਾਬ ਓਲੰਪਿਕ ਭਵਨ, ਮੁਹਾਲੀ ਵਿਖੇ ਇੱਕ ‘ਹਾਲ ਆਫ ਫੇਮ’ ਦਾ ਉਦਘਾਟਨ ਕੀਤਾ ਜਾਵੇਗਾ, ਜਿੱਥੇ ਹਾਕੀ ਵਿੱਚ ਤਿੰਨ ਓਲੰਪਿਕ ਸੋਨ ਤਮਗੇ ਜਿੱਤਣ ਵਾਲੇ ਸਵ. ਬਲਬੀਰ ਸਿੰਘ ਸੀਨੀਅਰ, ਸ੍ਰੀ ਮਿਲਖਾ ਸਿੰਘ ਅਤੇ ਓਲੰਪਿਕ ਚੈਂਪੀਅਨ ਸ੍ਰੀ ਅਭਿਨਵ ਬਿੰਦਰਾ ਦੇ ਬੁੱਤ ਸਥਾਪਤ ਕਰ ਕੇ ਸਨਮਾਨਤ ਕੀਤਾ ਜਾਵੇਗਾ।
ਪੰਜਾਬ ਓਲੰਪਿਕ ਐਸੋਸ਼ੀਏਸ਼ਨ ਦੇ ਪ੍ਰਧਾਨ ਸ੍ਰੀ ਬ੍ਰਹਮ ਮਹਿੰਦਰਾ, ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਜਦੀਪ ਸਿੰਘ ਗਿੱਲ ਅਤੇ ਜਨਰਲ ਸਕੱਤਰ ਰਾਜਾ ਕੇ.ਐਸ.ਸਿੱਧੂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ ਦੇ ਵਧੀਕ ਡਾਇਰੈਕਟਰ ਅਤੇ ਸਕੂਲ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ (ਖੇਡਾਂ) ਵਜੋਂ ਸੇਵਾ ਨਿਭਾ ਚੁੱਕੇ ਮਿਲਖਾ ਸਿੰਘ ਓਲੰਪਿਕ ਖੇਡਾਂ ਦੇ ਅਥਲੈਟਿਕਸ ਫਾਈਨਲ ਵਿੱਚ ਚੌਥੇ ਸਥਾਨ ‘ਤੇ ਆਉਣ ਵਾਲੇ ਪਹਿਲੇ ਭਾਰਤੀ ਅਥਲੀਟ ਸਨ। 1960 ਦੀਆਂ ਰੋਮ ਓਲੰਪਿਕਸ ਵਿੱਚ 400 ਮੀਟਰ ਦੌੜ ਵਿੱਚ ਦੌੜਦਿਆਂ ਉਨ੍ਹਾਂ ਫਾਈਨਲ ਵਿੱਚ ਮੌਜੂਦਾ ਓਲੰਪਿਕ ਰਿਕਾਰਡ ਤੋੜਦਿਆਂ ਚੌਥਾ ਸਥਾਨ ਹਾਸਲ ਕੀਤਾ ਸੀ। ਉਨ੍ਹਾਂ ਦਾ ਇਹ ਰਿਕਾਰਡ 40 ਸਾਲਾਂ ਤੋਂ ਵੱਧ ਸਮਾਂ ਕਾਇਮ ਰਿਹਾ।
ਉਹ ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੋਵਾਂ ਵਿੱਚ ਅਥਲੈਟਿਕਸ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਸਨ। ਮਿਲਖਾ ਸਿੰਘ ਨੇ 1958 ਦੀਆਂ ਟੋਕੀਓ ਏਸ਼ਿਆਈ ਖੇਡਾਂ ਅਤੇ 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਦੋ-ਦੋ ਸੋਨ ਤਮਗੇ ਜਿੱਤੇ। ਉਨ੍ਹਾਂ 1958 ਵਿੱਚ ਕਾਰਡਿਫ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸੋਨੇ ਦਾ ਤਮਗਾ ਜਿੱਤਿਆ। ਉਨ੍ਹਾਂ ਨੂੰ 1959 ਵਿਚ ਭਾਰਤ ਸਰਕਾਰ ਵੱਲੋਂ ਪਦਮ ਸ੍ਰੀ ਨਾਲ ਨਿਵਾਜਿਆ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਸ. ਮਿਲਖਾ ਸਿੰਘ ਨੇ ਦੇਸ਼ ਦੇ ਹਜ਼ਾਰਾਂ ਖਿਡਾਰੀਆਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਕਦੇ ਹਾਰ ਨਾ ਮੰਨਣ ਲਈ ਪ੍ਰੇਰਿਆ। ਉਹ ਇੱਕ ਉੱਘਾ ਚੈਂਪੀਅਨ ਸੀ ਜੋ ਹਲੀਮੀ ਭਰੀ ਸ਼ੁਰੂਆਤ ਤੋਂ ਉਭਰਿਆ, ਦੁੱਖਾਂ ਚੋਂ ਲੰਘਿਆ ਅਤੇ ਆਪਣੀ ਜ਼ਿੰਦਗੀ ਵਿੱਚ ਦ੍ਰਿੜਤਾ, ਮਿਹਨਤ ਅਤੇ ਕਦੇ ਵੀ ਹਾਰ ਨਾ ਮੰਨਣ ਵਾਲੇ ਕਿਰਦਾਰ ਕਰਕੇ ਮਹਾਨ ਬਣਿਆ।
ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਸ. ਮਿਲਖਾ ਸਿੰਘ ਅਤੇ ਸ੍ਰੀਮਤੀ ਨਿਰਮਲ ਮਿਲਖਾ ਸਿੰਘ ਦੇ ਅਕਾਲ ਚਲਾਣੇ ਉਤੇ ਉਨ੍ਹਾਂ ਦੇ ਪੁੱਤਰ ਜੀਵ ਮਿਲਖਾ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।