ਗੁਰਦਾਸਪੁਰ 16 ਜੂਨ (ਮੰਨਨ ਸੈਣੀ )। ਮੋਦੀ ਸਰਕਾਰ ਵਲੋਂ ਭੀਮਾ ਕੋਰੇਗਾਓਂ ਸਾਜਿਸ਼ ਹੇਠ ਯੂ ਏ ਪੀ ਏ ਦੇ ਝੂਠੇ ਕੇਸਾਂ ਤਹਿਤ ਜੇਲ੍ਹਾਂ ਵਿੱਚ ਡੱਕੇ ਦੇਸ਼ ਦੇ ਨਾਮਵਰ ਬੁੱਧੀਜੀਵੀਆਂ,ਜਮਹੂਰੀ ਅਧਿਕਾਰ ਕਾਰਕੁੰਨ, ਵਕੀਲਾਂ, ਲੇਖਕਾਂ, ਕਲਾਕਾਰਾਂ ਤੇ ਪੱਤਰਕਾਰਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਗੁਰਦਾਸਪੁਰ ਇਕਾਈ ਵੱਲੋਂ ਕੀਤੀ ਗਈ । ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਜਮਹੂਰੀ ਅਧਿਕਾਰ ਸਭਾ ਪੰਜਾਬ,ਇਕਾਈ ਗੁਰਦਾਸਪੁਰ ਵਲੋਂ ਅੱਜ ਸਥਾਨਕ ਫਿਸ਼ ਪਾਰਕ ਵਿਖੇ ਇਕ ਛੋਟਾ ਪਰ ਪ੍ਰਭਾਵਸ਼ੈਲੀ ਸਮਾਗਮ ਸਭਾ ਦੇ ਜਿਲਾ ਪ੍ਰਧਾਨ ਡਾਕਟਰ ਜਗਜੀਵਨ ਲਾਲ ਦੀ ਪ੍ਰਧਾਨਗੀ ਵਿੱਚ ਕੀਤਾ ਗਿਆ ।
ਇਕੱਤਰ ਹੋਏ ਵਿਅਕਤੀਆਂ ਨੂੰ ਸੰਬੋਧਨ ਕਰਦੇ ਹੋਏ ਜਿਲਾ ਸੱਕਤਰ ਅਸ਼ਵਨੀ ਕੁਮਾਰ , ਹਰਭਜਨ ਸਿੰਘ ਮਾਂਗਟ ,ਅਮਰਜੀਤ ਸਿੰਘ ਮੰਨੀ , ਅਨੇਕ ਚੰਦ , ਜੋਗਿੰਦਰ ਪਾਲ , ਬਲਵਿੰਦਰ ਕੋਰ , ਅਮਰਜੀਤ ਸ਼ਾਸਤਰੀ , ਅਮਰਕਰਾਂਤੀ ਅਤੇ ਸੁਰਿੰਦਰ ਸਿੰਘ ਕੋਠੇ ਨੇ ਕਿਹਾ ਕਿ ਭੀਮਾ ਕੋਰੇਗਾਓਂ ‘ਸਾਜਿਸ’ ਕੇਸ ਚ ਗੈਰ- ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਜਮਹੂਰੀ ਕਾਰਕੁਨਾਂ ਦੀਆਂ ਗ੍ਰਿਫਤਾਰੀਆ ਸ਼ੁਰੂ ਹੋਈਆਂ ਨੂੰ ਤਿੰਨ ਸਾਲ ਹੋ ਗਏ ਹਨ। 6 ਜੂਨ 2018 ਨੂੰ ਪੂਨਾ ਮਹਾਰਾਸ਼ਟਰਾ ਪੁਲੀਸ ਨੇ ਪ੍ਰਮੁੱਖ ਬੁਧੀਜੀਵੀਆਂ ਸੁਰਿੰਦਰ ਗੈਡਲਿੰਗ, ਸੁਧੀਰ ਧਾਵਲੇ, ਰੋਨਾ ਵਿਲਸਨ, ਸੋਮਾ ਸੈਨ, ਮਾਹੇਸ਼ ਰਾਊਤ ਨੂੰ ਗ੍ਰਿਫਤਾਰ ਕਰ ਲਿਆ ਸੀ। ਫਿਰ 28 ਅਗਸਤ 2018 ਨੂੰ ਪੂਨਾ ਪੁਲਸ ਨੇ ਵਰਵਰਾ ਰਾਓ, ਸੁਧਾ ਭਾਰਦਵਾਜ, ਅਰੁਣ ਫਰੇਰਾ, ਗੌਤਮ ਨਵਲੱਖਾ, ਵਰਨੌਨ ਗੌਂਜਾਲਵੇ ਦੇ ਘਰਾਂ ਉਪਰ ਛਾਪੇ ਮਾਰੇ।
ਸੁਪਰੀਮ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਉਪਰ ਰੋਕ ਲਾਉਂਦਿਆਂ ਉਹਨਾਂ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ। ਪਰ ਅਰੁਣ ਫਰੇਰਾ ਅਤੇ ਵਰਨੌਨ ਗੌਂਜਾਲਵੇ ਨੂੰ 26 ਅਕਤੂਬਰ, ਸੁਧਾ ਭਾਰਦਵਾਜ ਨੂੰ 27 ਅਕਤੂਬਰ ਅਤੇ 17 ਨਵੰਬਰ 2018 ਨੂੰ ਵਰਵਰਾ ਰਾਓ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਕੜੀ ਵਿੱਚ 14 ਅਪ੍ਰੈਲ 2020 ਨੂੰ ਗੌਤਮ ਨਵਲੱਖਾ ਅਤੇ ਪ੍ਰੋਫੈਸਰ ਅਨੰਦ ਤੇਲ ਤੂੰਬੜੇ ਨੂੰ ਆਤਮ ਸਮਰਪਨ ਕਰਨਾ ਪਿਆ। 28 ਜੁਲਾਈ 2020 ਨੂੰ ਪ੍ਰੋਫੈਸਰ ਹਨੀ ਬਾਬੂ ਅਤੇ 9 ਅਕਤੂਬਰ 2020 ਨੂੰ ਫਾਦਰ ਸਟੈਨ ਸੁਆਮੀ ਨੂੰ ਵੀ ਸੀਖਾਂ ਪਿੱਛੇ ਬੰਦ ਕਰ ਦਿੱਤਾ। ਇਹਨਾਂ ਬੁਧੀਜੀਵੀਆਂ, ਜਮਹੂਰੀ ਕਾਰਕੁਨਾ, ਵਕੀਲਾਂ, ਲੇਖਕਾਂ ਨੂੰ ਗ੍ਰਿਫਤਾਰ ਕਰਨ ਦਾ ਪ੍ਰਮੁੱਖ ਸਬੂਤ ਰੋਨਾ ਵਿਲਸ਼ਨ ਦੇ ਕੰਮਪਿਊਟਰ ਵਿੱਚੋਂ ਮਿਲਿਆ ਇੱਕ ਪੱਤਰ ਹੈ ਜਿਸ ਬਾਰੇ ਅਮਰੀਕਾ ਦੀ ਇੱਕ ਪ੍ਰੁਮੁੱਖ ਸੰਸਥਾ ਨੇ ਇਸ ਕੰਮਪਿਊਟਰ ਵਿੱਚ ਬਾਹਰੋ ਘੁਸੇੜਿਆ ਗਰਦਾਨਿਆ ਹੈ।
ਫਾਦਰ ਸਟੇਨ ਸੁਆਮੀ ਕਰੋਨਾ ਤੋ ਪੀੜਤ ਹਨ ਪਰ ਉਹਨਾ ਨੂੰ ਜਮਾਨਤ ਵੀ ਨਹੀਂ ਦਿੱਤੀ ਗਈ। ਇਹ ਸਾਰੇ ਕਾਰਕੁਨ 60 ਸਾਲ ਤੋਂ ਵਧੇਰੇ ਉਮਰ ਦੇ ਹਨ। ਇਸੇ ਤਰ੍ਹਾਂ ਸਰਕਾਰ ਦੀ ਅਲੋਚਨਾ ਕਰਨ ਵਾਲਿਆਂ ਸਮੇਤ ਨਾਗਰਿਕਤਾ ਸੋਧ ਕਾਨੂੰਨ ਸਮੇਤ ਹੋਰ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਧੋ੍ਹ ਤੇ ਯੂਏਪੀਏ ਤਹਿਤ ਲਗਾਤਾਰ ਗ੍ਰਿਫਤਾਰ ਕਰਨ ਦਾ ਦੌਰ ਜਾਰੀ ਹੈ। ਇਸ ਲਈ ਜਮਹੂਰੀ ਅਧਿਕਾਰ ਸਭਾ ਭੀਮਾ ਕੋਰੇਗਾਓਂ ਸਾਜਿਸ ਕੇਸ਼ ਵਿੱਚ ਗ੍ਰਿਫਤਾਰ ਕਾਰਕੁਨਾਂ ਦੀ ਬਿਨਾ ਸ਼ਰਤ ਰਿਹਾਈ ਦੇ ਨਾਲ ਦੇਸ਼ ਭਰ ਵਿੱਚ ਸਰਕਾਰ ਦੀ ਅਲੋਚਨਾ ਦੇ ਅਧਾਰ ਉਪਰ ਗ੍ਰਿਫਤਾਰ ਕੀਤੇ ਬੁੱਧੀਜੀਵੀਆਂ,ਪੱਤਰਕਾਰਾਂ, ਲੇਖਕਾਂ,ਕਲਾਕਾਰਾਂ ਦੀ ਰਿਹਾਈ ਦੀ ਮੰਗ ਕਰਨ ਲਈ 6 ਜੂਨ ਤੋਂ ਸਾਰੇ ਪੰਜਾਬ ਵਿੱਚ ਦੁਸਰੇ ਸੰਗਠਨਾਂ ਦੇ ਨਾਲ ਰਲ ਕੇ ਚੇਤਨਾ ਪੰਦਰਵਾੜਾ ਮਨਾ ਰਹੀ ਹੈ। ਸਮੂਹ ਬੁਲਾਰਿਆਂ ਵੱਲੋਂ ਭੀਮਾ ਕੋਰੇਗਾਓਂ ਸਾਜਿਸ ਕੇਸ਼ ਵਿੱਚ ਗ੍ਰਿਫਤਾਰ ਕਾਰਕੁਨਾਂ ਦੀ ਬਿਨਾ ਸ਼ਰਤ ਰਿਹਾਈ ਦੇ ਨਾਲ-ਨਾਲ ਦੇਸ਼ ਭਰ ਵਿੱਚ ਸਰਕਾਰ ਦੀ ਅਲੋਚਨਾ ਦੇ ਅਧਾਰ ਉਪਰ ਗ੍ਰਿਫਤਾਰ ਕੀਤੇ ਬੁੱਧੀਜੀਵੀਆਂ,ਪੱਤਰਕਾਰਾਂ, ਲੇਖਕਾਂ ਅਤੇ ਕਲਾਕਾਰਾਂ ਦੀ ਰਿਹਾਈ ਦੀ ਮੰਗ ਕੀਤੀ ਗਈ । ਇਸ ਮੋਕਾ ਤੇ ਹੋਰਣਾਂ ਤੋ ਇਲਾਵਾ ਜੋਗਿੰਦਰ ਪਾਲ ਘਰਾਲ਼ਾਂ , ਹਰਚਰਨ ਸਿੰਘ , ਸੁਰਜੀਤ ਕੁਮਾਰ , ਸੁਖਦੇਵ ਬਹਿਰਾਮਪੁਰ , ਮਹਿੰਗਾ ਰਾਮ , ਜਸਪਾਲ , ਵਿੱਦਿਆ ਨੰਦ , ਮੇਘ ਨਾਥ ਅਤੇ ਦਲਬੀਰ ਕੁਮਾਰ ਆਦਿ ਹਾਜ਼ਰ ਸਨ ।