ਆਈਜੀ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਦੀ ਵੱਡੀ ਕਾਰਵਾਈ-6 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ
ਫਰੀਦਕੋਟ, 16 ਮਈ-ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿਖੇ ਹੋਈ ਬੇਅਦਬੀ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਇੰਨਵੈਸਟੀਗੇਸ਼ਨ ਟੀਮ (ਐਸਆਈਟੀ) ਨੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੋਈ ਬੇਅਦਬੀ ਦੀਆਂ ਘਟਨਾਵਾਂ ਦੇ ਕੇਸਾਂ ਦਾ ਸੀਬੀਆਈ ਤੋਂ ਰਿਕਾਰਡ ਵਾਪਸ ਲੈਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਬਾਰਡਰ ਰੇਂਜ ਦੇ ਆਈਜੀ ਐਸਪੀਐਸ ਪਰਮਾਰ ਦੀ ਅਗਵਾਈ ਹੇਠ ਬਣਾਈ ਗਈ ਐਸਆਈਟੀ ਨੇ ਐਤਵਾਰ ਨੂੰ ਫਰੀਦਕੋਟ ਅਤੇ ਕੋਟਕਪੂਰਾ ਵਿਖੇ ਆਪ੍ਰੇਸ਼ਨ ਚਲਾ ਕੇ ਕੇਸਾਂ ਵਿਚ ਕਥਿਤ ਤੌਰ ਉਤੇ ਸ਼ਾਮਲ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਆਈ ਜੀ ਪਰਮਾਰ ਦੀ ਅਗਵਾਈ ਹੇਠ ਐਸਆਈਟੀ ਟੀਮ ਦੇ ਮੈਂਬਰ ਏਆਈਜੀ ਰਾਜਿੰਦਰ ਸਿੰਘ ਸੋਹਲ ਪਿਛਲੇ ਕਈ ਦਿਨਾਂ ਤੋਂ ਸਬੰਧਿਤ ਵਿਅਕਤੀ ਦੀ ਭਾਲ ਵਿਚ ਸਰਚ ਆਪ੍ਰੇਸ਼ਨ ਚਲਾ ਰਹੇ ਸਨ।
6 ਵਿਅਕਤੀਆਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਆਈਜੀ ਐਸਪੀਐਸ ਪਰਮਾਰ ਅਤੇ ਏਆਈਜੀ ਰਾਜਿੰਦਰ ਸੋਹਲ ਨੇ ਦੱਸਿਆ ਕਿ ਐਫਆਈਆਰ ਨੰਬਰ 117, ਮਿਤੀ 25/09/2015 ਪੁਲਿਸ ਥਾਣਾਂ ਬਾਜਾਖਾਨਾ ਫਰੀਦਕੋਟ ਅਤੇ ਐਫਆਈਆਰ ਨੰਬਰ 128 ਮਿਤੀ 12/10/2015 ਪੁਲਿਸ ਸਟੇਸ਼ਨ ਬਾਜਾਖਾਨਾ ਫਰੀਦਕੋਟ ਦੇ ਕੇਸਾਂ ਵਿਚ ਜਿਹੜੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ ਸੁਖਜਿੰਦਰ ਸਿੰਘ ਉਰਫ ਸਨੀ ਕਿੰਦਾ ਪੁੱਤਰ ਹਰਜੀਤ ਸਿੰਘ ਮੁਕਤਸਰ ਰੋਡ ਕੋਟਕਪੂਰਾ ਸਿਟੀ, ਸ਼ਕਤੀ ਸਿੰਘ ਪੁੱਤਰ ਬਸੰਤ ਸਿੰਘ ਪਿੰਡ ਡੱਗੋ ਰੋਮਾਣਾ ਫਰੀਦਕੋਟ, ਰਣਜੀਤ ਸਿੰਘ ਉਰਫ ਭੋਲਾ ਪੁੱਤਰ ਮੋਹਨ ਸਿੰਘ ਕੋਟਕਪੂਰਾ, ਬਲਜੀਤ ਸਿੰਘ ਪੁੱਤਰ ਜਗਮੀਤ ਸਿੰਘ ਕੋਟਕਪੂਰਾ, ਨਿਸ਼ਾਨ ਸਿੰਘ ਪੁੱਤਰ ਮਹਿੰਦਰ ਸਿੰਘ ਕੋਟਕਪੂਰਾ ਅਤੇ ਪਰਦੀਪ ਕੁਮਾਰ ਉਰਫ ਰਾਜੂ ਦੋਧੀ ਪੁੱਤਰ ਦਰਸ਼ਨ ਲਾਲ ਕੋਟਕਪੂਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਲ੍ਹ ਸੋਮਵਾਰ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਇੱਥੇ ਇਹ ਦੱਸਣਯੋਗ ਹੈ ਕਿ ਬੇਅਦਬੀ ਨਾਲ ਸਬੰਧਿਤ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਕੇਸਾਂ ਤੋਂ ਰਿਕਾਰਡ ਸੀਬੀਆਈ ਕੋਲੋਂ ਵਾਪਸ ਮਿਲਣ ਤੋਂ ਬਾਅਦ ਵਿਸ਼ੇਸ਼ ਇਨਵੈਸਟੀਗੇਸ਼ਨ ਟੀਮ ਨੂੰ ਇਹ ਵੱਡੀ ਸਫਲਤਾ ਮਿਲੀ ਹੈ।