ਕ੍ਰਾਇਮ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਪਠਾਨਕੋਟ ਵਿੱਚ ਨਾਕੇ `ਤੇ ਤਾਇਨਾਤ ਪੁਲੀਸ ਟੀਮ ਉੱਤੇ ਗੋਲੀਆਂ ਚਲਾਉਣ ਵਾਲੇ ਤਿੰਨ ਤਸਕਰ 265 ਗ੍ਰਾਮ ਹੈਰੋਇਨ ਅਤੇ ਪਿਸਤੌਲ ਸਮੇਤ ਕਾਬੂ

ਪਠਾਨਕੋਟ ਵਿੱਚ ਨਾਕੇ `ਤੇ ਤਾਇਨਾਤ ਪੁਲੀਸ ਟੀਮ ਉੱਤੇ ਗੋਲੀਆਂ ਚਲਾਉਣ ਵਾਲੇ ਤਿੰਨ ਤਸਕਰ 265 ਗ੍ਰਾਮ ਹੈਰੋਇਨ ਅਤੇ ਪਿਸਤੌਲ ਸਮੇਤ ਕਾਬੂ
  • PublishedApril 25, 2021

2 ਵਿਅਕਤੀਆਂ ਦਾ ਪੁਰਾਣਾ ਅਪਰਾਧਕ ਰਿਕਾਰਡ; ਪਹਿਲਾਂ ਵੀ ਕਈ ਘਿਨਾਉਣੇ ਅਪਰਾਧਾਂ ਨੂੰ ਦਿੱਤਾ ਅੰਜ਼ਾਮ: ਐਸ.ਐਸ.ਪੀ. ਪਠਾਨਕੋਟ

ਚੰਡੀਗੜ੍ਹ/ਪਠਾਨਕੋਟ, 25 ਅਪ੍ਰੈਲ: ਪਠਾਨਕੋਟ ਪੁਲਿਸ ਨੇ ਇਥੇ ਝਾਕੋਲਹਰੀ ਨੇੜੇ ਸਪੈਸ਼ਲ ਨਾਕਾਬੰਦੀ ਵਿਖੇ ਤਾਇਨਾਤ ਪੁਲਿਸ ਟੀਮ ’ਤੇ ਗੋਲੀਆਂ ਚਲਾ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ 265 ਗ੍ਰਾਮ ਹੈਰੋਇਨ, ਯੂ.ਐਸ.ਏ. ਦੀ ਬਣੀ 7.62 ਐਮ.ਐਮ. ਗੈਰਕਾਨੂੰਨੀ ਪਿਸਤੌਲ ਅਤੇ ਪੰਜ ਕਾਰਤੂਸ (ਦੋ ਜਿੰਦਾ) ਤੋਂ ਇਲਾਵਾ ਇੱਕ ਹੰਡਈ ਆਈ 20 ਕਾਰ ਵੀ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਰਨਦੀਪ ਸਿੰਘ ਉਰਫ ਕਰਨ, ਮਨਦੀਪ ਸਿੰਘ ਉਰਫ ਹੈਪੀ ਅਤੇ ਹਰਦੀਪ ਸਿੰਘ ਉਰਫ ਸਾਬਾ ਵਜੋਂ ਹੋਈ ਹੈ ਜੋ ਕਿ ਸਾਰੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਹਿਮਾ ਚੱਕ ਦੇ ਵਸਨੀਕ ਹਨ।

ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ 7.40 ਵਜੇ ਵਾਪਰੀ, ਜਦੋਂ ਸੀ.ਆਈ.ਏ ਸਟਾਫ ਦੇ ਇੰਚਾਰਜ ਨਵਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪਠਾਨਕੋਟ ਦੇ ਝਾਕੋਲਹਰੀ ਨੇੜੇ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਫੜ੍ਹਨ ਲਈ ਨਾਕਾ ਲਗਾਇਆ ਹੋਇਆ ਸੀ।

ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਪਠਾਨਕੋਟ ਸ੍ਰੀ ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਹਨਾਂ ਦੀ ਚੈਕਿੰਗ ਕਰਦੇ ਸਮੇਂ ਪੁਲਿਸ ਟੀਮ ਨੇ ਅੰਮ੍ਰਿਤਸਰ ਵਾਲੇ ਪਾਸਿਓਂ ਆਉਂਦੀ ਬਿਨਾਂ ਨੰਬਰ ਪਲੇਟ ਵਾਲੀ ਇੱਕ ਆਈ 20 ਕਾਰ ਨੂੰ ਰੋਕਿਆ। ਉਨ੍ਹਾਂ ਕਿਹਾ, “ਕਾਰ ਵਿਚ ਤਿੰਨ ਵਿਅਕਤੀ ਬੈਠੇ ਸਨ ਅਤੇ ਯਾਤਰੀ ਸੀਟ ’ਤੇ ਬੈਠੇ ਵਿਅਕਤੀ ਨੇ ਪੁਲਿਸ ਪਾਰਟੀ ’ਤੇ ਦੋ ਗੋਲੀਆਂ ਚਲਾਈਆਂ ਅਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਪੁਲਿਸ ਟੀਮ ਨੇ ਬਹਾਦਰੀ ਦਿਖਾਉਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ।’’

ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਟੀਮ ਸੁਰੱਖਿਅਤ ਹੈ ਅਤੇ ਤਿੰਨੋਂ ਅਪਰਾਧੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਐਸ.ਐਸ.ਪੀ. ਗੁਲਨੀਤ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਕਰਨਦੀਪ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਅਤੇ ਇਸਦੇ ਸਰਹੱਦ ਪਾਰ ਪਕਿਸਤਾਨ ਵਿਚਲੇ ਤਸਕਰਾਂ ਨਾਲ ਵੀ ਨਜ਼ਦੀਕੀ ਸਬੰਧ ਹਨ।

ਕਰਨਦੀਪ ’ਤੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ ’ਚ ਕਤਲ ਅਤੇ ਕਤਲ ਦੀ ਕੋਸ਼ਿਸ਼, ਅਸਲਾ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਘੱਟੋ ਘੱਟ 12 ਅਪਰਾਧਕ ਮਾਮਲੇ ਚੱਲ ਰਹੇ ਹਨ ਅਤੇ ਉਹ ਪੁਲਿਸ ਥਾਣਾ ਸਪੈਸਲ ਟਾਸਕ ਫੋਰਸ, ਐਸ.ਏ.ਐਸ.ਨਗਰ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 21 ਅਧੀਨ ਦਰਜ ਐਫ.ਆਈ.ਆਰ ਨੰ. 98, ਮਿਤੀ 20.08.2020 ਵਿੱਚ ਵੀ ਲੋੜੀਂਦਾ ਹੈ, ਜਿਸ ਵਿਚ ਐਸ.ਟੀ.ਐਫ. ਅੰਮ੍ਰਿਤਸਰ ਵੱਲੋਂ 4 ਕਿੱਲੋ 210 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਜਦ ਕਿ ਦੋਸ਼ੀ ਮਨਦੀਪ ਸਿੰਘ ’ਤੇ ਵੀ ਕਤਲ ਅਤੇ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਛੇ ਅਪਰਾਧਕ ਮਾਮਲੇ ਚੱਲ ਰਹੇ ਹਨ।

ਜ਼ਿਕਰਯੋਗ ਹੈ ਕਿ ਪੁਲਿਸ ਥਾਣਾ ਸਦਰ ਪਠਾਨਕੋਟ ਵਿਖੇ ਆਈ.ਪੀ.ਸੀ. ਦੀ ਧਾਰਾ 307, 186, 353 , 34, ਅਸਲਾ ਐਕਟ ਦੀ ਧਾਰਾ 25 ਅਤੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-29-61-85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Written By
The Punjab Wire