ਐਮ.ਡੀ ਮਾਰਕਫੈੱਡ ਵਰੁਣ ਰੂਜ਼ਮ ਵਲੋਂ ਗੁਰਦਾਸਪੁਰ ਜ਼ਿਲ੍ਹੇ ਅੰਦਰ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ

ਗੁਰਦਾਸਪੁਰ ਦਾਣਾ ਮੰਡੀ ਦਾ ਕੀਤਾ ਦੌਰਾ-ਆੜ੍ਹਤੀਆਂ ਤੇ ਖਰੀਦ ਏਜੰਸੀਆਂ ਨਾਲ ਕੀਤੀ ਗੱਲਬਾਤ

ਗੁਰਦਾਸਪੁਰ, 24 ਅਪ੍ਰੈਲ ( ਮੰਨਨ ਸੈਣੀ  ) ਸ੍ਰੀ ਵਰੁਣ ਰੂਜ਼ਮ ਐਮ.ਡੀ ਮਾਰਕਫੈੱਡ ਪੰਜਾਬ ਵਲੋਂ ਗੁਰਦਾਸਪੁਰ ਜ਼ਿਲ੍ਹੇ ਵਿਚ ਕਣਕ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਤੇ ਖਰੀਦ ਏਜੰਸੀਆਂ ਸਮੇਤ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਸਮੇਤ ਕੁਲਜੀਤ ਸਿੰਘ ਜ਼ਿਲਾ ਮੰਡੀ ਅਫਸਰ, ਸ੍ਰੀਮਤੀ ਐਸ.ਦੇਵਗਨ ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਗੁਰਦਾਸਪੁਰ ਸਮੇਤ ਖਰੀਦ ਏਜੰਸੀਆਂ ਦੇ ਅਧਿਕਾਰੀ ਮੋਜੂਦ ਸਨ।

ਉਨਾਂ ਮੰਡੀਆਂ ਵਿਚ ਬਾਰਦਾਨੇ ਦੀ ਉਪਲੱਬਧਤਾ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਤੇ ਕੰਟਰੋਲਰ ਵਿਭਾਗ ਦੇ ਅਧਿਕਾਰੀ ਕੋਲੋ ਜਾਣਕਾਰੀ ਲਈ। ਉਨਾਂ ਖਰੀਦ ਏੰਜਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਕੋਲੋ ਖਰੀਦੀ ਕਣਕ ਸਬੰਧੀ ਵੇਰਵੇ ਤੁਰੰਤ ਅਨਾਜ ਖਰੀਦ ਪੋਰਟਲ ਉਪੱਰ ਦਰਜ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਨਿਸ਼ਚਿਤ ਸਮੇਂ ਅੰਦਰ ਅਦਾਇਗੀ ਕੀਤੀ ਜਾ ਸਕੇ। ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਰਤੇ ਗਏ ਚੰਗੀ ਕੁਆਲਿਟੀ ਵਾਲੇ ਬਾਰਦਾਨੇ ਦੀ ਮੁੜ ਵਰਤੋਂ ਕਰਨ ਦੀ ਆਗਿਆ ਦੇਣ ਨਾਲ ਬਾਰਦਾਨਾ ਢੁੱਕਵੀਂ ਮਾਤਰਾ ਵਿਚ ਉਪਲੱਬਧ ਕਰਵਾ ਦਿੱਤਾ ਗਿਆ ਅਤੇ ਕਿਸਾਨਾਂ ਨੂੰ ਬਾਰਦਾਨੇ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਉਪੰਰਤ ਉਨਾਂ ਵਲੋਂ ਦਾਣਾ ਮੰਡੀ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਤੇ ਮੰਡੀਆਂ ਵਿਚ ਕੀਤੇ ਗਏ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ। ਇਸ ਮੌਕੇ ਉਨਾਂ ਆੜ੍ਹਤੀਆਂ ਨਾਲ ਗੱਲਬਾਤ ਕੀਤੀ ਤੇ ਖਰੀਦ ਪ੍ਰਬੰਧਾਂ ਬਾਰੇ ਜਾਣਕਾਰੀ ਲਈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕਣਕ ਦੀ ਖਰੀਦ ਪ੍ਰਕਿਕਿਆ ਨਿਰਵਿਘਨ ਜਾਰੀ ਹੈ ਪਰ ਬੀਤੇ ਦੋ ਦਿਨਾਂ ਦੋ ਮੌਸਮ ਖਰਾਬ ਤੇ ਮੀਂਹ ਕਾਰਨ ਮੰਡੀਆਂ ਵਿਚ ਫਸਲ ਦੀ ਖਰੀਦ ਤੇ ਚੁਕਾਈ ਪ੍ਰਭਾਵਿਤ ਹੋਈ ਹੈ ਪਰ ਹੁਣ ਮੌਸਮ ਸਾਫ ਹੋਣ ਕਾਰਨ ਖਰੀਦੀ ਗਈ ਕਣਕ ਦੀ ਚੁਕਾਈ ਵਿਚ ਵੀ ਤੇਜੀ ਲਿਆਂਦੀ ਗਈ ਹੈ ਤਾਂ ਜੋ ਮੰਡੀਆਂ ਵਿਚ ਆਉਣ ਵਾਲੀ ਫਸਲ ਸਬੰਧੀ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਦੱਸਿਆਂ ਕਿ ਖਰੀਦ ਏਜੰਸੀਆਂ ਤੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਮੰਡੀਆਂ ਵਿਚ ਬਾਰਦਾਨੇ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣ। ਉਨਾਂ ਅੱਗੇ ਦੱਸਿਆ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਮੰਡੀਆਂ ਵਿਚ ਸੈਨਟਾਇਜ਼ਰ ਤੇ ਮਾਸਕ ਮੁਹੱਈਆ ਕਰਵਾਏ ਗਏ ਹਨ ਅਤੇ ਮੰਡੀਆਂ ਵਿਚ ਮਜ਼ਦੂਰਾਂ ਤੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਨੂੰ ਯਕੀਨੀ ਬਣਾਇਆ ਗਿਆ ਹੈ।

ਉਨਾਂ ਦੱਸਿਆ ਕਿ ਜਿਲੇ ਅੰਦਰ 23 ਅਪ੍ਰੈਲ ਤਕ ਕਿਸਾਨਾਂ ਦੇ ਖਾਤਿਆਂ ਵਿਚ 149 ਕਰੋੜ 41 ਲੱਖ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਮੀਂਹ ਕਾਰਨ ਮੰਡੀਆਂ ਵਿਚ ਆਮਦ ਰੁਕਣ ਕਾਰਨ ਬੀਤੇ ਕੱਲ੍ਹ ਤੱਕ ਮੰਡੀਆਂ ਵਿਚ 214185 ਮੀਟਰਕ ਟਨ ਕਣਕ ਦੀ ਆਮਦ ਵਿਚੋਂ 199955 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਪਨਗਰੇਨ ਵਲੋਂ 62052, ਮਾਰਕਫੈੱਡ ਵਲੋਂ 54168, ਪਨਸਪ ਵਲੋਂ 43160, ਵੇਅਰਹਾਊਸ ਵਲੋ 25625 ਅਤੇ ਐਫ.ਸੀ.ਆਈ ਵਲੋਂ 14890 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ। ਬਾਰਸ਼ ਕਾਰਨ ਫਸਲ ਦੀ ਚੁਕਾਈ ਪ੍ਰਭਾਵਿਤ ਹੋਈ ਹੈ ਤੇ ਕੇਵਲ 28 ਫੀਸਦ ਚੁਕਾਈ ਹੋ ਸਕੀ ਪਰ ਅੱਜ ਚੁਕਾਈ ਵਿਚ ਤੇਜ਼ੀ ਲਿਆਂਦੀ ਗਈ ਹੈ।

Print Friendly, PDF & Email
www.thepunjabwire.com