ਗੁਰਦਾਸਪੁਰ, 24 ਮਾਰਚ ( ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜਿਲੇ ਅੰਦਰ ਕੋਵਿਡ-19 ਬਿਮਾਰੀ ਦੇ ਵੱਧ ਰਹੇ ਕੇਸਾਂ ਨੂੰ ਮੁੱਖ ਰੱਖਦਿਆਂ ਮੈਡੀਕਲ ਸਟੋਰ ਮਾਲਕ, ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਤੇ ਜ਼ਿਲਾ ਵਾਸੀਆਂ ਨਾਲ ਜੂਮ ਰਾਹੀਂ ਵੀਡੀਓ ਕਾਨਫਰੰਸ ਕੀਤੀ ਗਈ, ਜਿਸ ਵਿਚ ਡਾ. ਸਤਨਾਮ ਸਿੰਘ ਨਿੱਜਰ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਕਮੇਟੀ ਗੁਰਦਾਸਪੁਰ, ਡਾ. ਵਿਜੇ ਕੁਮਾਰ ਸਿਵਲ ਸਰਜਨ, ਐਸ.ਐਮ.ਓਜ਼ ਅਤੇ ਡਾ. ਗੁਰਖੇਲ ਕਲਸੀ ਆਦਿ ਹਾਜਰ ਸਨ।
ਮੀਟਿੰਦ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਸਰੂਪ ਦਾ ਪੱਧਰ ਚੈੱਕ ਕਰਨ ਤੇ ਪਤਾ ਲੱਗਿਆ ਹੈ ਕਿ 100 ਕੇਸਾਂ ਵਿਚੋਂ 80 ਫੀਸਦ ਨਮੂਨਿਆਂ ਵਿਚ ਯੂ.ਕੇ ਦੇ ਕੋਵਿਡ ਦੀ ਕਿਸਮ ਪਾਈ ਗਈ ਹੈ ਅਤੇ ਇਹ ਵਾਇਰਸ ਨੌਜਵਾਨ ਵਰਗ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਜ਼ਿਲ੍ਹੇ ਅੰਦਰ ਵੱਧ ਰਹੇ ਕੇਸਾਂ ਤੇ ਮੌਤਾਂ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਲੋਕਾਂ ਵਲੋਂ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ ਅਤੇ ਖਾਸਕਰਕੇ ਮਾਸਕ ਨਹੀਂ ਪਹਿਨਿਆ ਜਾ ਰਿਹਾ ਹੈ। ਉਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਸਕ ਲਾਜ਼ਮੀ ਤੋਰ ਤੇ ਪਹਿਨਿਆ ਜਾਵੇ, ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਿਆ ਜਾਵੇ, ਹੱਥਾਂ ਨੂੰ ਸਾਬੁਣ ਨਾਲ ਵਾਰ-ਵਾਰ ਧੋਤਾ ਜਾਵੇ ਅਤੇ ਯੋਗ ਵਿਅਕਤੀ ਕੋਵਿਡ-19 ਵੈਕਸੀਨ ਜਰੂਰ ਲਗਵਾਉਣ। ਨਾਲ ਹੀ ਉਨਾਂ ਕਿਹਾ ਕਿ ਵੈਕਸੀਨ ਲਗਵਾਉਣ ਉਪਰੰਤ ਵੀ ਸਾਵਧਾਨੀਆਂ ਦੀ ਵਰਤੋਂ ਕੀਤੀ ਜਾਵੇ।
ਇਸ ਮੌਕੇ ਚੇਅਰਮੈਨ ਡਾ. ਨਿੱਜਰ ਨੇ ਅੱਗੇ ਕਿਹਾ ਕਿ ਕੋਰੋਨਾ ਬਿਮਾਰੀ ਦੇ ਕੇਸ ਵੱਧਣ ਦਾ ਕਾਰਨ ਪੀੜਤ ਵਲੋਂ ਕੋਰੋਨਾ ਟੈਸਟ ਨਾ ਕਰਵਾਾਉਣਾ ਹੈ, ਮਾਸਕ ਨਾ ਪਹਿਨਣਾ ਅਤੇ ਭੀੜ-ਭੜੱਕੇ ਸਥਾਨਾਂ ’ਤੇ ਜਾਣਾ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਬਿਮਾਰੀ ਤੋਂ ਬਚਾਅ ਲਈ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਮਾਸਕ ਜਰੂਰ ਪਹਿਨਣ।
ਇਸ ਮੌਕੇ ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਜਾ ਚੁੱਕੀ ਹੈ ਕਿ ਉਹ ਦੇ ਹਸਪਤਾਲ ਵਿਖੇ ਕੋਰੋਨਾ ਬਿਮਾਰੀ ਦੇ ਲੱਛਣ ਵਾਲੇ ਪ੍ਰਭਾਵਿਚ ਪੀੜਤ ਦਾ ਕੋਰੋਨਾ ਟੈਸਟ ਜਰੂਰ ਕਰਨ ਅਤੇ ੇ ਜੇਕਰ ਅਲਟਰਾਸਾਊਂਡ ਜਾਂ ਸੀ.ਟੀ ਸਕੈਨ ਵਿਚ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਸਬੰਧਤ ਸਿਵਲ ਹਸਪਤਾਲ ਨੂੰ ਸੂਚਿਤ ਕੀਤਾ ਜਾਵੇ। ਜੇਕਰ ਪ੍ਰਾਈਵੇਟ ਹਸਪਤਾਲਾਂ ਵਿਚ ਦਾਖਲ ਕੋਰੋਨਾ ਬਿਮਾਰੀ ਨਾਲ ਪੀੜਤ ਨੂੰ ਰੈਫਰ ਕਰਨ ਦੀ ਜਰੂਰਤ ਪੈਂਦੀ ਹਾਂ ਤਾਂ ਪੀੜਤ ਨੂੰ ਕੋਵਿਡ-19 ਬਿਮਾਰੀ ਵਿਰੁੱਧ ਸਥਾਪਤ ਸੈਂਟਰਾਂ/ਸਿਵਲ ਹਸਪਤਾਲ ਗੁਰਦਾਸਪੁਰ ਜਾਂ ਬਟਾਲਾ ਵਿਖੇ ਰੈਫਰ ਕੀਤਾ ਜਾਵੇ ਤਾਂ ਜੋ ਪੀੜਤ ਦਾ ਜਲਦ ਇਲਾਜ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਮੈਡੀਕਲ ਪ੍ਰਕੈਟਿਸ ਕਰਨ ਵਾਲੇ ਅਤੇ ਪਿੰਡਾਂ ਵਿਚ ਕੰਮ ਕਰਦੇ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕੋਰੋਨਾ ਬਿਮਾਰੀ ਦੇ ਲੱਛਣ ਵਾਲੇ ਪੀੜਤਾਂ ਦਾ ਕੋਰੋਨਾ ਟੈਸਟ ਜਰੂਰ ਕਰਵਾਉਣ।
ਮੀਟਿੰਗ ਦੌਰਾਨ ਕਾਦੀਆਂ ਤੋਂ ਮੈਡੀਕਲ ਸਟੋਰ ਵਲੋ ਪੁੱਛੇ ਗਏ ਸਵਾਲ ਵਿਚ ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਟੈਸਟਿਗ ਜਿਲੇ ਦੇ ਸਾਰੇ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿਚ ਕੀਤੀ ਜਾ ਰਹੀਅ ਹੈ ਅਤੇ ਕੋਰੋਨਾ ਬਿਮਾਰੀ ਦੇ ਲੱਛਣ ਨਾਲ ਪੀੜਤ ਵਿਅਕਤੀ ਸਬੰਧਤ ਨੇੜਲੇ ਹਸਪਤਾਲ ਵਿਚੋਂ ਟੈਸਟ ਕਰਵਾ ਸਕਦਾ ਹੈ। ਮੀਟਿੰਗ ਵਿਚ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਵਲੋਂ ਵੀ ਕੋਵਿਡ-19 ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।