ਅੱਜ 19 ਮਾਰਚ ਦੀ ਰਾਤ ਤੋਂ ਹੁਕਮ ਲਾਗੂ- ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਲਾਗੂ ਰਹੇਗਾ
ਗੁਰਦਾਸਪੁਰ, 19 ਮਾਰਚ ( ਮੰਨਨ ਸੈਣੀ )। ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲੇ ਅੰਦਰ ਕੋਵਿਡ-19 ਮਹਾਂਮਾਰੀ ਦੇ ਕੇਸ ਲਗਾਤਾਰ ਵੱਧਣ ਦੇ ਮੱਦੇਨਜ਼ਰ ਅਤੇ ਲੋਕਹਿੱਤ ਨੂੰ ਵੱਖਦਿਆਂ ਜ਼ਿਲੇ ਗੁਰਦਾਸਪੁਰ ਅੰਦਰ ਡਿਜਾਸਟਰ ਮੈਨਜੇਮੈਂਟ ਐਕਟ 2005 ਅਤੇ 1973 ਦੀ ਧਾਰਾ 144 ਸੀ.ਆਰ.ਪੀ.ਸੀ ਤਹਿਤ ਹੁਕਮ ਜਾਰੀ ਕਰਦਿਆਂ 19 ਮਾਰਚ ਦੀ ਰਾਤ ਤੋਂ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਰਾਤ ਦਾ ਕਰਫਿਊ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਲਾਗੂ ਰਹੇਗਾ। ਪਰ ਕਰਫਿਊ ਦੌਰਾਨ ਜਰੂਰੀ ਵਸਤਾਂ ਦੀ ਸਪਲਾਈ ਜਾਰੀ ਰਹੇਗੀ, ਜਿਵੇਂ ਦੁੱਧ ਦੀ ਸਪਲਾਈ, ਦਵਾਈਆਂ, ਸਬਜ਼ੀਆਂ ਅਤੇ ਫਲ, ਪੈਟੋਰਲ ਪੰਪ, ਐਲਪੀਜੀ ਗੈਸ ਸਟੇਸ਼ਨ, ਮੈਡੀਕਲ ਅਤੇ ਪਸ਼ੂ ਹਸਪਤਾਲ ਦੀਆਂ ਸੇਵਾਵਾਂ ਅਤੇ ਚਾਰਾ, ਨੈਸਨਲ ਹਾਈਵੈ, ਸਟੇਟ ਹਾਈਵੈ, ਬੱਸ/ਰੇਲਗੱਡੀਆਂ/ਹਵਾਈ ਸੇਵਾ, ਇਨਾਂ ਨਾਲ ਸਬੰਧਤ ਸਵਾਰੀਆਂ ਅਤੇ ਵਹੀਕਲ, ਫੈਕਟਰੀਜ਼ ਅਤੇ ਕੰਸ਼ਟਰੱਕਸ਼ਨ ਦਾ ਕੰਮ ਆਮ ਸਮੇਂ ਵਾਂਗ ਕੀਤਾ ਜਾ ਸਕਦਾ ਹੈ। ਇਹ ਹੁਕਮ ਅਗਲੇ ਹੁਕਮਾਂ ਤਕ ਲਾਗੂ ਰਹੇਗਾ।
ਜ਼ਿਲ੍ਹੇ ਅੰਦਰ ਕੋੋਰੋਨਾ ਬਿਮਾਰੀ ਦੇ ਵੱਧ ਰਹੀ ਗੰਭੀਰ ਸਥਿਤੀ ਨੂੰ ਵੇਖਦਿਆਂ ਅੱਜ ਜਿਲਾ ਪ੍ਰਸ਼ਾਸਨ ਵਲੋਂ ਸਖਤ ਕਦਮ ਉਠਾਏ ਗਏ ਹਨ, ਜਿਸ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਪੱਤਰਕਾਰ ਸਾਥੀਆਂ ਨਾਲ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਅੱਜ ਉਨਾਂ ਦੀ ਪ੍ਰਧਨਾਗੀ ਹੇਠ ਐਸ.ਐਸ.ਪੀ ਗੁਰਦਾਸਪੁਰ, ਬਟਾਲਾ, ਸਮੂਹ ਐਸ.ਡੀ.ਐਮਜ਼ ਅਤੇ ਸਿਹਤ ਵਿਭਾਗ ਆਦਿ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਗਈ ਤੇ ਫੈਸਲਾ ਲਿਆ ਗਿਆ ਕਿ ਕੋਰੋਨਾ ਬਿਮਾਰੀ ਦੇ ਵੱਧ ਰਹੇ ਪ੍ਰਭਾਵ ਅਤੇ ਲੋਕਹਿੱਤ ਲਈ ਸਖਤ ਕਦਮ ਉਠਾਉਣੇ ਲਾਜ਼ਮੀ ਹਨ। ਜਿਸ ਦੇ ਮੱਦੇਨਜ਼ਰ ਰਾਤ ਦਾ ਕਰਫਿਊ ਲਗਾਉਣ ਤੋਂ ਇਲਾਵਾ ਅਹਿਮ ਸਖ਼ਤ ਫੈਸਲੇ ਲਏ ਗਏ ਹਨ।
ਉਨਾਂ ਅੱਗੇ ਦੱਸਿਆ ਕਿ ਪਿਛਲੇ ਚਾਰ-ਪੰਜ ਦਿਨਾਂ ਤੋਂ ਕੋਰੋਨਾ ਬਿਮਾਰੀ ਦੇ ਕੇਸ ਨਿਰੰਤਰ ਵੱਧ ਰਹੇ ਹਨ ਅਤੇ ਪਿਛਲੇ ਹਫਤੇ ਵਿਚ 7 ਮੋਤਾ ਹੋ ਚੁੱਕੀਆਂ ਹਨ, ਜਿਸ ਲਈ ਪੁਲਿਸ ਪ੍ਰਸ਼ਾਸਨ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਉਹ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ। ਉਨਾਂ ਦੱਸਿਆ ਕਿ ਵੇਖਣ ਵਿਚ ਆਇਆ ਹੈ ਕਿ ਲੋਕਾਂ ਨੇ ਮਾਸਕ ਪਾਉਣ ਦੀ ਵਰਤੋਂ ਬਿਲਕੁਲ ਤਿਆਗ ਦਿੱਤੀ ਹੈ, ਜੋ ਬਿਮਾਰੀ ਦੇ ਵੱਧਣ ਦਾ ਮੁੱਖ ਕਾਰਨ ਬਣ ਰਹੀ ਹੈ, ਇਸ ਲਈ ਪੁਲਿਸ ਵਿਭਾਗ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਉਹ ਮਾਸਕ ਨਾ ਪਾਉਣ ਵਾਲੇ ਦਾ ਮੋਕੇ ਤੇ ਕੋਰੋਨਾ ਟੈਸਟ (ਆਰ.ਟੀ.ਪੀ.ਸੀ.ਆਰ) ਕਰਵਾਉਣ, ਜਿਸ ਲਈ ਗੁਰਦਾਸਪੁਰ ਅਤੇ ਬਟਾਲਾ ਵਿਖੇ ਪੁਲਿਸ ਟੀਮ ਨੂੰ ਸਿਹਤ ਵਿਭਾਗ ਦੀ ਮੋਬਾਇਲ ਟੀਮ ਉਪਲੱਬਧ ਕਰਵਾਈ ਗਈ ਹੈ, ਜੋ ਮੌਕੇ ਤੇ ਟੈਸਟ ਕਰੇਗੀ ਅਤੇ ਜਿਥੇ ਮੋਬਾਇਲ ਟੈਸਟਿੰਗ ਟੀਮ ਨਹੀਂ ਹੋਵੇਗੀ, ਓਥੋ ਨੇੜਲੇ ਸਿਹਤ ਕੇਂਦਰ ਵਿਚ ਕੋਰੋਨਾ ਟੈਸਟ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਟੈਸਟ ਤੋਂ ਇਲਾਵਾ ਜੁਰਮਾਨਾ ਅਤੇ 188 ਦਾ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਵੇਗੀ।
ਉਨਾਂ ਅੱਗੇ ਦੱਸਿਆ ਕਿ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਹੋਟਲਾਂ, ਰੈਸਟੋਰੈਂਟਾਂ, ਮੈਰਿਜ਼ ਪੈਲੇਸਾਂ ਤੇ ਧਾਰਮਿਕ ਸਥਾਨਾਂ ਆਦਿ ਦੇ ਪ੍ਰਬੰਧਕਾਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਉਨਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ। ਇਨਾਂ ਸੰਸਥਾਵਾਂ ਦੇ ਮਾਲਕ ਕੋਵਿਡ-19 ਵਿਰੁੱਧ ਜਾਰੀ ਹਦਾਇਤਾਂ ਦੀ ਪਾਲਣਾ ਕਰਨਗੇ ਅਤੇ ਅਣਗਹਿਲੀ ਵਰਤਣ ਵਾਲਿਆਂ ਵਿਰੁੱਧ ਸਖਤ ਕਾਰਵਾੀ ਅਮਲ ਵਿਚ ਲਿਆਂਦੀ ਜਾਵੇਗੀ।
ਉਨਾਂ ਅੱਗੇ ਦੱਸਿਆ ਕਿ ਕੋਵਿਡ-19 ਵੈਕਸੀਨ ਲਗਾਉਣ ਦੀ ਮੁਹਿੰਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਚੱਲ ਰਹੀ ਹੈ ,ਇਸ ਲਈ ਲੋਕ ਕੋਵਿਡ-19 ਵੈਕਸੀਨ ਜਰੂਰ ਲਗਵਾਈ ਜਾਵੇ। ਸਰਕਾਰੀ ਹਸਪਤਾਲਾਂ ਵਿਚ ਵੈਕਸੀਨ ਮੁਫਤ ਲਗਾਈ ਜਾਂਦੀ ਹੈ। ਉਨਾਂ ਦੱਸਿਆ ਕਿ ਸਮੂਹ ਐਸ.ਡੀ.ਐਮਜ਼, ਨਗਰ ਕੌਂਸਲ ਕਾਰਜਸਾਧਕ ਅਫਸਰ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਿੰਡਾਂ ਤੇ ਸ਼ਹਿਰਾਂ ਅੰਦਰ ਮੋਹਤਬਰ ਵਿਅਕਤੀਆਂ ਨਾਲ ਸੰਪਰਕ ਬਣਾ ਕੇ ਯੋਗ ਲੋਕਾਂ ਨੂੰ ਕੋਵਿਡ-19 ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ। ਉਨਾਂ ਦੱਸਿਆ ਕਿ ਰੋਜਾਨਾ ਕਰੀਬ 2000 ਲੋਕਾਂ ਵੈਕਸੀਨ ਲੱਗ ਰਹੀ ਹੈ, ਜਿਸ ਲਈ ਇਹ ਸਮਰੱਥਾ 20 ਹਜ਼ਾਰ ਕੀਤੀ ਜਾ ਰਹੀ ਹੈ, ਜਿਸ ਲਈ ਵੈਕਸੀਨ ਹੁਣ ਹਫਤੇ ਦੇ ਸੱਤ ਦਿਨ ਲਗਾਈ ਜਾਵੇਗੀ।
ਉਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰਾਂ ਲੋਕਾਂ ਨੇ ਪਹਿਲਾਂ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਸੀ ਤੇ ਜਿਲੇ ਅੰਦਰ ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿਚ ਯੋਗਦਾਨ ਪਾਇਆ ਸੀ, ਓਸੇ ਤਰਾਂ ਕੋਰੋਨਾ ਬਿਮਾਰੀ ਦੀ ਦੂਸਰੀ ਲਹਿਰ ਤੋਂ ਬਚਾਅ ਲਈ ਪੂਰਨ ਸਹਿਯੋਗ ਕਰਨ। ਮਾਸਕ ਲਾਜ਼ਮੀ ਤੋਰ ਤੇ ਪਹਿਨਣ। ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਹੱਥਾਂ ਨੂੰ ਸਾਬੁਣ ਨਾਲ ਧੋਤਾ ਜਾਵੇ।
Watch Video
https://www.facebook.com/thepunjabwire/videos/714649599217173