ਗੁਰਦਾਸਪੁਰ, 18 ਮਾਰਚ ( ਮੰਨਨ ਸੈਣੀ )। ਜ਼ਿਲੇ ਅੰਦਰ ਕੋਰੋਨਾ ਵੈਕਸੀਨ ਲਗਵਾਉਣ ਦੀ ਚੱਲ ਰਹੀ ਮੁਹਿੰਮ ਤਹਿਤ ਅੱਜ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਵਲੋਂ ਵੈਕਸੀਨ ਲਗਵਾਈ ਗਈ। ਇਸ ਮੌਕੇ ਸ. ਪਾਹੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਨਵਰੀ ਮਹੀਨੇ ਤੋਂ ਪਹਿਲੇ ਪੜਾਅ ਤਹਿਤ ਸਿਹਤ ਕਰਮੀਆਂ ਤੋਂ ਕੋਰੋਨਾ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਉਪਰੰਤ ਫਰੰਟ ਲਾਈਨ ਵਰਕਰ ਆਦਿ ਅਤੇ ਹੁਣ ਸੀਨੀਅਰ ਸਿਟੀਜ਼ਨ ਅਤੇ 45 ਸਾਲ ਤੋਂ ਉਪਰ ਵਾਲਿਆਂ ਨੂੰ ਕੋਵਿਡ ਵੈਕਸੀਨ ਲੱਗ ਰਹੀ ਹੈ। ਉਨਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਤੋਂ ਬਚਾਅ ਲਈ ਕੋਵਿਡ-19 ਵੈਕਸੀਨ ਜਰੂਰ ਲਗਵਾਉਣੀ ਚਾਹੀਦੀ ਹੈ। ਇਸ ਮੌਕੇ ਡਾ. ਰੋਮੀ ਮਹਾਜਨ ਡਿਪਟੀ ਮੈਡੀਕਲ ਅਫਸਰ ਅਤੇ ਡਾ. ਚੇਤਨਾ ਐਸ.ਐਮ ਓ ਗੁਰਦਾਸਪੁਰ ਵੀ ਮੋਜੂਦ ਸਨ।
ਸ. ਪਾਹੜਾ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੈਕਸੀਨ ਜਰੂਰ ਲਗਵਾਉਣ ਅਤੇ ਕੋਰੋਨਾ ਦੀ ਦੂਜੀ ਲਹਿਤ ਤੋਂ ਬਚਣ ਲਈ ਸਾਵਧਾਨੀਆਂ ਦੀ ਪਾਲਣਾ ਜਰੂਰ ਕਰਨ। ਉਨਾਂ ਅੱਗੇ ਦੱਸਿਆ ਕਿ ਮਨੁੱਖੀ ਸਿਹਤ Ñਲਈ ਕੋਵਿਡ-19 ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਤੇ ਲੋਕਾਂ ਨੂੰ ਕਿਸੇ ਅਫਵਾਹ ਵਿਚ ਨਹੀਂ ਆਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਦੁਬਾਰਾ ਕੋਰੋਨਾ ਮਹਾਂਮਾਰੀ ਦੇ ਕੇਸ ਵੱਧ ਰਹੇ ਹਨ, ਇਸ ਲਈ ਸਾਨੂੰ ਸਾਵਧਾਨੀਆਂ ਦੀ ਵਰਤੋਂ ਲਗਾਤਾਰ ਕਰਨੀ ਚਾਹੀਦੀ ਹੈ ਅਤੇ ਕੋਵਿਡ-19 ਵੈਕਸੀਨ ਜਰੂਰ ਲਗਾਵਾਉਣੀ ਚਾਹੀਦੀ ਹੈ। ਮਾਸਕ ਪਾਉਣਾ ਚਾਹੀਦਾ ਹੈ, ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਹੱਥਾ ਨੂੰ ਸਾਬਣ ਨਾਲ ਵਾਰ-ਵਾਰ ਜਰੂਰ ਧੋਣਾ ਚਾਹੀਦਾ ਹੈ।