ਵੱਖ-ਵੱਖ ਰਾਜਾਂ ਵਿਚੋਂ ਆਏ ਕਾਰੀਗਰਾਂ ਵਲੋਂ ਖੁਦ ਤਿਆਰ ਕੀਤੀਆਂ ਵਸ਼ਤਾਂ ਦੀ ਕੀਤੀ ਜਾ ਰਹੀ ਹੈ ਵਿਕਰੀ
ਵਿਧਾਇਕ ਪਾਹੜਾ ਨੇ ਜ਼ਿਲਾ ਵਾਸੀਆਂ ਨੂੰ ਪਰਿਵਾਰਾਂ ਸਮੇਤ ‘ਗਾਂਧੀ ਸ਼ਿਲਪ ਬਾਜ਼ਾਰ 2021’ ਵਿਚ ਪੁਹੰਚਣ ਦੀ ਕੀਤੀ ਅਪੀਲ
ਗੁਰਦਾਸਪੁਰ, 19 ਫਰਵਰੀ ( ਮੰਨਨ ਸੈਣੀ ) । ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਸਥਾਨਕ ਇੰਪਰੂਵਮੈਂਟ ਟਰੱਸਟ ਕਾਲੋਨੀ, ਤਿੱਬੜੀ ਰੋਡ, ਗੁਰਦਾਸਪੁਰ ਵਿਖੇ ਲੱਗੇ ‘ਗਾਂਧੀ ਸ਼ਿਲਪ ਬਾਜ਼ਾਰ 2021’ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਹਰਜਿੰਦਰ ਸਿੰਘ ਸੰਧੂ ਡੀਡੀਪੀਓ, ਐਡਵੈਕੇਟ ਬਲਜੀਤ ਸਿੰਘ ਪਾਹੜਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਗੁਰਦਾਸਪੁਰ, ਕੁਲਵਿੰਦਰ ਸਿੰਘ ਸਾਬਕਾ ਸਹਾਇਕ ਡਾਇਰੈਕਟਰ ਹੈਂਡੀਕਰਾਫਟ, ਚੇਅਰਮੈਨ ਉਂਕਾਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਬੀਡੀਪੀਓ ਗੁਰਦਾਸਪੁਰ, ਨਿਰਮਲ ਸਿੰਘ, ਜਗਬੀਰ ਸਿੰਘ ਜੱਗੀ ਆਦਿ ਮੌਜੂਦ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਪਾਹੜਾ ਨੇ ਦੱਸਿਆ ਕਿ ‘ਗਾਂਧੀ ਸ਼ਿਲਪ ਬਾਜ਼ਾਰ 2021’ ਵਿਚ ਦੇਸ਼ ਵਿਚੋਂ ਵੱਖ-ਵੱਖ ਰਾਜਾਂ ਵਿਚੋਂ ਕਾਰੀਗਰ ਪੁਹੰਚੇ ਹਨ, ਜਿਨਾਂ ਵਲੋਂ ਆਪਣੇ ਹੱਥਾਂ ਨਾਲ ਸਮਾਨ ਤਿਆਰ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਸ਼ਾਨਦਾਰ ਮੀਨਕਾਰੀ ਨਾਲ ਬਣਿਆ ਹੋਇਆ ਹੈ। ਉਨਾਂ ਕਿਹਾ ਕਿ ਅਜਿਹੇ ਬਜ਼ਾਰ ਆਪਸੀ ਮਿਲਵਰਤਨ ਅਤੇ ਸਹਿਯੋਗ ਲਈ ਬਹੁਤ ਸਹਾਈ ਹੁੰਦੇ ਹਨ ਅਤੇ ਰਾਜਾਂ ਦੇ ਆਪਸੀ ਸਬੰਧ ਮਜ਼ਬੂਤ ਹੁੰਦੇ ਹਨ। ਉਨਾਂ ਜਿਲਾ ਪ੍ਰਸ਼ਾਸਨ ਵਲੋਂ ਕਰਵਾਏ ਜਾ ਰਹੇ ਇਸ ਸਮਾਗਮ ਦੀ ਭਰਵੀਂ ਸ਼ਲਾਘਾ ਕੀਤੀ।
ਉਨਾਂ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਥੇ ਜਰੂਰ ਪੁਹੰਚਣ ਅਤੇ ਵੱਖ-ਵੱਖ ਤਰਾਂ ਦੇ ਲਗਾਏ ਗਏ 100 ਸਟਾਲਾਂ ਤੋਂ ਖਰੀਦਦਾਰੀ ਕਰਨ। ‘ਗਾਂਧੀ ਸ਼ਿਲਪ ਬਾਜ਼ਾਰ 2021’ ਵਿਚ ਐਂਟਰੀ ਬਿਲਕੁਲ ਮੁੱਫਤ ਹੈ ਅਤੇ ਇਥੇ ਖਾਣਪੀਣ ਦੇ ਵੰਨ-ਸੁਵੰਨੇ ਪਕਵਾਨ ਵੀ ਉਪਲੱਬਧ ਹਨ। ਬੱਚਿਆਂ ਲਈ ਵੱਖ-ਵੱਖ ਤਰਾਂ ਦੇ ਪਘੂੰੜੇ ਆਦਿ ਲਗਾਏ ਗਏ ਹਨ, ਜੋ ਖਿੱਚ ਦਾ ਕੇਂਦਰ ਬਣੇ ਹੋਏ ਹਨ।