ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ
ਗੁਰਦਾਸਪੁਰ, 16 ਫਰਵਰੀ ( ਮੰਨਨ ਸੈਣੀ )। ਜਿਲਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ 17 ਫਰਵਰੀ ਦਿਨ ਬੁੱਧਵਾਰ ਨੂੰ ਜ਼ਿਲੇ ਦੀਆਂ 6 ਨਗਰ ਕੌਂਸਲਾਂ ਗੁਰਦਾਸਪੁਰ, ਦੀਨਾਨਗਰ, ਧਾਰੀਵਾਲ, ਫਤਿਹਗੜ੍ਹ ਚੂੜੀਆਂ, ਕਾਦੀਆਂ ਅਤੇ ਸ੍ਰੀ ਹਰਗੋਬਿੰਦਪੁਰ ਅਤੇ ਬਟਾਲਾ ਨਗਰ ਨਿਗਮ ਲਈ ਪਈਆਂ ਵੋਟਾਂ ਦੀ ਗਿਣਤੀ ਹੋਵੇਗੀ। ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਸ਼ੁਰੂ ਹੋਵੇਗੀ, ਜਿਸ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲਾ ਚੋਣ ਅਫਸਰ ਗੁਰਦਾਸਪੁਰ ਵੀ ਮੋਜੂਦ ਸਨ।
ਉਨਾਂ ਦੱਸਿਆ ਕਿ ਬਟਾਲਾ ਨਗਰ ਨਿਗਮ ਵੋਟਾਂ ਦੀ ਗਿਣਤੀ ਬੇਰਿੰਗ ਕ੍ਰਿਸਚਨ ਕਾਲਜ ਹਾਲ ਬਟਾਲਾ ਵਿਖੇ ਹੋਵੇਗੀ। ਨਗਰ ਕੌਂਸਲ ਦੀਨਾਨਗਰ ਵੋਟਾਂ ਦੀ ਗਿਣਤੀ ਸਵਾਮੀ ਸੁਵਤੰਤਰਤਾ ਮੈਮੋਰੀਅਲ ਕਾਲਜ ਦੀਨਾਨਗਰ ਵਿਖੇ, ਨਗਰ ਕੌਂਸਲ ਗੁਰਦਾਸਪੁਰ ਵੋਟਾਂ ਦੀ ਗਿਣਤੀ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਵਿਖੇ, ਧਾਰੀਵਾਲ ਨਗਰ ਕੌਂਸਲ ਵੋਟਾਂ ਦੀ ਹਿੰਦੂ ਕੰਨਿਆ ਮਹਾਂ ਵਿਦਿਆਲੇ ਕਾਲਜ ਧਾਰੀਵਾਲ ਵਿਖੇ, ਕਾਦੀਆਂ ਨਗਰ ਕੌਂਸਲ ਵੋਟਾਂ ਦੀ ਗਿਣਤੀ ਡੀਏਵੀ ਸੀਨੀਅਰ ਸੈਕੰਡਰੀ ਸਕੂਲ, ਕਾਦੀਆਂ, ਸ੍ਰੀ ਹਰਗੋਬਿੰਪੁਰ ਨਗਰ ਕੌਂਸਲ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਹਰਗੋਬਿੰਦਪੁਰ ਵਿਖੇ ਅਤੇ ਫਤਹਿਗੜ੍ਹ ਚੂੜੀਆਂ ਨਗਰ ਕੌਂਸਲ ਵੋਟਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਫਤਿਹਗੜ੍ਹ ਚੂੜੀਆਂ ਵਿਖੇ ਹੋਵੇਗੀ।
ਜਿਲੇ ਗੁਰਦਾਸਪੁਰ ਅੰਦਰ ਇਕ ਨਗਰ ਨਿਗਮ ਬਟਾਲਾ ਅਤੇ 6 ਨਗਰ ਕੋਂਸਲਾਂ ਵਿਚ ਕੁਲ 146 ਵਾਰਡਾਂ ਹਨ ਅਤੇ 242 ਪੋਲਿੰਗ ਬੂਥ ਹਨ। ਨਗਰ ਕੌਸਲ ਬਟਾਲਾ ਵਿਖੇ 50 ਵਾਰਡ ਅਤੇ 110 ਪੋਲਿੰਗ ਬੂਥ, ਦੀਨਾਨਗਰ ਵਿਖੇ 15 ਵਾਰਡ ਤੇ 19 ਪੋਲਿੰਗ ਬੂਥ, ਗੁਰਦਾਸਪੁਰ ਵਿਖੇ 29 ਵਾਰਡ ਅਤੇ 60 ਪੋਲਿੰਗ ਬੂਥ, ਧਾਰੀਵਾਲ ਵਿਖੇ 13 ਵਾਰਡ ਅਤੇ 13 ਪੋਲਿੰਗ ਬੂਥ, ਕਾਦੀਆਂ ਵਿਖੇ 15 ਵਾਰਡ ਤੇ 15 ਬੂਥ, ਸ੍ਰੀ ਹਰਗੋਬਿੰਦਪੁਰ ਵਿਖੇ 11 ਵਾਰਡਾਂ ਤੇ 11 ਪੋਲਿੰਗ ਬੂਥ ਅਤੇ ਫਤਿਹਗੜ੍ਹ ਚੂੜੀਆਂ ਵਿਖੇ 13 ਵਾਰਡਾਂ ਤੇ 14 ਪੋਲਿੰਗ ਬੂਥ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਨਿਰਮਲ ਸਿੰਘ ਰਿਟਰਨਿੰਗ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਗੁਰਦਾਸਪੁਰ ਨਗਰ ਕੌਂਸਲ ਗੁਰਦਾਸਪੁਰ ਲਈ ਵੋਟਾਂ ਦੀ ਗਿਣਤੀ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਵਿਖੇ ਹੋਵੇਗੀ। ਵੋਟਾਂ ਦੀ ਗਿਣਤੀ ਲਈ 07 ਕਾਊਂਟਿੰਗ ਸੁਪਰਵਾਈਜ਼ਰ, 21 ਕਾਊਟਿੰਗ ਅਫਸਰ ਤਾਇਨਾਤ ਕੀਤੇ ਹਨ। ਵੋਟਾਂ ਦੀ ਗਿਣਤੀ ਲਈ 7 ਟੇਬਲ ਲਗਾਏ ਜਾਣਗੇ ਅਤੇ ਇਕ ਨੰਬਰ ਬੂਥ ਤੋਂ ਗਿਣਤੀ ਸ਼ੁਰੂ ਹੋਵੇਗੀ।