ਜ਼ਿਲ੍ਹੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ ਅੰਮ੍ਰਿਤਸਰ ਤੋਂ ਵੀ ਰੋਜ਼ਾਨਾਂ ਚੱਲੇਗੀ ਵਿਸ਼ੇਸ਼ ਬੱਸ
ਬਟਾਲਾ ਵਿੱਚ ਹਰ ਹਫ਼ਤੇ ਹੋਇਆ ਕਰੇਗੀ ‘ਹੈਰੀਟੇਜ਼ ਵਾਕ’
ਬਟਾਲਾ, 27 ਜਨਵਰੀ ( ਮੰਨਨ ਸੈਣੀ ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਇੱਕ ਹੋਰ ਪਹਿਲਕਦਮੀ ਕਰਦਿਆਂ ਹੋਇਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਜ਼ਿਲ੍ਹੇ ਦੀਆਂ ਧਾਰਮਿਕ ਅਤੇ ਇਤਿਹਾਸ ਵਿਰਾਸਤਾਂ ਦੇ ਦਰਸ਼ਨ ਕਰਵਾਉਣ ਲਈ ਵਿਸ਼ੇਸ਼ ਹਫ਼ਤਾਵਾਰੀ ਇੱਕ ਦਿਨਾਂ ਯਾਤਰਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਅੱਜ ਆਪਣੇ ਦਫ਼ਤਰ ਵਿੱਚ ਅਹਿਮ ਮੀਟਿੰਗ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਇਸ ਐਤਵਾਰ ਮਿਤੀ 31 ਜਨਵਰੀ ਨੂੰ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਬਟਾਲਾ ਅਤੇ ਗੁਰਦਾਸਪੁਰ ਤੋਂ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਹਫ਼ਤਾਵਾਰੀ ਇੱਕ ਦਿਨਾਂ ਯਾਤਰਾ ਲਈ ਦੋ ਸਰਕਟ ਬਣਾਏ ਗਏ ਹਨ ਜਿਸ ਵਿੱਚ ਪਹਿਲਾ ਸਰਕਟ ਗੁਰਦਾਸਪੁਰ ਤੇ ਇਸਦੇ ਦੁਆਲੇ ਦੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏਗਾ ਜਦਕਿ ਦੂਸਰਾ ਸਰਕਟ ਬਟਾਲਾ ਅਤੇ ਇਸਦੇ ਨਾਲ ਲੱਗਦੇ ਸ਼ਹਿਰਾਂ ਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਤਵਾਰ ਨੂੰ ਸਵੇਰੇ 10 ਵਜੇ ਪੰਚਾਇਤ ਭਵਨ ਗੁਰਦਾਸਪੁਰ ਤੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਫ਼ਤਾਵਾਰੀ ਇੱਕ ਦਿਨਾਂ ਯਾਤਰਾ ਲਈ ਵਿਸ਼ੇਸ਼ ਬੱਸ ਚਲਾਈ ਜਾਵੇਗੀ ਜੋ ਗੁਰਦਾਸਪੁਰ ਤੋਂ ਚੱਲ ਕੇ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ, ਪੰਡੋਰੀ ਧਾਮ, ਅਕਬਰ ਬਾਦਸ਼ਾਹ ਦੇ ਤਾਜ਼ਪੋਸ਼ੀ ਸਥਾਨ ਤੇ ਸ਼ਿਵ ਮੰਦਰ ਕਲਾਨੌਰ, ਡੇਰਾ ਬਾਬਾ ਨਾਨਕ ਸਾਹਿਬ ਦੇ ਗੁਰਦੁਆਰਾ ਸਾਹਿਬਾਨ, ਧਿਆਨਪੁਰ ਧਾਮ ਤੋਂ ਹੁੰਦਾ ਹੋਇਆ ਗੁਰਦਾਸ ਨੰਗਲ ਗੜ੍ਹੀ ਦੇ ਦਰਸ਼ਨ ਕਰਾ ਕੇ ਸ਼ਾਮ ਨੂੰ ਗੁਰਦਾਸਪੁਰ ਪਹੁੰਚੇਗੀ।
ਉਨ੍ਹਾਂ ਦੱਸਿਆ ਕਿ ਇਸੇ ਤਰਾਂ ਹੀ 31 ਜਨਵਰੀ ਦਿਨ ਐਤਵਾਰ ਨੂੰ ਸਵੇਰੇ 11 ਵਜੇ ਸ਼ਿਵ ਬਟਾਲਵੀ ਆਡੀਟੋਰੀਅਮ ਤੋਂ ਹਫ਼ਤਾਵਾਰੀ ਇੱਕ ਦਿਨਾਂ ਯਾਤਰਾ ਲਈ ਬੱਸ ਚਲਾਈ ਜਾਵੇਗੀ ਜੋ ਬਟਾਲਾ ਤੋਂ ਸ੍ਰੀ ਅੱਚਲ ਸਾਹਿਬ, ਘੁਮਾਣ, ਕਿਸ਼ਨ ਕੋਟ ਦੇ ਮੰਦਰ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੇ ਗੁਰੂ ਕੀ ਮਸੀਤ ਸ੍ਰੀ ਹਰਗੋਬਿੰਦਪੁਰ, ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ, ਗੁਰਦਾਸ ਨੰਗਲ ਗੜ੍ਹੀ ਤੋਂ ਹੁੰਦੀ ਹੋਈ ਸ਼ਾਮ ਨੂੰ ਬਟਾਲਾ ਪਹੁੰਚੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯਾਤਰੂਆਂ ਕੋਲੋਂ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ ਅਤੇ ਇਹ ਯਾਤਰਾ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਯਾਤਰੂਆਂ ਨੂੰ ਰਸਤੇ ਵਿੱਚ ਰਿਫ਼ਰੈਸ਼ਮੈਂਟ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦੌਰਾਨ ਦੇਖਣ ਵਾਲੀਆਂ ਥਾਵਾਂ ਬਾਰੇ ਗਾਈਡ ਵੱਲੋਂ ਜਾਣਕਾਰੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਹਫ਼ਤਾਵਾਰੀ ਇੱਕ ਦਿਨਾਂ ਯਾਤਰਾ ਲਈ ਇਹ ਬੱਸਾਂ ਹਰ ਐਤਵਾਰ ਨੂੰ ਬਟਾਲਾ ਤੇ ਗੁਰਦਾਸਪੁਰ ਤੋਂ ਚੱਲਿਆ ਕਰਨਗੀਆਂ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਐਤਵਾਰ ਨੂੰ ਬਟਾਲਾ ਸਰਕਟ ਦੀ ਯਾਤਰਾ ਲਈ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ ਦੇ ਮੋਬਾਇਲ ਨੰਬਰ 9815577574 ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜਦਕਿ ਗੁਰਦਾਸਪੁਰ ਸਰਕਟ ਦੀ ਯਾਤਰਾ ਲਈ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦਾਸਪੁਰ ਹਰਜਿੰਦਰ ਸਿੰਘ ਕਲਸੀ ਦੇ ਮੋਬਾਇਲ ਨੰਬਰ 9780013977 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਪਰਿਵਾਰ ਸਮੇਤ ਇਹ ਮੁਫ਼ਤ ਯਾਤਰਾ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਗਲੇ ਹਫ਼ਤੇ ਤੋਂ ਬਟਾਲਾ ਸ਼ਹਿਰ ਲਈ ਇੱਕ ਵਿਸ਼ੇਸ਼ ‘ਹੈਰੀਟੇਜ਼ ਵਾਕ’ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੈਰੀਟੇਜ਼ ਵਾਕ ਦੌਰਾਨ ਬਟਾਲਾ ਸ਼ਹਿਰ ਵਿੱਚ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸ੍ਰੀ ਸਤਿ ਕਰਤਾਰੀਆਂ, ਸ਼ੇਰਾਂ ਵਾਲਾ ਦਰਵਾਜ਼ਾ, ਅੱਚਲੀ ਗੇਟ, ਖਜ਼ੂਰੀ ਗੇਟ, ਕਾਲੀ ਦੁਆਰਾ ਮੰਦਰ, ਸ਼ਮਸ਼ੇਰ ਖਾਨ ਦਾ ਮਕਬਰਾ, ਜਲ ਮਹਿਲ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਦੇ ਦਰਸ਼ਨ ਕਰਵਾਏ ਜਾਣਗੇ।
ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਸੂਬੇ ਅਤੇ ਦੇਸ਼ ਦੇ ਲੋਕਾਂ ਨੂੰ ਵੀ ਗੁਰਦਾਸਪੁਰ ਦੀ ਇਤਿਹਾਸਕ ਤੇ ਧਾਰਮਿਕ ਵਿਰਾਸਤ ਦੇ ਦਰਸ਼ਨ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਰੋਜ਼ ਅੰਮ੍ਰਿਤਸਰ ਸ਼ਹਿਰ ਤੋਂ ਵਿਸ਼ੇਸ਼ ਬੱਸ ਚਲਾਈ ਜਾਵੇਗੀ ਜਿਸ ਵਿੱਚ ਦੇਸ਼ ਦੁਨੀਆਂ ਦੇ ਯਾਤਰੂ ਜ਼ਿਲ੍ਹਾ ਗੁਰਦਾਸਪੁਰ ਦੀ ਯਾਤਰਾ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਬੱਸ ਵੀ ਫਰਵਰੀ ਮਹੀਨੇ ਸ਼ੁਰੂ ਹੋ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਵਿੱਖ ਵਿੱਚ ਅੰਮ੍ਰਿਤਸਰ ਤੋਂ ਓਵਰ ਨਾਈਟ ਟੂਰ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਇਸੇ ਮੌਕੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਸ੍ਰੀਮਤੀ ਸੁਸ਼ੀਲਾ ਮਹਾਜਨ ਨੇ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਲਈ 1 ਲੱਖ ਰੁਪਏ ਦੀ ਦਾਨ ਰਾਸ਼ੀ ਦਾ ਚੈੱਕ ਡਿਪਟੀ ਕਮਿਸ਼ਨਰ ਨੂੰ ਭੇਟ ਕੀਤਾ। ਮੀਟਿੰਗ ਦੌਰਾਨ ਸ੍ਰੀ ਰਮੇਸ਼ ਮਹਾਜਨ, ਸ੍ਰੀਮਤੀ ਫੂਲਾ ਅੱਤਰੀ ਮੁੱਖੀ ਇਤਿਹਾਸ ਵਿਭਾਗ, ਸਰਕਾਰੀ ਕਾਲਜ ਗੁਰਦਾਸਪੁਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਟਾਲਾ ਇੰਦਰਜੀਤ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦਾਸਪੁਰ ਹਰਜਿੰਦਰ ਸਿੰਘ ਕਲਸੀ, ਆਰ.ਟੀ.ਏ. ਬਲਦੇਵ ਸਿੰਘ ਰੰਧਾਵਾ, ਹਰਮਨਜੀਤ ਸਿੰਘ ਅਤੇ ਹੋਟਲ ਇੰਡਸਟਰੀ ਦੇ ਨੁਮਾਇੰਦੇ ਵੀ ਹਾਜ਼ਰ ਸਨ।