ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਨੇ ਲਹਿਰਾਇਆ ਰਾਸ਼ਟਰੀ ਤਿੰਰਗਾ, ਪੂਰੇ ਉਤਸ਼ਾਹ ਤੇ ਜਾਹੋ ਜਲਾਲ ਨਾਲ ਮਨਾਇਆ ਗਿਆ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ

ਮੁੱਖ ਮਹਿਮਾਨ ਸ੍ਰੀ ਰੰਧਾਵਾ ਵਲੋਂ ਨਾਰੀ ਵੀਰਾਂ ਤੇ ਸੁਤੰਤਰਤਾ ਸੈਨਾਨੀਆਂ ਨੂੰ ਕੀਤਾ ਗਿਆ ਸਨਮਾਨਿਤ

ਲੋੜਵੰਦ ਨੂੰ ਵੰਡੇ ਟਰਾਈ ਸਾਈਕਲ-ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ /ਕਰਮਚਾਰੀਆਂ ਤੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਿਦਿਆਰਥੀਆਂ/ਖਿਡਾਰੀਆਂ ਨੂੰ ਕੀਤਾ ਸਨਾਮਿਨਤ

ਪਹਿਲੀ ਵਾਰ ਗਣਤੰਤਰ ਦਿਵਸ ਵਿਚ ਜੇਲ੍ਹ ਵਿਭਾਗ ਦੀ ਟੁਕੜੀ ਬਣੀ ਪਰੇਡ ਦਾ ਹਿੱਸਾ

ਗੁਰਦਾਸਪੁਰ, 26 ਜਨਵਰੀ (ਮੰਨਨ ਸੈਣੀ )। ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਤੇ ਜੇਲ੍ਹਾਂ ਮੰਤਰੀ ਪੰਜਾਬ ਵਲੋਂ ਸਥਾਨਕ ਲੈਫ. ਨਵਦੀਪ ਸਿੰਘ (ਅਸੋਕ ਚੱਕਰ) ਖੇਡ ਸਟੇਡੀਅਮ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਤੇ ਜ਼ਿਲ੍ਹਾ ਵਾਸੀਆਂ ਨੂੰ ਆਪਣਾ ਸੰਦੇਸ਼ ਦਿੱਤਾ
ਗਿਆ। ਗਣਤੰਤਰ ਦਿਵਸ ਸਮਾਗਮ ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ, ਫਤਿਹਜੰਗ ਸਿੰਘ ਬਾਜਵਾ ਹਲਕਾ ਵਿਧਾਇਕ ਕਾਦੀਆਂ, ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ, ਡਾ.ਰਜਿੰਦਰ ਸਿੰਘ ਸੋਹਲ ਐਸ.ਐਸ.ਪੀ ਗੁਰਦਾਸਪੁਰ, ਸ੍ਰੀਮਤੀ ਜਤਿੰਦਰ ਕੋਰ ਰੰਧਾਵਾ ਧਰਮ ਪਤਨੀ, ਕੈਬਨਿਟ ਮੰਤਰੀ ਸ੍ਰੀ ਰੰਧਾਵਾ, ਸ੍ਰੀਮਤੀ ਸਰਬਜੀਤ ਕੋਰ ਪਾਹੜਾ ਧਰਮ ਪਤਨੀ ਵਿਧਾਇਕ ਪਾਹੜਾ, ਮੈਡਮ ਸਾਹਿਲਾ ਕਾਦਰੀ ਧਰਮ ਪਤਨੀ ਡਿਪਟੀ ਕਮਿਸ਼ਨਰ ਗੁਰਦਾਸਪੁਰ, ਉਦੈਵੀਰ ਸਿੰਘ ਰੰਧਾਵਾ ਸਪੁੱਤਰ ਸ੍ਰੀ ਰੰਧਾਵਾ ਜੀ , ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਰਮਨ ਬਹਿਲ ਚੇਅਰਮੈਨ ਐਸ.ਐਸ.ਬੋਰਡ ਪੰਜਾਬ, ਡਾ. ਸਤਨਾਮ ਸਿੰਘ ਨਿੱਜਰ, ਚੇਅਰਮੈਨ ਜ਼ਿਲਾ ਪਲਾਨਿੰਗ ਕਮੇਟੀ ਗੁਰਦਾਸਪੁਰ, ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ) ਸਮੇਤ ਪ੍ਰਮੁੱਖ ਹਸਤੀਆਂ ਮੌਜੂਦ ਸਨ।

ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਵਜ਼ੀਰ ਸ੍ਰੀ ਰੰਧਾਵਾ ਕਿਹਾ ਕਿ ਅੱਜ ਅਸੀਂ ਆਪਣੇ ਮੁਲਕ ਦਾ 72ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ। ਮੈਂ ਸਾਡੀਆਂ ਹਥਿਆਰਬੰਦ ਫੌਜਾਂ ਦੇ ਬਹਾਦਰ ਸੈਨਿਕਾਂ, ਪੈਰਾ ਮਿਲਟਰੀ ਫੋਰਸਾਂ ਅਤੇ ਸੂਬਿਆਂ ਦੀਆਂ ਪੁਲਿਸ ਫੋਰਸਾਂ ਦੇ ਜਵਾਨਾਂ ਨੂੰ ਵੀ ਸਲਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਅਖੰਡਤਾ ਅਤੇ ਏਕਤਾ ਦੀ ਰਾਖੀ ਕਰ ਰਿਹਾ ਹੈ। 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਗਣਰਾਜ ਦੀ ਸਥਾਪਨਾ ਹੋਈ। ਅੱਜ ਦੇ ਦਿਨ ਮੈਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਵੀ ਸਿਜਦਾ ਕਰਦਾ ਹੈ। ਆਜ਼ਾਦੀ ਸੰਘਰਸ਼ ਦੌਰਾਨ 80 ਫੀਸਦੀ ਯੋਗਦਾਨ ਪੰਜਾਬੀਆਂ ਦਾ ਰਿਹਾ। ਸਾਡੇ ਪੰਜਾਬੀਆਂ ਨੇ ਕਾਲੇ ਪਾਣੀ ਵਰਗੀਆਂ ਸਖਤ ਸਜ਼ਾਵਾਂ ਹੱਸ-ਹੱਸ ਕੇ ਕੱਟੀਆਂ। ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਮੈਂ ਖੁਦ ਜਾ ਕੇ ਦੇਖ ਕੇ ਆਇਆ ਕਿਵੇਂ
ਪੰਜਾਬੀਆਂ ਨੇ ਕੁਰਬਾਨੀਆਂ ਕੀਤੀਆਂ।

ਉਨਾਂ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਮਹਾਨ ਸੂਰਮੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਊਧਮ ਸਿੰਘ, ਲਾਲਾ ਹਰਦਿਆਲ ਵਰਗੇ ਸੂਰਬੀਰਾਂ ਨੂੰ ਵੀ ਅੱਜ ਮੈਂ ਸਿਜਦਾ ਕਰਦਾ ਹਾਂ। ਮੇਰੇ ਆਪਣੇ ਪਿੰਡ ਧਾਰੋਵਾਲੀ ਦੇ ਸ਼ਹੀਦ ਸਰਦਾਰ ਲਛਮਣ ਸਿੰਘ ਦੀ ਕੁਰਬਾਨੀ ਨੂੰ ਕੌਣ ਭੁੱਲ ਸਕਦਾ ਹੈ। ਅਗਲੇ ਮਹੀਨੇ ਅਸੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਮਨਾ ਰਹੇ ਹਾਂ। ਉਨਾਂ ਅੱਗੇ ਕਿਹਾ ਕਿ ਅੱਜ ਜਦੋਂ ਸਮੁੱਚਾ ਰਾਸ਼ਟਰ ਗਣਤੰਤਰ ਦਿਵਸ ਮਨਾ ਰਿਹਾ ਹੈ ਤਾਂ ਅਜਿਹੇ ਸਮੇਂ ਸਾਡੇ ਦੇਸ਼ ਨੂੰ ਸੰਵਿਧਾਨ ਨੂੰ ਬਚਾਉਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਇਹ ਖਤਰਾ ਸਾਡੇ ਆਪਣਿਆਂ ਤੋਂ ਹੀ ਹੈ। ਕੇਂਦਰ ਸਰਕਾਰ ਵੱਲੋਂ ਸੰਵਿਧਾਨਕ ਕਦਰਾਂ-ਕੀਮਤਾਂ ਦਾ ਘਾਣ ਕਰਕੇ ਸੂਬਿਆਂ ਨੂੰ ਮਿਲੇ ਅਧਿਕਾਰਾਂ ਉਤੇ ਡਾਕਾ ਮਾਰਿਆ ਜਾ ਰਿਹਾ। ਸੈਨਿਕ ਜਿੱਥੇ ਦੇਸ਼ ਦੀ ਰੱਖਿਆ ਕਰਦੇ ਹਨ, ਕਿਸਾਨ ਦੇਸ਼ ਦਾ ਢਿੱਡ ਭਰਦੇ ਹਨ।

ਸੰਵਿਧਾਨ ਅਨੁਸਾਰ ਖੇਤੀਬਾੜੀ ਸੂਬਿਆਂ ਦੇ ਅਧਿਕਾਰ ਦਾ ਵਿਸ਼ਾ ਹੈ ਪਰ ਕੇਂਦਰ ਸਰਕਾਰ ਨੇ ਇਸ ਵਿੱਚ ਸਿੱਧਾ ਦਖਲ ਦਿੰਦਿਆਂ ਤਿੰਨ ਕਾਲੇ ਖੇਤੀ ਕਾਨੂੰਨ ਬਣਾ ਕੇ ਪੂਰੇ ਦੇਸ਼ ਵਿੱਚ ਬੇਚੈਨੀ ਤੇ ਰੋਸ ਦਾ ਮਾਹੌਲ ਬਣਾ ਦਿੱਤਾ। ਅੱਜ ਪੂਰੇ ਦੇਸ਼ ਦਾ ਕਿਸਾਨ ਦਿੱਲੀ ਦੀਆਂ ਸਰਹੱਦਾਂ ਉਤੇ ਪਿਛਲੇ ਦੋ ਮਹੀਨਿਆਂ ਤੋਂ ਹੱਡ ਚੀਰਵੀ ਠੰਢ ਵਿੱਚ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ। ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਅੰਨਦਾਤਾ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਕਾਲੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਅੰਦੋਲਨ ਵਿੱਚ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ ਤੋਂ ਇਲਾਵਾ ਮੱਧ ਪ੍ਰਦੇਸ਼, ਉਤਰ ਪ੍ਰਦੇਸ਼, ਮਹਾਂਰਾਸ਼ਟਰ ਸਣੇ ਦੱਖਣ ਭਾਰਤ ਦੇ ਸੂਬੇ ਵੀ ਕੁੱਦ ਗਏ ਹਨ। ਸਭ ਤੋਂ ਦੁੱਖ ਦੀ ਗੱਲ ਹੈ ਕਿ ਦੋ ਮਹੀਨਿਆਂ ਤੋਂ ਦਿੱਲੀ ਵਿਖੇ ਹੱਡ ਚੀਰਵੀੰ ਠੰਢ ਵਿੱਚ ਸੰਘਰਸ਼ ਕਰ ਰਹੇ ਕਿਸਾਨਾਂ ਵਿੱਚੋਂ ਕਈ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ।

ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਜ਼ਾਹਰ ਕਰਦਾ ਹੋਇਆ ਮੈਂ ਕਿਸਾਨਾਂ ਦੀ ਕੁਰਬਾਨੀ ਨੂੰ ਸਿਜਦਾ ਕਰਦਾ ਹਾਂ। ਸਾਡੀ ਸਰਕਾਰ ਵੱਲੋਂ ਕਿਸਾਨੀ ਅੰਦੋਲਨ ਵਿੱਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਕਿਸਾਨ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਾਲ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਉਨਾਂ ਸੰਬੋਧਨ ਵਿਚ ਅੱਗੇ ਕਿਹਾ ਕਿ ਸਾਡੀ ਸਰਕਾਰ ਵੱਲੋਂ ਹਮੇਸ਼ਾ ਕਿਸਾਨਾਂ ਦੀ ਬਾਂਹ ਫੜੀ ਗਈ। ‘ਕਰਜ਼ਾ ਮੁਆਫੀ ਸਕੀਮ’ ਲਿਆਂਦੀ ਗਈ। ਸਹਿਕਾਰੀ ਅਤੇ ਵਪਾਰਕ ਬੈਂਕਾਂ ਦੇ ਕਰਜ਼ਾ ਪ੍ਰਾਪਤ ਛੋਟੇ ਅਤੇ ਦਰਮਿਆਨੇ 5 ਲੱਖ 63 ਹਜ਼ਾਰ ਕਿਸਾਨਾਂ ਦਾ 4610 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ। ਕਿਸਾਨਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ 8 ਲੱਖ 70 ਹਜ਼ਾਰ ‘ਜੇ’ ਫਾਰਮ ਹੋਲਡਰ ਕਿਸਾਨਾਂ ਅਤੇ 80 ਹਜ਼ਾਰ ਗੰਨਾ ਕਾਸ਼ਤਕਾਰਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਹੇਠ ਲਿਆਂਦਾ ਗਿਆ ਜਿਸ ਤਹਿਤ ਇਨ੍ਹਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਸਿਹਤ ਸਹੂਲਤਾਂ ਮਿਲਣਗੀਆਂ। ਕੈਪਟਨ ਸਰਕਾਰ ਦੇ ਪਿਛਲੇ 5 ਸਾਲਾਂ ਵਾਂਗ ਇਸ ਵਾਰ ਵੀ 4 ਸਾਲਾਂ ਦੌਰਾਨ 8 ਫਸਲਾਂ ਦੀ ਖਰੀਦ ਮੌਕੇ 48 ਘੰਟਿਆਂ ਅੰਦਰ ਕਰਕੇ ਕਿਸਾਨਾਂ ਨੂੰ ਬਣਦੀ ਰਕਮ ਅਦਾ ਕੀਤੀ ਗਈ ਹੈ।

ਉਨਾਂ ਨੇ ਅੱਗੇ ਕਿਹਾ ਕਿ ਸਾਨੂੰ ਤਾਂ ਸਾਡੇ ਗੁਰੂਆਂ ਤੋਂ ਸਰਬੱਤ ਦੇ ਭਲੇ ਦਾ ਸੰਦੇਸ਼ ਮਿਲਿਆ ਹੈ। ਹਾਲ ਹੀ ਵਿੱਚ ਅਸੀਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਪੁਰਬ ਬੜੇ ਚਾਅ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਇਸ ਸਾਲ ਅਸੀਂ ਧਰਮ ਦੇ ਰਾਖੇ, ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਵਿਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੁੱਲਿ੍ਹਆ ਅਤੇ ਕਰਤਾਰਪੁਰ ਸਾਹਿਬ ਦੇ ‘ਖੁੱਲ੍ਹੇ ਦਰਸ਼ਨ ਦੀਦਾਰ’ ਨਾਲ ਪੰਜਾਬੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਇਸ ਮੌਕੇ ਡੇਰਾ ਬਾਬਾ ਨਾਨਕ ਉਤਸਵ ਮਨਾਇਆ ਗਿਆ। ਗੁਰੂ ਸਾਹਿਬ ਦੀ ਯਾਦ ਵਿੱਚ ਕਲਾਨੌਰ ਵਿਖੇ ਗੰਨਾ ਖੋਜ ਕੇਂਦਰ ਬਣ ਰਿਹਾ ਹੈ। 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ-ਰਈਆ-ਬਾਬਾ ਬਕਾਲਾ-ਬਟਾਲਾ-ਡੇਰਾ ਬਾਬਾ ਨਾਨਕ ਚਾਰ ਮਾਰਗੀ ਸੜਕ ਬਣਾਉਣ ਦਾ ਫੈਸਲਾ ਕੀਤਾ ਗਿਆ।

ਉਨਾਂ ਨੇ ਅੱਗੇ ਕਿਹਾ ਕਿ ਮੇਰੇ ਆਪਣੇ ਵਿਭਾਗ ਸਹਿਕਾਰਤਾ ਦੇ ਸ਼ੂਗਰਫੈਡ ਅਦਾਰੇ ਵੱਲੋਂ ਗੁਰਦਾਸਪੁਰ ਤੇ ਬਟਾਲਾ ਵਿਖੇ ਨਵੇਂ ਖੰਡ ਮਿੱਲ ਕੰਪਲੈਕਸ ਬਣਾਏ ਜਾ ਰਹੇ ਹਨ ਜਿਸ ਨਾਲ ਇਸ ਖੇਤਰ ਦੇ ਗੰਨਾ ਕਾਸ਼ਤਕਾਰਾਂ ਨੂੰ ਵੱਡਾ ਫਾਇਦਾ ਹੋਵੇਗਾ। ਪਿਛਲੀ ਸਰਕਾਰ ਤੋਂ ਵਿਰਸੇ ਵਿਚ ਮਿਲੇ ਖ਼ਾਲੀ ਖ਼ਜ਼ਾਨੇ ਦੇ ਬਾਵਜੂਦ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਸਾਡੀ ਸਰਕਾਰ ਵੱਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।

ਉਨਾਂ ਅੱਗੇ ਕਿਹਾ ਕਿ ਅੱਜ ਦੇ ਇਸ ਮੌਕੇ ਮੈਂ ਕੋਵਿਡ-19 ਮਹਾਂਮਾਰੀ ਕਾਰਨ ਸਵਰਗਵਾਸ ਹੋਏ ਵਿਅਕਤੀਆਂ ਨੂੰ ਵੀ ਸ਼ਰਧਾਂਜਲੀ ਭੇਂਟ ਕਰਦਾ ਹਾਂ। ਹੈਲਥ ਵਰਕਰਾਂ ਤੇ ਮੈਡੀਕਲ ਸਟਾਫ ਦੇ ਨਾਲ ਫਰੰਟਲਾਈਨ ਵਰਕਰਾਂ ਨੂੰ ਵੀ ਸਲਾਮ ਕਰਦਾ ਹੈ ਜਿਨ੍ਹਾਂ ਨੇ ਇਸ ਮਹਾਂਮਾਰੀ ਖਿਲਾਫ ਅਗਲੀ ਕਤਾਰ ਵਿੱਚ ਹੋ ਕੇ ਲੜਾਈ ਲੜੀ। ਮੈਂ ਆਪਣੇ ਵਿਭਾਗ ਸਹਿਕਾਰਤਾ ਦੇ ਮਾਰਕਫੈਡ, ਮਿਲਕਫੈਡ ਅਤੇ ਸ਼ੂਗਰਫੈਡ ਅਦਾਰਿਆਂ ਦੇ ਸਟਾਫ ਨੂੰ ਵੀ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਲੌਕਡਾਊਨ ਦੌਰਾਨ ਸੂਬਾ ਵਾਸੀਆਂ ਨੂੰ ਜ਼ਰੂਰੀ ਵਸਤਾਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਈਆਂ।

ਉਨਾਂ ਅੱਗੇ ਕਿਹਾ ਕਿ ਆਪਣੇ ਜ਼ਿਲੇ ਗੁਰਦਾਸਪੁਰ ਵਿਖੇ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਮੈਨੂੰ ਉਨ੍ਹਾਂ ਸਖਸ਼ੀਅਤਾਂ ਦੇ ਨਾਂ ਲੈਣ ਵਿੱਚ ਵੀ ਮਾਣ ਮਹਿਸੂਸ ਹੋ ਰਿਹਾ ਹੈ ਜਿਨ੍ਹਾਂ ਨੇ ਗੁਰਦਾਸਪੁਰ ਜ਼ਿਲੇ ਦਾ ਨਾਂ ਰੌਸ਼ਨ ਕੀਤਾ। ਸਾਡੇ ਗੁਰਦਾਸਪੁਰ ਜ਼ਿਲੇ ਨੇ ਹਰ ਖੇਤਰ ਵਿੱਚ ਮੋਹਰੀ ਰੋਲ ਨਿਭਾਇਆ। ਤੇਜਾ ਸਿੰਘ ਸੁਤੰਤਰ, ਰਾਮ ਸਿੰਘ ਦੱਤ, ਮੇਲਾ ਰਾਮ ਤਾਇਰ ਸਾਡੀ ਸ਼ਾਨ ਹੈ। ਖੇਡਾਂ ਦੇ ਖੇਤਰ ਵਿੱਚ ਇਸ ਜ਼ਿਲੇ ਦੇ ਮੁਖਬੈਨ ਸਿੰਘ, ਸੁਰਜੀਤ ਸਿੰਘ, ਨਿਰਿਪਜੀਤ ਸਿੰਘ ਬੇਦੀ, ਹਰਚਰਨ ਸਿੰਘ, ਮਨਜੀਤ ਕੌਰ, ਪ੍ਰਭਜੋਤ ਸਿੰਘ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ।

ਉਨਾਂ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ-19 ਬਿਮਾਰੀ ਨਾਲ ਨਜਿੱਠਣ ਦੇ ਨਾਲ ਜ਼ਿਲੇ ਅੰਦਰ ਵਿਕਾਸ ਕੰਮਾਂ ਦੀ ਰਫਤਾਰ ਨਾਲ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਜ਼ਿਲੇ ਅੰਦਰ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਸਾਲ 2021 ਦੌਰਾਨ 650 ਕਰੋੜ ਰੁਪਏ ਖਰਚ ਜਾਣਗੇ, ਜਿਸ ਲਈ ਪੇਂਡੂ ਖੇਤਰ ਵਿਚ 350 ਕਰੋੜ ਰੁਪਏ ਅਤੇ ਸ਼ਹਿਰੀ ਖੇਤਰ ਵਿਚ 300 ਰੁਪਏ ਮਨਜੂਰ ਹੋ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ-19 ਵਿਰੁੱਧ ਸਫਲ ਯਤਨ ਕੀਤੇ ਗਏ ਹਨ ਅਤੇ ਜਿਲੇ ਵਿਚ ਪਰ ਮਿਲੀਅਨ (Per Million) 1 ਲੱਖ 89 ਹਜ਼ਾਰ 449 ਲੋਕਾਂ ਦੀ ਟੈਸਟਿੰਗ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਵਾਸੀਆਂ ਨੂੰ ਕੋਵਿਡ-19 ਵੈਕਸੀਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਵੈਕਸੀਨ ਪੂਰੀ ਤਰਾਂ ਮਨੁੱਖੀ ਸਿਹਤ ਲਈ ਸੁਰੱਖਿਅਤ ਹੈ।

ਉਨਾਂ ਅੱਗੇ ਕਿਹਾ ਕਿ ਜਿਲੇ ਅੰਦਰ ਮਗਨਰੇਗਾ ਸਕੀਮ ਤਹਿਤ ਵਿੱਤੀ ਸਾਲ 2019-20 ਦੋਰਾਨ 75 ਕਰੋੜ 12 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕੰਮ ਕਰਵਾਏ ਗਏ, ਜਿਸ ਕਰਕੇ ਜ਼ਿਲਾ ਗੁਰਦਾਸਪੁਰ ਪੰਜਾਬ ਭਰ ਵਿਚ ਪਹਿਲੇ ਸਥਾਨ ਤੇ ਕਾਬਜ਼ ਹੈ। ਸਮਾਰਟ ਵਿਲੇਜ਼ ਸਕੀਮ ਤਹਿਤ ਵਿੱਤੀ ਸਾਲ 2019-20 ਦੌਰਾਨ ਜਿਲੇ ਅੰਦਰ 1105 ਵਿਕਾਸ ਕੰਮ ਕਰਵਾਏ ਗਏ ਹਨ। ਵਿੱਤੀ ਸਾਲ ਸਾਲ 2020-21 ਦੌਰਾਨ ਜਿਲੇ ਅੰਦਰ 4298 ਵਿਕਾਸ ਕਾਰਜ ਕਰਵਾਉਣ ਲਈ ਪ੍ਰਵਾਨ ਹੋਏ ਹਨ, ਜਿਸ ਲਈ 306.77 ਕਰੋੜ ਰੁਪਏ ਖਰਚੇ ਜਾਣਗੇ। ‘ਜਲ ਜੀਵਨ ਮਿਸ਼ਨ’ ਪ੍ਰੋਜੈਕਟ ਅਧੀਨ ਜ਼ਿਲ੍ਹਾ ਗੁਰਦਾਸਪੁਰ ਦੇ ਪੇਂਡੂ ਖੇਤਰ ਦੇ ਵਸਨੀਕਾਂ ਨੂੰ ਸਾਲ 2022 ਤੱਕ ‘ਹਰ ਘਰ ਜਲ ਹਰ ਘਰ ਨਲ’ ਦੇ ਨਾਅਰੇ ਤਹਿਤ ਘਰ-ਘਰ ਪਾਣੀ ਦੇ ਕੂਨੈਕਸ਼ਨ ਦੇਣ ਲਈ 95 ਹਜ਼ਾਰ 295 ਘਰਾਂ ਨੂੰ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ। ਵਾਟਰ ਸਪਲਾਈ ਅਤੇ ਸੀਵਰੇਜ ਪ੍ਰੋਜੈਕਟ ਤਹਿਤ ਬਟਾਲਾ ਵਿਖੇ ਅਮਰੁਤ ਯੋਜਨਾ ਤਹਿਤ ਕਰੀਬ 141.08 ਕਰੋੜ ਰੁਪਏ ਦੀ ਲਾਗਤ ਨਾਲ ਹਰ ਘਰ ਨੂੰ ਜਲ ਸਪਲਾਈ ਅਤੇ ਸੀਵਰੇਜ ਨਾਲ ਜੋੜਨ ਲਈ ਵਿਕਾਸ ਕੰਮ ਤੇਜਗਤੀ ਨਾਲ ਚੱਲ ਰਿਹਾ ਹੈ। ਇਸੇ ਤਰਾਂ ਗੁਰਦਾਸਪੁਰ ਵਿਖੇ ਕਰੀਬ 43.05 ਕਰੋੜ ਰੁਪਏ ਅਤੇ ਦੀਨਾਨਗਰ ਵਿਖੇ 35.33 ਕਰੋੜ ਰੁਪਏ ਦੇ
ਵਿਕਾਸ ਕੰਮ ਪ੍ਰਗਤੀ ਅਧੀਨ ਹਨ।

ਉਨਾਂ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਅੰਦਰ ‘ਮੇਰਾ ਕੂੜਾ ਮੇਰੀ ਜ਼ਿੰਮੇਵਾਰੀ’ ਤਹਿਤ ਸ਼ਹਿਰੀ ਖੇਤਰ ਨੂੰ ਸਾਫ ਸੁਥਰਾ ਰੱਖਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵਿਸ਼ੇਸ ਮੁਹਿੰਮ ਵਿੱਢੀ ਗਈ , ਜਿਸ ਤਹਿਤ ਜਿਲੇ ਅੰਦਰ 3,98, 643 ਪੋਦੇ ਲਗਾਏ ਗਏ। ਰੁਜ਼ਗਾਰ ਅਤੇ ਸਵੈ-ਰੋਜ਼ਗਾਰ ਸਥਾਪਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ। ਸਾਲ 2020 ਵਿਚ ਕਰੀਬ 62 ਹਜ਼ਾਰ 301 ਨੌਜਵਾਨਾਂ ਦੀ ਰਜਿਸ਼ਟਰੇਸ਼ਨ ਕੀਤੀ ਜਾ ਚੁੱਕੀ ਹੈ। 83 ਪਲੇਸਮੈਂਟ ਕੈਂਪ ਲਗਾ ਕੇ 16 ਹਜ਼ਾਰ 459 ਨੋਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਕੋਵਿਡ-19 ਦੇ ਚੱਲਦਿਆਂ ਕਣਕ ਤੇ ਝੋਨੇ ਦੇ ਸ਼ੀਜ਼ਨ ਦੌਰਾਨ, ਜਿਲੇ ਅੰਦਰ 515088 ਮੀਟਰਕ ਟਨ ਕਣਕ ਦੀ ਨਿਰਵਿਘਨ ਖਰੀਦ ਕੀਤੀ ਤੇ ਕਿਸਾਨਾਂ ਨੂੰ 991,54,50,160 ਰੁਪਏ ਦੀ ਅਦਾਇਗੀ ਕੀਤੀ ਗਈ। ਇਸੇ ਤਰਾਂ ਜਿਲੇ ਅੰਦਰ 928506 ਰਿਕਾਰਡ
ਝੋਨੇ ਦੀ ਖਰੀਦ ਕੀਤੀ ਗਈ ਤੇ ਕਿਸਾਨਾਂ ਨੂੰ 1753,02,06,251 ਰੁਪਏ ਦੀ ਅਦਾਇਗੀ ਕੀਤੀ ਗਈ। ਜਿਲੇ ਅੰਦਰ 843 ਸਕੂਲਾਂ ਸਮਾਰਟ ਸਕੂਲ ਵਜੋਂ ਵਿਕਸਿਤ ਕੀਤਾ ਗਿਆ ਹੈ ਅਤੇ ਪੰਜਾਬ ਸਰਕਾਰ ਦੀ ਸਮਾਰਟ ਮੋਬਾਇਲ ਫੋਨ ਸਕੀਮ ਤਹਿਤ ਜਿਲੇ ਅੰਦਰ ਤਿੰਨ ਫੇਜਾਂ ਵਿਚ 12703 ਸਮਾਰਟ ਫੋਨ ਤੇ 141 ਟੈਬਲੈੱਟ
ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਹਨ। ਡਿਪਟੀ ਕਮਿਸ਼ਨਰ ਦੀ ਸੁਚੱਜੀ ਤੇ ਦੂਰ ਅੰਦੇਸ਼ੀ ਸੋਚ ਸਦਕਾ 25 ਜੁਲਾਈ 2020 ਨੂੰ ‘ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ’ ਦੀ ਸ਼ੁਰੂਆਤ ਕੀਤੀ ਗਈ ਸੀ।

ਉਨਾਂ ਨੇ ਅੱਗੇ ਕਿਹਾ ਕਿ ਅੰਤ ਵਿੱਚ ਮੈਂ ਸਰਬੱਤ ਦੇ ਭਲੇ ਦੀ ਜੋਦੜੀ ਕਰਦਾ ਹੋਇਆ ਆਸ ਕਰਦਾ ਹਾਂ ਕਿ ਸਾਡੇ ਕਿਸਾਨ ਵੀਰ ਆਪਣਾ ਸੰਘਰਸ਼ ਜਿੱਤਣ ਅਤੇ ਸੁੱਖੀ ਸਾਂਦੀ ਆਪਣੇ ਘਰਾਂ ਵਿੱਚ ਪਰਤਣ। ਮੈਂ ਇਕ ਵਾਰ ਫਿਰ ਆਪ ਸਭ ਨੂੰ ਗਣਤੰਤਰ ਦਿਵਸ ਮੌਕੇ ਆਪਣੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ। ਜੈ ਹਿੰਦ। ਜੈ ਪੰਜਾਬ।
ਜੈ ਜਵਾਨ, ਜੈ ਕਿਸਾਨ।

ਉਪਰੰਤ ਮੁੱਖ ਮਹਿਮਾਨ ਵਲੋਂ ਸਮਾਗਮ ਵਿਚ ਪੁਹੰਚੇ ਸ਼ਹੀਦਾਂ ਦੇ ਪਰਿਵਾਰਿਕ ਮੈਂਬਰ ਅਤੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਵਲੋਂ ਸਮੁੱਚੀ ਪਰੇਡ ਦਾ ਨਿਰੀਖਣ ਵੀ ਕੀਤਾ ਗਿਆ ਤੇ ਡੀ.ਐਸ.ਪੀ ਮਹੇਸ਼ ਕੁਮਾਰ ਦੀ ਅਗਵਾਈ ਹੇਠ ਮਾਰਚ ਪਾਸਟ ਕੀਤਾ ਗਿਆ। ਇਸ ਮੌਕੇ ਸਰਕਾਰੀ ਕਾਲਜ ਗੁਰਦਾਸਪੁਰ ਅਤੇ ਗਿਆਨ ਅੰਜਨ ਪਬਲਿਕ ਹਾਈ ਸਕੂਲ ਜਾਫਰਪੁਰ ਦੇ ਅਧਿਆਪਕਾਂ ਵਲੋਂ ਸ਼ਬਦ ਗਾਇਨ ਅਤੇ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਵਲੋਂ ਸ਼ਾਨਦਾਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਮੁੱਖ ਮਹਿਮਾਨ ਵਲੋਂ ਲੋੜਵੰਦਾਂ ਨੂੰ ਟਰਾਈ ਸਾਈਕਲ ਵੀ ਵੰਡੇ ਗਏ
ਇਸੇ ਤਰਾਂ ਅੱਜ ਪੂਰੇ ਜ਼ਿਲ੍ਹੇ ਅੰਦਰ ਗਣਤੰਤਰ ਦਿਵਸ ਪੂਰੇ ਉਤਸ਼ਾਹ ਤੇ ਜਾਹੋ ਜਲਾਲ ਨਾਲ ਮਨਾਇਆ ਗਿਆ। ਬਟਾਲਾ, ਡੇਰਾ ਬਾਬਾ ਨਾਨਕ, ਕਲਾਨੋਰ, ਦੀਨਾਨਗਰ, ਕਾਦੀਆਂ ਤੇ ਸ੍ਰੀ ਹਰਗੋਬਿੰਦਪੁਰ ਵਿਖੇ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਮੌਕੇ ਸਰਵ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀਮਤੀ ਅਮਨਦੀਰ ਕੋਰ ਸਹਾਇਕ ਕਮਿਸ਼ਨਰ (ਜਨਰਲ), ਏ.ਪੀ.ਐਸ ਸੰਧੂ ਜਿਲਾ ਅਟਾਰਨੀ, ਐਚ ਐਸ.ਬਾਜਵਾ ਉਪ ਜਿਲਾ ਅਟਾਰਨੀ, ਐਚ.ਐਸ ਬਾਜਵਾ ਜਿਲਾ ਉਪਰ ਅਟਾਰਨੀ, ਸ੍ਰੀ ਐਚ.ਐਸ ਸੰਧੂ ਐਸ.ਪੀ (ਡੀ), ਸ੍ਰੀ ਨਵਜੋਤ ਸਿੰਘ ਐਸ.ਪੀ ਹੈੱਡਕੁਆਟਰ, ਡੀ.ਐਸ.ਪੀ ਰਜੇਸ਼ ਕੱਕੜ, ਐਡਵੋਕੈਟ ਬਲਜੀਤ ਸਿੰਘ ਪਾਹੜਾ , ਚੇਅਰਮੈਨ ਮਿਲਕ ਪਲਾਂਟ ਗੁਰਦਾਸਪੁਰ,ਸੁਪਰਡੈਂਟ ਜੇਲ੍ਹ ਬਲਕਾਰ ਸਿੰਘ ਭੁੱਲਰ, ਮਨਜੀਤ ਸਿੰਘ ਸਹਾਇਕ ਸੁਪਰਡੈਂਟ ਜੇਲ੍ਹ ਚੇਅਰਮੈਨ ਰੰਜੂ ਸ਼ਰਮਾ, ਰੋਸ਼ਨ ਜੋਸਫ ਜਿਲਾ ਪ੍ਰਧਾਨ ਕਾਂਗਰਸ ਪਾਰਟੀ, ਤਰਸੇਮ ਸਹੋਤਾ ਵਾਈਸ ਚੇਅਰਮੈਨ ਕ੍ਰਿਸ਼ੀਚਨ ਵੈਲਫੇਅਰ ਬੋਰਡ, ਅਨੂੰ ਗੰਡੋਤਰਾ ਜਨਰਲ ਸਕੱਤਰ ਕਾਂਗਰਸ ਕਮੇਟੀ, ਅਮਨਦੀਪ ਕੋਰ ਰੰਧਾਵਾ ਜਿਲਾ ਪ੍ਰਧਾਨ ਮਹਿਲਾ ਕਾਂਗਰਸ ਗੁਰਦਾਸਪੁਰ, ਕੇਪੀ ਪਾਹੜਾ, ਹਰਜਿੰਦਰ ਸਿੰਘ
ਸੰਧੂ ਡੀਡੀਪੀ.ਓ,ਹਰਦੀਪ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ), ਸੁਰਜੀਤ ਪਾਲ ਜ਼ਿਲਾ ਸਿੱਖਿਆ ਅਫਸਰ (ਪ), ਸੁਖਜਿੰਦਰ ਸਿੰਘਤੇ ਗੁਰਜੀਤ ਸਿੰਘ ਬੀ.ਡੀ.ਪੀ.ਓ, ਹਿਮਾਸ਼ੂ ਕੱਕੜ ਡੀ.ਐਸ.ਐਫ.ਸੀ, ਸ੍ਰੀ ਪਰਮਿੰਦਰ ਸਿੰਘ ਸੈਣੀ, ਹਰਮਨਪ੍ਰੀਤ ਸਿੰਘ ਸਕੱਤਰ ਜਿਲਾ ਹੈਰੀਟੇਜ ਸੁਸਾਇਟੀ, ਇਕਬਾਲ ਸਮਰਾ ਡਿਪਟੀ ਡੀ.ਈ.ਓ ਖੇਡਾਂ, ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸਮੇਤ ਸਬੰਧਿਤ ਵਿਭਾਗਾਂ ਦੇ ਮੁਖੀ ਮੋਜੂਦ ਸਨ।

ਇਸ ਮੋਕੇ ਤੇ ਗਣਤੰਤਰ ਦਿਵਸ ਸਮਾਗਮ ਵਿਚ ਪਹਿਲੀ ਵਾਰ ਜੇਲ੍ਹ ਵਿਭਾਗ ਦੀ ਪੁਲਿਸ ਟੁਕੜੀ ਵਲੋਂ ਪਰੇਡ ਵਿਚ ਹਿੱਸਾ ਲਿਆ ਗਿਆ। ਜੇਲ੍ਹ ਵਿਭਾਗ ਦੀ ਟੁਕੜੀ ਦੀ ਅਗਵਾਈ ਮਨਜੀਤ ਸਿੰਘ ਐਸ.ਆਈ ਵਲੋਂ ਕੀਤੀ ਗਈ, ਜੋ ਸਾਰਿਆਂ ਲਈ ਵਿਸ਼ੇਸ ਖਿੱਚ ਦਾ ਕੇਂਦਰ ਬਣੀ।

Thepunjabwire
 • 3
 • 68
 •  
 •  
 •  
 •  
 •  
 •  
 •  
 •  
  71
  Shares
error: Content is protected !!