ਹੋਰ ਗੁਰਦਾਸਪੁਰ

ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਵਿਧਾਇਕ ਲਾਡੀ ਨੇ ਸ੍ਰੀ ਹਰਗੋਬਿੰਦਪੁਰ ਵਿਖੇ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ

ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਵਿਧਾਇਕ ਲਾਡੀ ਨੇ ਸ੍ਰੀ ਹਰਗੋਬਿੰਦਪੁਰ ਵਿਖੇ ਬੱਸ ਅੱਡੇ ਦਾ ਨੀਂਹ ਪੱਥਰ ਰੱਖਿਆ
  • PublishedJanuary 8, 2021

2.36 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਜਾਵੇਗਾ ਆਧੁਨਿਕ ਸਹੂਲਤਾਂ ਨਾਲ ਲੈਸ ਬੱਸ ਅੱਡਾ

ਖਜ਼ਾਨਾ ਮੰਤਰੀ ਨੇ ਸ੍ਰੀ ਹਰਗੋਬਿੰਦਪੁਰ ਸ਼ਹਿਰ ਦੇ ਵਿਕਾਸ ਲਈ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ

ਸ੍ਰੀ ਹਰਗੋਬਿੰਦਪੁਰ/ਬਟਾਲਾ, 8 ਜਨਵਰੀ ( ਮੰਨਨ ਸੈਣੀ ) । ਸ੍ਰੀ ਹਰਗੋਬਿੰਦਪੁਰ ਵਾਸੀਆਂ ਦੀ ਦਹਾਕਿਆਂ ਪੁਰਾਣੀ ਬੱਸ ਅੱਡੇ ਦੀ ਮੰਗ ਨੂੰ ਪੂਰਿਆਂ ਕਰਦਿਆਂ ਅੱਜ ਸੂਬੇ ਦੇ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਸ੍ਰੀ ਹਰਗੋਬਿੰਦਪੁਰ ਵਿਖੇ ਨਵੇਂ ਬੱਸ ਅੱਡੇ ਦੀ ਉਸਾਰੀ ਦਾ ਨੀਂਹ ਪੱਥਰ ਰੱਖ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ, ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰ, ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸ੍ਰੀ ਰੋਸ਼ਨ ਜੌਸਫ਼, ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਸਾਬਕਾ ਪ੍ਰਧਾਨ ਹਰਜੀਤ ਭੱਲਾ, ਤਹਿਸੀਦਾਰ ਬਟਾਲਾ ਜਸਕਰਨਜੀਤ ਸਿੰਘ, ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ, ਰਾਜਪ੍ਰੀਤ ਸਿੰਘ ਢਿੱਲੋਂ ਅਤੇ ਹੋਰ ਮੋਹਤਬਰ ਹਾਜ਼ਰ ਸਨ।

ਸ੍ਰੀ ਹਰਗੋਬਿੰਦਪੁਰ ਵਿਖੇ ਬੱਸ ਅੱਡੇ ਦਾ ਨੀਂਹ ਪੱਥਰ ਰੱਖਦਿਆਂ ਸੂਬੇ ਦੇ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਬੱਸ ਅੱਡੇ ਦੀ ਉਸਾਰੀ ਉੱਪਰ 2.36 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਬੱਸ ਅੱਡੇ ਦੀ ਉਸਾਰੀ ਨਾਲ ਸ੍ਰੀ ਹਰਗੋਬਿੰਦਪੁਰ ਸਮੇਤ ਸਮੁੱਚੇ ਇਲਾਕੇ ਦੇ ਵਸਨੀਕਾਂ ਨੂੰ ਲਾਭ ਪਹੁੰਚੇਗਾ। ਉਨ੍ਹਾਂ ਕਿਹਾ ਕਿ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਵਸਾਏ ਗਏ ਪਵਿੱਤਰ ਨਗਰ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਵਿੱਚ ਧੰਨ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸ. ਬਾਦਲ ਨੇ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਲਈ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਜਿਨੀ ਵੀ ਹੋਰ ਵੀ ਗ੍ਰਾਂਟ ਲੋੜੀਂਦੀ ਹੋਵੇਗੀ ਉਹ ਮੁਹੱਈਆ ਕਰਵਾਈ ਜਾਵੇਗੀ।

ਸ. ਬਾਦਲ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਨੇ ਸੂਬੇ ਦੀ ਆਰਥਿਕਤਾ ਨੂੰ ਲੀਹੇ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਹੈ ਜਿਸ ਸਦਕਾ ਰਾਜ ਸਰਕਾਰ ਤਰੱਕੀ ਦੀਆਂ ਪੁਲਾਂਘਾ ਪੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚੋਂ ਬੇਰੁਜ਼ਗਾਰੀ ਦੂਰ ਕਰਨ ਲਈ ਵਚਨਬੱਧ ਹੈ ਅਤੇ ਬੀਤੇ ਵਰ੍ਹਿਆਂ ਵਿੱਚ ਸਰਕਾਰ ਨੇ ਰੋਜ਼ਗਾਰ ਮੇਲੇ ਲਗਾ ਕੇ ਵੱਡੀ ਪੱਧਰ ’ਤੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਨੌਜਵਾਨਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ 50000 ਸਰਕਾਰੀ ਨੌਂਕਰੀਆਂ ਦਿੱਤੀਆਂ ਜਾਣਗੀਆਂ।

ਇਸ ਤੋਂ ਪਹਿਲਾਂ ਖਜ਼ਾਨਾਂ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਅਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਰੀਵਿਊ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਜਿਹੜੇ ਵਿਕਾਸ ਕਾਰਜ ਬਕਾਇਆ ਹਨ ਉਨ੍ਹਾਂ ਦੇ ਐਸਟੀਮੇਟ ਬਣਾ ਕੇ ਵਿੱਤ ਵਿਭਾਗ ਨੂੰ ਭੇਜੇ ਜਾਣ ਤਾਂ ਜੋ ਅਗਾਮੀ ਬਜਟ ਵਿੱਚ ਉਨ੍ਹਾਂ ਵਿਕਾਸ ਕਾਰਜਾਂ ਲਈ ਰਾਸ਼ੀ ਮੁਹੱਈਆ ਕਰਵਾਈ ਜਾ ਸਕੇ।

ਇਸ ਮੌਕੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਸ ਸਟੈਂਡ ਬਣਨ ਨਾਲ ਹਲਕਾ ਵਾਸੀਆਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਰਿਕਾਰਡ ਵਿਕਾਸ ਕਰਵਾਏ ਜਾ ਰਹੇ ਹਨ ਅਤੇ ਹਲਕੇ ਦੇ ਹਰ ਪਿੰਡ ਵਿੱਚ ਕੋਈ ਨਾ ਕੋਈ ਵਿਕਾਸ ਕਾਰਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘੁਮਾਣ ਵਿੱਚ ਸੀਵਰੇਜ ਤੇ ਜਲ ਸਪਲਾਈ ਪ੍ਰੋਜੈਕਟ ਤਹਿਤ ਕੰਮ ਕੀਤਾ ਜਾ ਰਿਹਾ ਹੈ ਅਤੇ ਹਲਕੇ ਦੀਆਂ 70 ਫੀਸਦੀ ਸੜਕਾਂ ਦੀ ਮੁਰੰਮਤ ਕੀਤੀ ਜਾ ਚੁੱਕੀ ਹੈ। ਇਸ ਮੌਕੇ ਉਨ੍ਹਾਂ ਖਜ਼ਾਨਾ ਮੰਤਰੀ ਅੱਗੇ ਹਲਕੇ ਦੀਆਂ ਹੋਰ ਮੰਗਾਂ ਵੀ ਰੱਖੀਆਂ।

ਇਸ ਮੌਕੇ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ। ਇਸ ਮੌਕੇ ਸ੍ਰੀ ਹਰਗੋਬਿੰਦਪੁਰ ਦੇ ਵਸਨੀਕ ਰਹੇ ਵਿਸ਼ਵ ਪ੍ਰਸਿੱਧ ਚਿੱਤਰਕਾਰ ਸ਼ੋਭਾ ਸਿੰਘ ਦੀ ਧੀ ਬੀਬੀ ਗੁਰਚਰਨ ਕੌਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕਮਲਜੀਤ ਕੌਰ ਅਤੇ ਸਰਗੁਨ ਕੌਰ ਵੱਲੋਂ ਖਜ਼ਾਨਾ ਮੰਤਰੀ ਸ. ਬਾਦਲ ਅਤੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੂੰ ਸ਼ੋਭਾ ਸਿੰਘ ਦੇ ਹੱਥਾਂ ਨਾਲ ਬਣੇ ਚਿੱਤਰ ਭੇਟ ਕੀਤੇ ਗਏ। ਇਸ ਤੋਂ ਪਹਿਲਾਂ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਇਸ ਮੌਕੇ ਸੀਨੀਅਰ ਆਗੂ ਪਰਮਜੀਤ ਸਿੰਘ ਟੀਟਾ, ਹਰਵਿੰਦਰ ਸਿੰਘ ਹੈਰੀ, ਯਾਦਵਿੰਦਰ ਸਿੰਘ ਸ਼ੈਰੀ, ਮਾਸਟਰ ਅਜਮੇਰ ਪਾਲ ਸਿੰਘ, ਮਨਜੀਤ ਸਿੰਘ ਚੀਮਾ, ਸੋਨੂੰ ਭੱਲਾ ਸਮੇਤ ਹੋਰ ਵੀ ਆਗੂ ਹਾਜ਼ਰ ਸਨ।

Written By
The Punjab Wire