ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਪੰਜ ਵੱਖ-ਵੱਖ ਸਕੀਮਾਂ ਦੀ ਸ਼ੁਰੂਆਤ
ਗੁਰਦਾਸਪੁਰ, 7 ਜਨਵਰੀ ( ਮੰਨਨ ਸੈਣੀ)। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਨਾਗਰਕਿਾਂ ਨੂੰ ਮੁੱਢਲੀਆਂ ਸਹਲੂਤਾਂ ਤੇ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀ ਰਹੀਆਂ ਹਨ, ਜਿਸ ਤਹਿਤ ਅੱਜ ਪੰਜਾਬ ਸਰਕਾਰ ਵਲੋਂ ਬਸੇਰਾ ਸਕੀਮ, ਸਮਾਰਟ ਮੀਟਰ ਪ੍ਰੋਜੈਕਟ, ਧੀਆਂ ਦੀ ਲੋਹੜੀ, ਸਪੋਰਟਸ ਕਿੱਟਸ ਅਤੇ ਈ-ਦਾਖਲ ਦੀ ਆਨਲਾਈਨ ਸ਼ੁਰੂਆਤ ਕੀਤੀ ਗਈ, ਜਿਸ ਦੇ ਸਬੰਧ ਵਿਚ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਅਰਸ਼ਦੀਪ ਸਿੰਘ ਲੁਬਾਣਾ ਐਸ.ਡੀ.ਐਮ ਗੁਰਦਾਸਪੁਰ, ਸ੍ਰੀਮਤੀ ਨੀਲਮ ਗੁਪਤਾ ਚੇਅਰਮੈਨ ਖਪਤਕਾਰ ਮਾਮਲੇ ਗੁਰਦਾਸਪੁਰ, ਰਮੇਸ਼ ਲਾਲ ਸਾਰੰਗਲ ਐਸ.ਈ ਪਾਵਰਕਾਮ, ਹਿਮਾਂਸ਼ੂ ਕੱਕੜ ਜਿਲਾ ਫੂਡ ਤੇ ਸਪਲਾਈ ਕੰਟਰੋਲਰ ਵੀ ਮੋਜੂਦ ਸਨ। ਇਸ ਤੋਂ ਇਲਾਵਾ ਸਬ ਡਵੀਜ਼ਨ ਪੱਧਰ ਉੱਪਰ ਵੀ ਸਮਾਗਮ ਕਰਵਾਏ ਗਏ।
‘ ਬਸੇਰਾ ਸਕੀਮ ’
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਸੇਰਾ ਸਕੀਮ ਤਹਿਤ ਝੁੱਗੀਆਂ ਵਿਚ ਰਹਿਣ ਵਾਲਿਆਂ ਦਾ ਜੀਵਨ ਪੱਧਰ ਸੰਵਾਰਦਿਆਂ ਸਲੱਮ ਡਵੈਲਰਜਡ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਬਸੇਰਾ ਸਕੀਮ ਤਹਿਤ ਝੁੱਗੀ-ਝੋਂਪੜੀ ਵਾਲਿਆਂ ਨੂੰ ਮਾਲਕਾਨਾਂ ਹੱਕ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਤਾਂ ਜੋ ਇਨਾਂ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ।
‘ਸਮਾਰਟ ਮੀਟਰ ਪ੍ਰੋਜੈਕਟ’
ਉਨਾਂ ਅੱਗੇ ਦੱਸਿਆ ਕਿ ਸਮਾਰਟ ਮੀਟਰ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਖਪਤਕਾਰ ਤੇ ਵਿਭਾਗ ਦਾ ਸਿੱਧਾ ਸੰਪਰਕ ਬਣੇਗਾ ਤੇ ਖਪਤਕਾਰ ਨੂੰ ਹੋਰ ਬਿਹਤਰ ਸਹੂਲਤ ਮੁਹੱਈਆ ਹੋਣਗੀਆਂ। ਕਰੀਬ 75.64 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ-ਫੇਜ਼ਾਂ ਵਿਚ ਸਮਾਰਟ ਮੀਟਰ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਇਸ ਨਾਲ ਬਿੱਲਾਂ ਦੀ ਰੀਡਿੰਗ/ਬਿੱਲਾਂ ਆਦਿ ਦੀ ਪ੍ਰਕਿਰਿਆ ਹੋਰ ਸੁਖਾਲੀ ਹੋਵੇਗੀ ਤੇ ਬਿਜਲੀ ਦੀ ਚੋਰੀ ਤੇ ਨੱਥ ਵੀ ਪਵੇਗੀ।
‘ਧੀਆਂ ਦੀ ਲੋਹੜੀ’
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ‘ਧੀਆਂ ਦੀ ਲੋਹੜੀ’ ਮਨਾਉਣ ਲਈ ਜਿਲੇ ਅੰਦਰ ਸਮਾਗਮ ਕਰਵਾਇਆ ਜਾਵੇਗਾ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਲੜਕੀਆਂ ਤੇ ਲੜਕਿਆਂ ਵਿਚ ਕੋਈ ਅੰਤਰ ਨਹੀਂ ਹੈ, ਅੱਜ ਹਰ ਖੇਤਰ ਵਿਚ ਧੀਆਂ ਦੇਸ਼ ਦਾ ਨਾਂਅ ਰੋਸ਼ਨ ਕਰ ਰਹੀਆਂ ਹਨ। ਇਸਦੇ ਨਾਲ ਹੀ ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਲੜਕੀਆਂ ਨੂੰ ਮੁਫ਼ਤ ਸੈਨੇਟਰੀ ਨੈਪਕਿੰਗ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਅਗਲੇ ਹਫਤੇ ਤੋਂ ਲੜਕੀਆਂ ਨੂੰ ‘ਸੈਲਫ ਡਿਫੈਂਸ’ ਦੀ ਮੁਫਤ ਸਿਖਲਾਈ ਪ੍ਰਦਾਨ ਕਰਵਾਈ ਜਾ ਰਹੀ ਹੈ, ਜਿਸ ਸਬੰਧੀ ਵੱਖ-ਵੱਖ ਪੱਧਰ ਤੇ ਸਿਖਾਲਈ ਕੈਂਪ ਲਗਾਏ ਜਾਣਗੇ।
‘ਸਪੋਰਟਸ ਕਿੱਟਾਂ’
ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨੋਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਅਤੇ ਯੂਥ ਕਲੱਬਾਂ ਅਤੇ ਨੌਜਵਾਨਾਂ ਨੂੰ ਖੇਡ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਉਹ ਸਮਾਜਿਕ ਬੁਰਾਈਆਂ ਤੋਂ ਦੂਰ ਹੋ ਕੇ ਸਮਾਜ ਦੀ ਬਿਹਤਰੀ ਲਈ ਹੋਰ ਕਾਰਜ ਕਰਨ। ਉਨਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਯੂਥ ਕਲੱਬਾਂ ਵਲੋਂ ਲੋਕਾਂ ਨੂੰ ਦਵਾਈਆਂ ਅਤੇ ਰਾਸ਼ਨ ਮੁਹੱਈਆ ਕਰਵਾਇਆ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
‘ਈ-ਦਾਖਲ ਪੋਰਟਲ’
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਈ-ਦਾਖਲ ਪੋਰਟਲ’ ਰਾਹੀਂ ਖਪਤਕਾਰ ਆਨਲਾਈਨ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਨਾਲ ਜਿਥੇ ਖਪਤਕਾਰ ਦੇ ਸਮੇਂ ਦੀ ਬੱਚਤ ਹੋਵੇਗੀ ਉਥੇ ਪੈਸੇ ਦੀ ਬੱਚਤ ਵੀ ਹੋਵੇਗੀ। ਉਨਾਂ ਦੱਸਿਆ ਕਿ ਖਪਤਕਾਰ www.foodsuppb.gov.in ਪੋਰਟਲ ਉੱਪਰ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।