CORONA ਗੁਰਦਾਸਪੁਰ

ਬਟਾਲਾ-ਸ਼ਿਵ ਬਟਾਲਵੀ ਆਡੀਟੋਰੀਅਮ ਨੂੰ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਬਣਾਇਆ ਜਾਵੇਗਾ – ਡੀ.ਸੀ

ਬਟਾਲਾ-ਸ਼ਿਵ ਬਟਾਲਵੀ ਆਡੀਟੋਰੀਅਮ ਨੂੰ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਬਣਾਇਆ ਜਾਵੇਗਾ – ਡੀ.ਸੀ
  • PublishedJanuary 6, 2021

.15 ਫਰਵਰੀ ਤੋਂ ਬਾਅਦ ਰੈਗੂਲਰ ਤੌਰ ’ਤੇ ਕਰਾਏ ਜਾਣਗੇ ਸਾਹਿਤਕ ਤੇ ਸੱਭਿਆਚਾਰਕ ਸਮਾਗਮ

ਬਟਾਲਾ, 6 ਜਨਵਰੀ (  ਮੰਨਨ ਸੈਣੀ ) । ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰ ਸੁਸਾਇਟੀ, ਬਟਾਲਾ ਦੀ ਮੀਟਿੰਗ ਸੁਸਾਇਟੀ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਪ੍ਰਧਾਨਗੀ ਹੇਠ ਸ਼ਿਵ ਬਟਾਲਵੀ ਸੱਭਿਆਚਾਰਕ ਕੇਂਦਰ ਬਟਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰ ਸੁਸਾਇਟੀ ਦੇ ਪ੍ਰਧਾਨ ਡਾ. ਰਵਿੰਦਰ ਸਿੰਘ, ਮੈਂਬਰ ਸਕੱਤਰ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਮੈਂਬਰ ਸ੍ਰੀ ਭਾਰਤ ਭੂਸ਼ਨ, ਸ੍ਰੀ ਜਸਵੰਤ ਹਾਂਸ, ਸ੍ਰੀ ਪੀ.ਸੀ. ਪਿਆਸਾ, ਡਾ. ਅਨੂਪ ਸਿੰਘ ਤੋਂ ਇਲਾਵਾ ਤਹਿਸੀਲਦਾਰ ਬਟਾਲਾ ਜਸਕਰਨਜੀਤ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਸ੍ਰੀ ਰਾਜੀਵ ਸੈਣੀ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਬਟਾਲਾ ਸ. ਇੰਦਰਜੀਤ ਸਿੰਘ, ਮਾਸਟਰ ਜੋਗਿੰਦਰ ਸਿੰਘ ਅੱਚਲੀਗੇਟ ਹਾਜ਼ਰ ਸਨ।

ਮੀਟਿੰਗ ਦੌਰਾਨ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ ਦੀ ਸਾਂਭ-ਸੰਭਾਲ ਅਤੇ ਇਥੇ ਵੱਖ-ਵੱਖ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਕਰਨ ਉੱਪਰ ਵਿਚਾਰਾਂ ਕੀਤੀਆਂ ਗਈਆਂ। ਸੁਸਾਇਟੀ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਆਡੀਟੋਰੀਅਮ ਦੀ ਸਟੇਜ ਦੀ ਖਰਾਬ ਹੋ ਗਈ ਸੀ ਜਿਸਨੂੰ ਨਵਾਂ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਆਡੀਟੋਰੀਅਮ ਦੀ ਸਟੇਜ ਉੱਪਰ ਨਾਟਕ ਖੇਡਣ ਸਮੇਂ ਰੌਸ਼ਨੀਆਂ ਦੇ ਪ੍ਰਭਾਵ ਨੂੰ ਸਿਰਜਣ ਲਈ ਸਟੇਜ ਦੀਆਂ ਲਾਈਟਸ ਨੂੰ ਠੀਕ ਕਰਵਾਇਆ ਜਾਵੇਗਾ ਅਤੇ ਜੇਕਰ ਕੋਈ ਨਵੀਆਂ ਲਾਈਟਾਂ ਲਗਾਉਣ ਦੀ ਲੋੜ ਹੋਈ ਤਾਂ ਉਹ ਵੀ ਲਗਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਆਡੀਟੋਰੀਅਮ ਦੇ ਪ੍ਰਬੰਧਕੀ ਦਫ਼ਤਰ ਦੀ ਮੁਰੰਮਤ ਕਰਨ ਦੇ ਨਾਲ ਆਡੀਟੋਰੀਅਮ ਨੂੰ ਰੰਗ ਕਰਾਇਆ ਜਾ ਰਿਹਾ ਹੈ।  

ਡਿਪਟੀ ਕਮਿਸ਼ਨਰ ਨੇ ਕਿਹਾ ਕਿ 15 ਫਰਵਰੀ ਤੋਂ ਬਾਅਦ ਸ਼ਿਵ ਆਡੀਟੋਰੀਅਮ ਵਿਖੇ ਸਪਿਕ ਮੈਕਏ ਦਾ ਫੰਕਸ਼ਨ ਕਰਵਾਇਆ ਜਾਵੇਗਾ। ਇਸ ਫੰਕਸ਼ਨ ਤੋਂ ਬਾਅਦ ਸ਼ਿਵ ਬਟਾਲਵੀ ਦੀ ਯਾਦ ਵਿੱਚ ਇੱਕ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਆਡੀਟੋਰੀਅਮ ਵਿੱਚ ਰੈਗੂਲਰ ਤੌਰ ’ਤੇ ਕੋਈ ਨਾ ਕੋਈ ਸਾਹਿਤਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਆਡੀਟੋਰੀਅਮ ਵਿੱਚ ਇੱਕ ਸ਼ਿਵ ਬਟਾਲਵੀ ਆਰਟ ਗੈਲਰੀ ਬਣਾਈ ਜਾਵੇਗੀ ਜਿਸ ਵਿੱਚ ਸ਼ਿਵ ਬਟਾਲਵੀ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੀਆਂ ਰਚਨਾਵਾਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ। ਇਸ ਦੇ ਨਾਲ ਹੀ ਬਟਾਲਾ ਸ਼ਹਿਰ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਨੂੰ ਉਜ਼ਾਗਰ ਕਰਨ ਲਈ ਇੱਕ ਵਿਸ਼ੇਸ਼ ਕਾਰਨਰ ਬਣਾਈ ਜਾਵੇ ਜਿਸ ਵਿੱਚ ਬਟਾਲਾ ਸ਼ਹਿਰ ਦੀਆਂ ਧਾਰਮਿਕ ਅਤੇ ਇਤਿਹਾਸਕ ਇਮਾਰਤਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਬਾਰੇ ਸੰਖੇਪ ਜਾਣਕਾਰੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ ਪੰਜਾਬੀ ਮਾਂ ਬੋਲੀ ਦੇ ਲਾਡਲੇ ਸ਼ਾਇਰ ਸ਼ਿਵ ਬਟਾਲਵੀ ਦੀ ਯਾਦ ਵਿੱਚ ਬਣਿਆ ਹੈ ਅਤੇ ਇਸਦੀ ਸੰਭਾਲ ਕਰਕੇ ਇਸਨੂੰ ਸਾਹਿਤਕ ਅਤੇ ਸੱਭਿਆਚਾਰਕ ਗਤੀ ਵਿਧੀਆਂ ਦਾ ਕੇਂਦਰ ਬਣਾਇਆ ਜਾਵੇਗਾ।  

Written By
The Punjab Wire