ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਗੁਰਦਾਸਪੁਰ ਤੇ ਫਿਰੋਜ਼ਪੁਰ ਵਿੱਚ ਦੋ ਨਵੀਆਂ ਕੈਂਪਸ ਯੂਨੀਵਰਸਿਟੀਆਂ ਬਣਾਉਣ ਦਾ ਤਕਨੀਕੀ ਸਿੱਖਿਆ ਮੰਤਰੀ ਨੇ ਕੀਤਾ ਐਲਾਨ

ਗੁਰਦਾਸਪੁਰ ਤੇ ਫਿਰੋਜ਼ਪੁਰ ਵਿੱਚ ਦੋ ਨਵੀਆਂ ਕੈਂਪਸ ਯੂਨੀਵਰਸਿਟੀਆਂ ਬਣਾਉਣ ਦਾ ਤਕਨੀਕੀ ਸਿੱਖਿਆ ਮੰਤਰੀ ਨੇ ਕੀਤਾ ਐਲਾਨ
  • PublishedJanuary 5, 2021

ਤਕਨੀਕੀ ਸਿੱਖਿਆ ਵਿਭਾਗ ਦਾ ਉੱਦਮ, ਮਾਂ ਬੋਲੀ ਵਿੱਚ ਹੋਵੇਗੀ ਤਕਨੀਕੀ ਸਿੱਖਿਆ: ਚੰਨੀ

16 ਟਰੇਡਾਂ ਦੀਆਂ ਪੁਸਤਕਾਂ ਦਾ ਕਰਵਾਇ ਅਨੁਵਾਦ, 25 ਟਰੇਡਾਂ ਦੇ ਅਨੁਵਾਦ ਦਾ ਕੰਮ ਜਾਰੀ 

ਚੰਡੀਗੜ, 5 ਜਨਵਰੀ। ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਹਿਮ ਐਲਾਨ ਕਰਦਿਆਂ ਦੱਸਿਆ ਕਿ ਗੁਰਦਾਸਪੁਰ ਤੇ ਫਿਰੋਜ਼ਪੁਰ ਵਿੱਚ ਦੋ ਨਵੀਆਂ ਕੈਂਪਸ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਸ਼ਹੀਦ ਭਗਤ ਸਿੰਘ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਫਿਰੋਜ਼ਪੁਰ ਅਤੇ ਬੇਅੰਤ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਗੁਰਦਾਸਪੁਰ ਨੂੰ ਆਗਾਮੀ ਬਜਟ ਸੈਸ਼ਨ ਵਿੱਚ ਕੈਂਪਸ ਯੂਨੀਵਰਸਿਟੀ ਬਣਾਉਣ ਲਈ ਬਿਲ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਿੱਖਿਆ ਦਾ ਮਿਆਰ ਹੋਰ ਵਧੀਆ ਕਰਨ ਲਈ ਆਈ.ਆਈ.ਟੀ. ਰੋਪੜ ਦੇ ਨਾਲ ਐਮ.ਓ.ਯੂ ਸਾਇਨ ਕੀਤਾ ਗਿਆ ਹੈ ਅਤੇ ਆਈ.ਆਈ.ਟੀ. ਰੋਪੜ ਨੂੰ ਉਨਾਂ ਦਾ ਮੈਂਟਰ ਬਣਾਇਆ ਗਿਆ ਹੈ। 

ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਇਹ ਖੁਲਾਸਾ ਅੱਜ ਪੰਜਾਬ ਭਵਨ ਵਿੱਚ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਅਤੇ ਡਾਇਰੈਕਟਰ ਸ੍ਰੀ ਕੁਮਾਰ ਸੌਰਭ ਦੀ ਹਾਜ਼ਰੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ।

ਉਹਨਾਂ ਕਿਹਾ ਕਿ ਸੂਬੇ ਦੇ ਬੱਚਿਆਂ ਨੂੰ ਮਾਂ ਬੋਲੀ ਵਿੱਚ ਤਕਨੀਕੀ ਸਿੱਖਿਆ ਮੁਹੱਈਆ ਕਰਨ ਦਾ ਪੰਜਾਬ ਸਰਕਾਰ ਦਾ ਵਾਅਦਾ ਪੂਰਾ ਕਰਦਿਆਂ ਤਕਨੀਕੀ ਸਿੱਖਿਆ ਦੇ 16 ਵੱਖ ਵੱਖ ਟਰੇਡਾਂ ਦੀਆਂ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਵਾਇਆ ਗਿਆ ਹੈ ਅਤੇ 25 ਵੱਖ ਵੱਖ ਟਰੇਡਾਂ ਦੀਆਂ ਦੀਆਂ ਪੁਸਤਕਾਂ ਦੇ ਪੰਜਾਬੀ ਅਨੁਵਾਦ ਦਾ ਕੰਮ ਚੱਲ ਰਿਹਾ ਹੈ। ਇਸੇ ਦੌਰਾਨ ਪੰਜਾਬ ਸਰਕਾਰ ਨੇ ਡੀ.ਜੀ.ਟੀ., ਭਾਰਤ ਸਰਕਾਰ ਨੂੰ 25000 ਤੋਂ ਵੱਧ ਪ੍ਰਸ਼ਨਾਂ ਦਾ ਪੁਲੰਦਾ ਭੇਜਿਆ ਗਿਆ ਹੈ ਤਾਂ ਜੋ ਸੂਬੇ ਦੇ ਵਿਦਿਆਰਥੀਆਂ ਲਈ ਪ੍ਰਸ਼ਨ ਪੱਤਰ ਪੰਜਾਬੀ ਵਿੱਚ ਭੇਜੇ ਜਾ ਸਕਣ, ਜਦੋਂ ਕਿ ਪਹਿਲਾਂ ਤਕਨੀਕੀ ਸਿੱਖਿਆ ਦੇ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਵੱਲੋਂ ਅੰਗਰੇਜ਼ੀ ਤੇ ਹਿੰਦੀ ਵਿੱਚ ਹੀ ਪ੍ਰਸ਼ਨ ਪੱਤਰ ਭੇਜੇ ਜਾਂਦੇ ਸਨ, ਜਿਸ ਨਾਲ ਸੂਬੇ ਦੇ ਵਿਦਿਆਰਥੀਆਂ ਨੂੰ ਇਨਾਂ ਨੂੰ ਸਮਝਣ ਤੇ ਹੱਲ ਕਰਨ ਵਿੱਚ ਦਿੱਕਤ ਆਉਂਦੀ ਸੀ। 

ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਾਤ ਭਾਸ਼ਾ ਦਿਵਸ ਮੌਕੇ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਇਹ ਐਲਾਨ ਕੀਤਾ ਸੀ, ਜਿਸ ਨੂੰ ਇਕ ਸਾਲ ਵਿੱਚ ਹੀ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਹਾਲਾਂਕਿ ਅਜੇ ਇਹ ਸ਼ੁਰੂਆਤ ਹੈ ਅਤੇ ਬਹੁ-ਤਕਨੀਕੀ ਕਾਲਜਾਂ ਦੇ ਪੂਰੇ ਪਾਠਕ੍ਰਮ ਦੀਆਂ ਹਵਾਲਾ ਪੁਸਤਕਾਂ ਪੰਜਾਬੀ ਵਿੱਚ ਤਿਆਰ ਕਰਕੇ ਵਿਦਿਆਰਥੀਆਂ ਨੂੰ ਉਪਲਬਧ ਕਰਵਾਈਆਂ ਜਾਣਗੀਆਂ। ਇਸ ਦਾ ਪੂਰਾ ਸਿਹਰਾ ਵਿਭਾਗ ਦੇ ਸੀਨੀਅਰ ਅਫਸਰਾਂ ਨੂੰ ਜਾਂਦਾ ਹੈ, ਜਿਨਾਂ ਨੇ ਪੂਰੀ ਤਨਦੇਹੀ ਨਾਲ ਇਹ ਕੰਮ ਅਰੰਭਿਆ ਹੋਇਆ ਹੈ।

ਤਕਨੀਕੀ ਸਿੱਖਿਆ ਵਿਭਾਗ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਰਾਜ ਦੇ ਸਰਕਾਰੀ ਤਕਨੀਕੀ ਸੰਸਥਾਵਾਂ ਵਿੱਚ ਸਿੱਖਿਆ ਵਿੱਚ ਵਿਆਪਕ ਸੁਧਾਰ ਲਿਆਉਣ ਲਈ ਕਈ ਕ੍ਰਾਂਤੀਕਾਰੀ ਕਦਮ ਉਠਾਏ ਗਏ। ਇਸ ਦੇ ਮੁੱਖ ਕਾਰਨ ਹਨ ਕਿ ਸਰਕਾਰੀ ਤਕਨੀਕੀ ਸਿੱਖਿਆ ਸੰਸਥਵਾਂ ਦੇ ਅਧਿਆਪਕਾਂ/ਇੰਸਟਰਕਟਰਾਂ ਦੀ ਜਵਾਬਦੇਹੀ ਤੈਅ ਕੀਤੀ ਗਈ ਹੈ, ਨਕਲ ਉਤੇ ਮੁਕੰਮਲ ਰੋਕ ਲਾਈ ਗਈ ਹੈ ਅਤੇ ਸਮੂਹਿਕ ਨਕਲ ਕਰਵਾਉਣ ਦੀਆਂ ਦੋਸ਼ੀ ਪਾਈਆਂ ਗਈਆਂ ਸੰਸਥਾਵਾਂ ਖ਼ਿਲਾਫ਼ ਵੱਡੀ ਪੱਧਰ ’ਤੇ ਕਾਰਵਾਈ ਕੀਤੀ ਗਈ। ਨਕਲ ਰੋਕਣ ਲਈ ਸੂਬੇ ਭਰ ਦੇ ਸਾਰੇ ਅਦਾਰਿਆਂ ਵਿੱਚ ਇਮਤਿਹਾਨ ਕੈਮਰੇ ਦੀ ਨਿਗਰਾਨੀ ਹੇਠ ਕਰਵਾਉਣ ਲਈ ਇਮਤਿਹਾਨ ਕੇਂਦਰਾਂ ਵਿੱਚ ਕੈਮਰੇ ਲਵਾਏ ਗਏ ਹਨ, ਜਿਨਾਂ ਵਿੱਚੋਂ 40 ਫੀਸਦੀ ਅਦਾਰਿਆਂ ਦੇ ਇਮਤਿਹਾਨਾਂ ਦੀ ਨਿਗਾਰਨੀ ਮੁੱਖ ਦਫ਼ਤਰ ਨਾਲ ਆਨਲਾਈਨ ਵੀ ਜੋੜ ਦਿੱਤੀ ਗਈ ਹੈ ਅਤੇ ਬਾਕੀ ਨੂੰ ਆਨਲਾਈਨ ਕਰਨ ਦੀ ਪ੍ਰਕਿਰਿਆ ਜਾਰੀ ਹੈ। ਹੁਣ ਤੱਕ 25 ਸਰਕਾਰੀ ਬਹੁ-ਤਕਨੀਕੀ ਕਾਲਜਾਂ ਅਤੇ 114 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਕੈਮਰੇ ਲਾਏ ਗਏ ਹਨ।

ਸ੍ਰੀ ਚੰਨੀ ਨੇ ਦੱਸਿਆ ਕਿ ਇਨਾਂ ਸੁਧਾਰਾਂ ਕਾਰਨ ਹੀ ਲੋਕਾਂ ਦੀ ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਵਿੱਚ ਭਰੋਸੇਯੋਗਤਾ ਵਧੀ ਹੈ, ਜਿਸ ਕਾਰਨ ਸੂਬੇ ਦੇ ਸਰਕਾਰੀ ਬਹੁ-ਤਕਨੀਕੀ ਕਾਲਜਾਂ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਦਾਖਲਿਆਂ ਵਿੱਚ ਭਾਰੀ ਵਾਧਾ ਹੋਇਆ ਹੈ। ਕੋਵਿਡ-19 ਦੇ ਬਾਵਜੂਦ ਮੌਜੂਦਾ ਸਾਲ ਵਿੱਚ ਰਾਜ ਦੇ ਸਰਕਾਰੀ ਬਹੁ-ਤਕਨੀਕੀ ਕਾਲਜਾਂ ਵਿੱਚ 87 ਪ੍ਰਤੀਸ਼ਤ ਦਾਖ਼ਲੇ ਹੋਏ, ਜਦੋਂ ਕਿ ਪਿਛਲੀ ਸਰਕਾਰ ਸਮੇਂ ਇਹ ਦਾਖ਼ਲਾ ਪ੍ਰਤੀਸ਼ਤਤਾ ਕਾਫੀ ਘੱਟ ਸੀ।

ਸੂਬਾ ਸਰਕਾਰ ਦੀਆਂ ਹੋਰ ਨਿਵੇਕਲੀਆਂ ਪਹਿਲਕਦਮੀਆਂ ਬਾਰੇ ਗੱਲ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਾਲ 2017-18 ਤੋਂ ਰਾਜ ਦੇ ਸਰਕਾਰੀ ਬਹੁ-ਤਕੀਨਕੀ ਕਾਲਜਾਂ ਵਿੱਚ ਸੀ.ਐਮ. ਸਕਾਲਸ਼ਿਪ ਸਕੀਮ ਲਾਗੂ ਕੀਤੀ ਗਈ ਸੀ। ਇਸ ਸਕੀਮ ਦਾ ਮੰਤਵ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਸਰਕਾਰੀ ਬਹੁ-ਤਕਨੀਕੀ ਕਾਲਜਾਂ ਵੱਲ ਉਤਸ਼ਾਹਿਤ ਕਰਨਾ ਸੀ। ਇਸ ਤਹਿਤ ਨੰਬਰਾਂ ਦੀ ਪ੍ਰਤੀਸ਼ਤਤਾ ਅਨੁਸਾਰ ਵਿਦਿਆਰਥੀਆਂ ਨੂੰ ਵਜ਼ੀਫਾ ਦਿੱਤਾ ਜਾਂਦਾ, ਜਿਵੇਂ ਕਿ ਵੱਧ ਪ੍ਰਤੀਸ਼ਤਤਾ ਵਾਲਿਆਂ ਨੂੰ ਵੱਧ ਵਜ਼ੀਫਾ। ਇਸ ਸਕੀਮ ਦੇ ਲਾਗੂ ਹੋਣ ਨਾਲ ਸਰਕਾਰੀ ਬਹੁ-ਤਕਨੀਕੀ ਕਾਲਜਾਂ ਵਿੱਚ ਦਾਖਲ ਹੋਏ ਲਗਪਗ 2900 ਵਿਦਿਆਰਥੀ 60 ਪ੍ਰਤੀਸ਼ਤ ਤੋਂ ਵੱਧ ਨੰਬਰਾਂ ਵਾਲੇ ਹਨ। ਜਦੋਂ ਕਿ ਸਾਲ 2016-17 ਵਿੱਚ ਸਰਕਾਰੀ ਬਹੁ-ਤਕਨੀਕੀ ਕਾਲਜਾਂ ਵਿੱਚ 60 ਪ੍ਰਤੀਸ਼ਤ ਤੋਂ ਵੱਧ ਨੰਬਰਾਂ ਵਾਲੇ ਕੇਵਲ 1600 ਵਿਦਿਆਰਥੀ ਸਨ।

ਉਨਾਂ ਦੱਸਿਆ ਕਿ ਚਮਕੌਰ ਸਾਹਿਬ ਵਿਖੇ ਸਕਿੱਲ ਯੂਨੀਵਰਸਿਟੀ ਸਥਾਪਤ ਕੀਤੀ ਜਾ ਰਹੀ ਹੈ, ਜਿਸ ਦੇ ਪਹਿਲੇ ਪੜਾਅ ਤਹਿਤ ਸਕਿੱਲ ਕਾਲਜ ਦੀ ਸਥਾਪਨਾ ਹਿੱਤ ਆਈ.ਕੇ.ਜੀ. ਪੀ.ਟੀ.ਯੂ ਕਪੂਰਥਲਾ ਵੱਲੋਂ 120 ਕਰੋੜ ਰੁਪਏ ਦੀ ਪ੍ਰਵਾਨਗੀ ਦੇ ਦਿੱਤੀ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਇਸ ਕੰਮ ਦਾ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਸ ਸਾਲ ਵਿੱਚ ਜੰਗੀ ਪੱਧਰ ’ਤੇ ਕੰਮ ਕਰਕੇ ਇਸ ਕਾਲਜ ਦੀ ਉਸਾਰੀ ਮੁਕੰਮਲ ਕਰ ਦਿੱਤੀ ਜਾਵੇਗੀ।

ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਸੂਬੇ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈਜ਼) ਸੀਟਾਂ ਦੁੱਗਣੀਆਂ ਕੀਤੀਆਂ ਗਈਆਂ ਹਨ ਕਿਉਂਕਿ ਆਈ.ਟੀ.ਆਈ. ਕੋਰਸਾਂ ਵਿੱਚ ਦਾਖਲਿਆਂ ਲਈ ਵੱਡੀ ਗਿਣਤੀ ਵਿਦਿਆਰਥੀ ਇੱਛੁਕ ਸਨ, ਜਿਨਾਂ ਨੂੰ ਦਾਖਲਾ ਨਹੀਂ ਮਿਲ ਰਿਹਾ ਸੀ। ਪਿਛਲੇ ਸਾਲ 70 ਹਜ਼ਾਰ ਵਿਦਿਆਰਥੀਆਂ ਨੇ ਸਰਕਾਰੀ ਆਈ.ਟੀ.ਆਈਜ਼. ਵਿੱਚ ਦਾਖਲੇ ਲਈ ਬਿਨੈ ਕੀਤਾ ਸੀ, ਜਿਸ ਵਿੱਚੋਂ 47 ਹਜ਼ਾਰ ਵਿਦਿਆਰਥੀਆਂ ਨੂੰ ਨਿਰਾਸ਼ਾ ਹੋਈ। ਇਸ ਸਾਲ ਸੀਟਾਂ ਦੀ ਗਿਣਤੀ ਵਧਾ ਕੇ 37996 ਕੀਤੀ ਗਈ, ਜੋ ਇਕ ਸਾਲ ਵਿੱਚ 60 ਫੀਸਦੀ ਵਾਧਾ ਬਣਦਾ ਹੈ। ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਲਈ ਧੰਨਵਾਦ ਕਰਦਿਆਂ ਉਨਾਂ ਕਿਹਾ ਕਿ ਇਸ ਸਾਲ ਕਈ ਗਰੀਬ ਵਿਦਿਆਰਥੀ ਸਿਰਫ਼ 3400 ਰੁਪਏ ਦੀ ਸਰਕਾਰੀ ਫੀਸ ਨਾਲ ਵੋਕੇਸ਼ਨਲ ਮੁਹਾਰਤ ਹਾਸਲ ਕਰਨ ਦੇ ਯੋਗ ਹੋਣਗੇ। 

ਉਨਾਂ ਕਿਹਾ ਕਿ ਵਿਭਾਗ ਨੇ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਦਾ ਮਨੋਬਲ ਵਧਾਉਣ ਲਈ ਕਈ ਕਦਮ ਚੁੱਕੇ ਹਨ। ਜਿਸ ਵਿੱਚ ਪ੍ਰਮੁੱਖ ਸਕੱਤਰ, ਤਕਨੀਕੀ ਸਿੱਖਿਆ ਤੇ ਉਦਯੋਕਿ ਸਿਖਲਾਈ ਵੱਲੋਂ ਸਰਕਾਰੀ ਆਈ.ਟੀ.ਆਈਜ. ਦੇ 20 ਮੁਖੀਆਂ ਨੂੰ ਪ੍ਰਸੰਸਾ ਪੱਤਰ ਦਿੱਤੇ ਗਏ, ਜਿਨਾਂ ਆਪਣੀਆਂ ਸੰਸਥਾਵਾਂ ਦੀ ਸਮਰੱਥਾ 50 ਫੀਸਦੀ ਤੋਂ ਵਧਾ ਕੇ 100 ਫੀਸਦੀ ਦਾਖਲਾ ਯਕੀਨੀ ਬਣਾਇਆ। ਇਸੇ ਤਰਾਂ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੇ ਦਾਖਲੇ ਵੀ ਪਿਛਲੇ ਸਾਲ ਦੇ 10979 ਤੋਂ ਵਧ ਕੇ ਇਸ ਸਾਲ 16646 ਉਤੇ ਪੁੱਜੇ। 

 ਮੰਤਰੀ ਨੇ ਕਿਹਾ ਕਿ ਉਦਯੋਗਿਕ ਸਿਖਲਾਈ ਸੰਸਥਾਵਾਂ ਨੂੰ ਉਦਯੋਗਾਂ ਅਨੁਸਾਰ ਬਣਾਉਣ ਲਈ, ਆਈ.ਟੀ.ਆਈਜ ਵਿੱਚ ਡਿਊਲ ਸਿਸਟਮ ਆਫ ਟ੍ਰੇਨਿੰਗ (ਡੀ.ਐੱਸ.ਟੀ.) ਲਾਗੂ ਕੀਤਾ ਗਿਆ। ਇਸ ਪ੍ਰਣਾਲੀ ਤਹਿਤ ਵਿਦਿਆਰਥੀ ਆਈ.ਟੀ.ਆਈ ਵਿੱਚ 6 ਮਹੀਨਿਆਂ ਲਈ ਥਿਊਰੈਟੀਕਲ ਸਿਖਲਾਈ ਪ੍ਰਾਪਤ ਕਰਦੇ ਹਨ ਅਤੇ 6 ਮਹੀਨਿਆਂ ਦੀ ਪ੍ਰੈਕਟੀਕਲ ਸਿਖਲਾਈ ਲਈ ਉਦਯੋਗ ਵਿੱਚ ਜਾਂਦੇ ਹਨ। ਇਸ ਸਾਲ ਡੀ.ਐਸ.ਟੀ. ਅਧੀਨ 413 ਯੂਨਿਟ ਚਲਾਈਆਂ ਗਈਆਂ ਹਨ ਅਤੇ 8500 ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਹੋਵੇਗਾ। ਇਸ ਸਕੀਮ ਤਹਿਤ ਬਹੁਤ ਹੀ ਨਾਮਵਰ ਇੰਡਸਟਰੀਜ਼ ਜਿਵੇਂ ਕਿ ਹੀਰੋ ਸਾਈਕਲ, ਟ੍ਰਾਈਡੈਂਟ ਲਿਮਟਿਡ, ਏਵਨ ਸਾਈਕਲਜ਼, ਸਵਰਾਜ ਇੰਜਨ ਲਿਮਟਿਡ, ਮਹਿੰਦਰਾ ਐਂਡ ਮਹਿੰਦਰਾ, ਫੈਡਰਲ ਮੋਗੂਲ ਪਟਿਆਲਾ, ਗੋਦਰੇਜ਼ ਐਂਡ ਬੁਆਇਸ ਲਿਮਟਿਡ, ਮੁਹਾਲੀ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ (ਸੋਨਾਲੀਕਾ) ਹੁਸ਼ਿਆਰਪੁਰ, ਐਨ.ਐਫ.ਐਲ ਬਠਿੰਡਾ ਨਾਲ ਸਮਝੌਤਾ ਕੀਤਾ ਹੈ। ਹੀਰੋ ਯੂਟੈਕਟਿਕ ਇੰਡਸਟਰੀ ਲੁਧਿਆਣਾ, ਪੰਜਾਬ ਐਲਕਲੀਜ ਐਂਡ ਕੈਮੀਕਲਜ਼ ਲਿਮਟਿਡ ਨੰਗਲ, ਲੈਕਮੇ ਇੰਡੀਆ ਲਿਮਟਿਡ, ਹੋਟਲ ਹਯਾਤ, ਹੋਟਲ ਤਾਜ ਆਦਿ ਨਾਲ ਸਮਝੌਤਾ ਕੀਤਾ ਗਿਆ ਹੈ। ਦੋ ਸਾਲ ਪਹਿਲਾਂ ਤਕ, ਲਗਭਗ ਅੱਧੇ ਕੋਰਸ ਸਟੇਟ ਸਟੇਟ ਕੌਂਸਲ ਫਾਰ ਵੋਕੇਸ਼ਨਲ ਟ੍ਰੇਨਿੰਗ (ਐਸਸੀਵੀਟੀ) ਨਾਲ ਐਫੀਲੀਏਟਿਡ ਹੋਏ ਸਨ। ਉਨਾਂ ਦੇ ਸਰਟੀਫਿਕੇਟ ਸਿਰਫ ਪੰਜਾਬ ਰਾਜ ਵਿਚ ਮਾਨਤਾ ਪ੍ਰਾਪਤ ਸਨ। ਪਿਛਲੇ 15 ਮਹੀਨਿਆਂ ਦੌਰਾਨ, ਅਸੀਂ ਇਨਾਂ ਨੂੰ ਅਪਗ੍ਰੇਡ ਕਰਨ ਅਤੇ ਉਨਾਂ ਨੂੰ ਨੈਸ਼ਨਲ ਕੌਂਸਲ ਫਾਰ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ (ਐਨ.ਸੀ.ਵੀ.ਈ.ਟੀ.) ਨਾਲ ਐਫੀਲੀਏਟ ਕਰਵਾਏ ਹਨ। ਇਹ ਐਨ.ਸੀ.ਵੀ.ਈ.ਟੀ. ਸਰਟੀਫਿਕੇਟ ਨਾ ਸਿਰਫ਼ ਪੂਰੇ ਦੇਸ਼ ਵਿੱਚ, ਬਲਕਿ ਪੂਰੇ ਵਿਸ਼ਵ ਦੇ 160 ਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਹਨ। ਸਾਲ 2018 ਵਿੱਚ ਸਿਰਫ਼ 12750 ਵਿਦਿਆਰਥੀਆਂ ਨੇ ਐਨਸੀਵੀਈਟੀ ਸਰਟੀਫਿਕੇਟ ਪ੍ਰਾਪਤ ਕੀਤੇ, ਜਦੋਂ ਕਿ ਇਸ ਸੈਸਨ ਵਿਚ 33635 ਐਨਸੀਵੀਈਟੀ ਸਰਟੀਫਿਕੇਟ ਪ੍ਰਾਪਤ ਹੋਣਗੇ, ਜੋ 160% ਤੋਂ ਵੱਧ ਦਾ ਵਾਧਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਸਿੰਘਪੁਰਾ, ਮਲੌਦ, ਆਦਮਪੁਰ ਅਤੇ ਮਾਣਕਪੁਰ ਸ਼ਰੀਫ ਵਿਖੇ 4 ਨਵੀਆਂ ਆਈ.ਟੀ.ਆਈ. ਦੀ ਸ਼ੁਰੂਆਤ ਕੀਤੀ ਹੈ। ਰਾਜ ਸਰਕਾਰ ਨੇ ਰਾਜ ਦੇ ਵੱਖ ਵੱਖ ਥਾਵਾਂ ’ਤੇ 19 ਨਵੇਂ ਆਈ.ਟੀ.ਆਈ. ਖੋਲਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਨਾਂ 19 ਆਈ ਟੀ ਆਈ ਵਿੱਚੋਂ 11 ਥਾਵਾਂ ’ਤੇ ਸਿਵਲ ਕੰਮ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਬਾਕੀ ਥਾਵਾਂ ’ਤੇ ਕੰਮ ਬਹੁਤ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਰਸੂਲਪੁਰ ਅਤੇ ਤਿ੍ਰਪੜੀ ਵਿਖੇ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਅਤੇ ਤਿ੍ਰਪੜੀ ਅਤੇ ਆਦਮਪੁਰ ਵਿਖੇ ਲਗਭਗ 15 ਕਰੋੜ ਰੁਪਏ ਦੀ ਲਾਗਤ ਨਾਲ ਆਡੀਟੋਰੀਅਮ ਵੀ ਉਸਾਰੇ ਜਾ ਰਹੇ ਹਨ।

  ਉਨਾਂ ਦੱਸਿਆ ਕਿ ਕੋਵਿਡ ਦੌਰਾਨ ਵਿਭਾਗ ਵੱਲੋਂ ਮਿਸ਼ਨ ਫਤਹਿ ਤਹਿਤ, ਵਿਭਾਗ ਦੀਆਂ ਵਿਦਿਆਰਥਣਾ ਵਲੋਂ 20 ਲੱਖ ਮਾਸਕ ਬਣਾਏ ਗਏ। ਮਾਸਕ ਬਣਾਉਣ ਲਈ ਲੋਕਾਂ ਵੱਲੋਂ ਕੱਪੜਿਆਂ ਦਾ ਦਾਨ ਕੀਤਾ ਗਿਆ ਜੋ  ਗਰੀਬਾਂ ਅਤੇ ਸਿਹਤ ਕਰਮਚਾਰੀਆਂ ਨੂੰ ਮੁਫ਼ਤ ਵੰਡੇ ਗਏ। ਇਸ ਦੇ ਨਾਲ ਕੋਵਿਡ ਦੌਰਾਨ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਆਨਲਾਈਨ ਸਿੱਖਿਆ ਦਿੱਤੀ ਗਈ। ਸਿਰਫ਼ ਸਿਖਲਾਈ ਮਟੀਰੀਅਲ ਦੇਣ ਦੀ ਬਜਾਏ ਜ਼ੂਮ ਐਪ ਉਤੇ ਆਨਲਾਈਨ ਕਲਾਸਾਂ ਤੇ ਲੈਕਚਰਾਂ ਦਾ ਪ੍ਰਬੰਧ ਕੀਤਾ ਗਿਆ।   

Written By
The Punjab Wire