ਕੱਚੇ ਮਾਲ ਤੇ ਕੋਲੇ ਦੀ ਸਪਲਾਈ ਹੋਣ ਦੇ ਨਾਲ ਤਿਆਰ ਮਸ਼ੀਨਰੀ ਪਹੁੰਚ ਸਕੇਗੀ ਗ੍ਰਾਹਕਾਂ ਤੱਕ
ਬਟਾਲਾ, 26 ਨਵੰਬਰ – ਯਾਤਰੀ ਅਤੇ ਮਾਲ ਗੱਡੀਆਂ ਚੱਲਣ ਨਾਲ ਬਟਾਲਾ ਦੀ ਲੋਹਾ ਸਨਅਤ ਨੂੰ ਵੱਡੀ ਰਾਹਤ ਮਿਲੀ ਹੈ। ਰੇਲ ਗੱਡੀਆਂ ਸ਼ੁਰੂ ਕਰਨ ਦੇ ਐਲਾਨ ਦੇ ਨਾਲ ਹੀ ਬਟਾਲਾ ਵਿੱਚ ਪਿਗ ਆਇਰਨ ਦੇ ਰੇਟ ਵਿੱਚ 700 ਰੁਪਏ ਪ੍ਰਤੀ ਟਨ ਦੀ ਕਮੀ ਆ ਗਈ ਹੈ ਜਦਕਿ ਅਗਲੇ ਕੁਝ ਦਿਨਾਂ ਵਿੱਚ ਜਦੋਂ ਮਾਲ ਗੱਡੀਆਂ ਰਾਹੀਂ ਪਿਗ ਆਇਰਨ ਦੇ ਰੈਕ ਬਟਾਲਾ ਵਿਖੇ ਪਹੁੰਚ ਜਾਣਗੇ ਤਾਂ ਰੇਟਾਂ ਵਿੱਚ ਹੋਰ ਵੀ ਕਮੀਂ ਦੇਖਣ ਨੂੰ ਮਿਲੇਗੀ। ਬਟਾਲਾ ਦੇ ਸਮੂਹ ਸਨਅਤਕਾਰਾਂ ਨੇ ਮਾਲ ਅਤੇ ਯਾਤਰੂ ਰੇਲਗੱਡੀਆਂ ਸ਼ੁਰੂ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਬਟਾਲਾ ਉਦਯੋਗ ਲਈ ਬਹੁਤ ਫਾਇਦੇਮੰਦ ਦੱਸਿਆ ਹੈ।
ਸਨਅਤੀ ਸ਼ਹਿਰ ਬਟਾਲਾ ਵਿੱਚ ਦੋ ਤਰਾਂ ਦੇ ਉਦਯੋਗ ਹਨ ਜਿਨ੍ਹਾਂ ਵਿੱਚ ਢਲਾਈ ਦਾ ਕੰਮ ਕਰਨ ਵਾਲੇ 300 ਦੇ ਕਰੀਬ ਫਾਉਂਡਰੀ ਯੂਨਿਟ ਅਤੇ 300 ਦੇ ਕਰੀਬ ਹੀ ਇੰਜੀਨੀਅਰਿੰਗ ਯੂਨਿਟ ਹਨ। ਪਹਿਲਾਂ ਕੋਰੋਨਾ ਅਤੇ ਫਿਰ ਕਿਸਾਨ ਸੰਘਰਸ਼ ਦੇ ਚੱਲਦਿਆਂ ਬੰਦ ਹੋਈਆਂ ਰੇਲਾਂ ਕਾਰਨ ਬਟਾਲਾ ਦੀ ਲੋਹਾ ਸਨਅਤ ਵੀ ਪਟੜੀ ਤੋਂ ਲੱਥ ਗਈ ਸੀ ਜਿਸ ਕਾਰਨ ਬਟਾਲਾ ਸਨਅਤ ਨੂੰ ਕਰੀਬ 300 ਕਰੋੜ ਦਾ ਮਾਲੀ ਨੁਕਸਾਨ ਝੱਲਣਾ ਪਿਆ ਹੈ।
ਪਰ ਜਿਉਂ ਹੀ ਪਟੜੀਆਂ ’ਤੇ ਰੇਲ ਦਾ ਚੱਕਾ ਘੁੰਮਿਆ ਹੈ ਤਾਂ ਬਟਾਲਾ ਸਨਅਤ ਨੇ ਵੀ ਗੇੜਾ ਖਾਦਾ ਹੈ। ਸਰਹੱਦੀ ਸ਼ਹਿਰ ਦੇ ਸਨਅਤਕਾਰਾਂ ਨੂੰ ਬਹੁਤ ਜਲਦੀ ਕੋਲਾ, ਦੇਗ, ਸਕਰੇਪ ਸਮੇਤ ਹਰ ਤਰਾਂ ਦਾ ਕੱਚੇ ਮਾਲ ਦੀ ਸਪਲਾਈ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਉਨਾਂ ਵਲੋਂ ਤਿਆਰ ਕੀਤੀ ਮਸ਼ੀਨਰੀ ਵੀ ਰੇਲ ਰਾਹੀਂ ਦੇਸ਼ ਦੇ ਦੂਜੇ ਭਾਗਾਂ ਵਿੱਚ ਪਹੁੰਚ ਸਕੇਗੀ।
ਬਟਾਲਾ ਦੇ ਸਨਅਤਕਾਰ ਵੀ.ਐੱਮ. ਗੋਇਲ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਅਤੇ ਕਿਸਾਨ ਅੰਦੋਲਨ ਕਾਰਨ ਬੰਦ ਹੋਈਆਂ ਰੇਲਗੱਡੀਆਂ ਕਾਰਨ ਬਟਾਲਾ ਉਦਯੋਗ ਨੂੰ 300 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਕੱਚੇ ਮਾਲ ਅਤੇ ਕੋਲੇ ਦੀ ਸਪਲਾਈ ਰੁਕਣ ਨਾਲ ਬਹੁਤ ਸਾਰੀਆਂ ਸਨਅਤਾਂ ਨੂੰ ਤਾਲੇ ਲੱਗ ਗਏ ਅਤੇ ਉਦਯੋਗਕ ਕਾਮੇ ਬੇਰੁਜ਼ਗਾਰ ਹੋ ਗਏ ਹਨ।
ਵੀ.ਐੱਮ. ਗੋਇਲ ਨੇ ਦੱਸਿਆ ਕਿ ਬਟਾਲਾ ਸਨਅਤ ਨੂੰ ਸਪਲਾਈ ਹੁੰਦੀ ਦੇਗ (ਪਿਗ ਆਇਰਨ) ਦੇ ਕੁਝ ਰੈਕ ਪੱਛਮੀ ਬੰਗਾਲ ਦੇ ਪਲਾਂਟਾਂ ਤੋਂ ਚੱਲ ਪਏ ਹਨ ਅਤੇ ਆਉਂਦੇ ਕੁਝ ਦਿਨਾਂ ਵਿੱਚ ਜਦੋਂ ਇਹ ਰੈਕ ਬਟਾਲਾ ਵਿਖੇ ਪਹੁੰਚਣਗੇ ਤਾਂ ਪਿਗ ਆਇਰਨ ਦੇ ਰੇਟ ਵਿੱਚ ਕਮੀਂ ਆਵੇਗੀ। ਉਨ੍ਹਾਂ ਕਿਹਾ ਕਿ ਗੱਡੀਆਂ ਚੱਲਣ ਦੇ ਐਲਾਨ ਨਾਲ ਹੀ ਇਹ ਰੇਟ 700 ਰੁਪਏ ਪ੍ਰਤੀ ਟਨ ਘੱਟ ਹੋ ਗਿਆ ਹੈ।
ਬਟਾਲਾ ਦੀ ਰਜਿੰਦਰਾ ਫਾਊਂਡਰੀ ਦੇ ਮਾਲਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਸ਼ਹਿਰ ਪਹਿਲਾਂ ਹੀ ਸਰਹੱਦ ਨੇੜੇ ਹੋਣ ਕਾਰਨ ਇਥੇ ਕੱਚੇ ਮਾਲ ਦੀ ਸਪਲਾਈ ਅਤੇ ਤਿਆਰ ਮਸ਼ੀਨਰੀ ਨੂੰ ਭੇਜਣ ਵਿੱਚ ਸਭ ਤੋਂ ਵੱਧ ਭਾੜਾ ਪੈਂਦਾ ਹੈ। ਉਪਰੋਂ ਰੇਲਾਂ ਬੰਦ ਹੋਣ ਕਾਰਨ ਕੋਲੇ ਤੇ ਕੱਚੇ ਮਾਲ ਦੀ ਸਪਲਾਈ ਰੁਕ ਗਈ ਜਿਸ ਕਾਰਨ ਢਲਾਈ ਦਾ ਅਤੇ ਮਸ਼ੀਨਰੀ ਬਣਾਉਣ ਦਾ ਸਾਰਾ ਕੰਮ ਰੁਕ ਗਿਆ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜੋ ਮਾਲ ਉਨਾਂ ਦਾ ਪਹਿਲਾਂ ਦਾ ਤਿਆਰ ਸੀ ਉਹ ਵੀ ਮਾਲ ਗੱਡੀਆਂ ਬੰਦ ਹੋਣ ਕਾਰਨ ਗ੍ਰਾਹਕਾਂ ਤੱਕ ਨਾ ਪਹੁੰਚ ਸਕਿਆ ਜਿਸ ਦਾ ਉਨਾਂ ਨੂੰ ਵੱਡਾ ਮਾਲੀ ਨੁਕਸਾਨ ਝੱਲਣਾ ਪਿਆ ਹੈ। ਪਰਮਿੰਦਰ ਸਿੰਘ ਨੇ ਕਿਹਾ ਕਿ ਹੁਣ ਰੇਲਾਂ ਚੱਲਣ ਨਾਲ ਸਨਅਤਾਂ ਮੁੜ ਸ਼ੁਰੂ ਹੋਣਗੀਆਂ ਸਨਅਤਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਅਤੇ ਕਾਰੀਗਰਾਂ ਨੂੰ ਵੀ ਰੁਜ਼ਗਾਰ ਮਿਲ ਸਕੇਗਾ।
ਓਧਰ ਬਟਾਲਾ ਦੇ ਹੋਰ ਸਨਅਤਕਾਰਾਂ ਪਰਮਜੀਤ ਸਿੰਘ ਗਿੱਲ, ਰਾਕੇਸ਼ ਗੋਇਲ, ਪਵਨ ਕੁਮਾਰ, ਰਾਮੇਸ਼ ਵਰਮਾ, ਸਤਨਾਮ ਸਿੰਘ ਨੇ ਵੀ ਮਾਲ ਤੇ ਯਾਤਰੀ ਰੇਲ ਗੱਡੀਆਂ ਸ਼ੁਰੂ ਹੋਣ ਦਾ ਸਵਾਗਤ ਕੀਤਾ ਹੈ ਅਤੇ ਇਸਨੂੰ ਬਟਾਲਾ ਸਨਅਤ ਲਈ ਫਾਇਦੇਮੰਦ ਦੱਸਿਆ ਹੈ।