ਖੰਡ ਮਿੱਲਾਂ ਵਿੱਚ ਚੀਨੀ ਤੋਂ ਇਲਾਵਾ ਇਥਾਨੌਲ, ਬਿਜਲੀ ਦਾ ਉਤਪਾਦਨ ਵੀ ਕੀਤਾ ਜਾਵੇਗਾ – ਤ੍ਰਿਪਤ ਬਾਜਵਾ
300 ਕਰੋੜ ਰੁਪਏ ਦੀ ਲਾਗਤ ਨਾਲ ਬਟਾਲਾ ਸ਼ੂਗਰ ਮਿੱਲ ਨੂੰ ਕੀਤਾ ਜਾਵੇਗਾ ਅੱਪ-ਗਰੇਡ – ਰੰਧਾਵਾ
ਬਟਾਲਾ, 24 ਨਵੰਬਰ – ਪੰਜਾਬ ਦੀ ਨਾਮਵਰ ਸਹਿਕਾਰੀ ਖੰਡ ਮਿੱਲ ਬਟਾਲਾ ਦੇ 58ਵੇਂ ਪਿੜਾਈ ਸੀਜ਼ਨ ਦੀ ਅੱਜ ਸ਼ੁਰੂਆਤ ਹੋ ਗਈ ਹੈ। ਪਿੜਾਈ ਸੀਜ਼ਨ ਦੀ ਸ਼ੁਰੂਆਤ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ ਅਤੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਸਾਂਝੇ ਤੌਰ ’ਤੇ ਕੀਤੀ।
ਇਸ ਮੌਕੇ ਉਨਾਂ ਨਾਲ ਸਾਬਕਾ ਰਾਜ ਸਭਾ ਮੈਂਬਰ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ. ਭੁਪਿੰਦਰ ਸਿੰਘ ਮਾਨ, ਸਹਿਕਾਰੀ ਖੰਡ ਮਿੱਲ ਬਟਾਲਾ ਦੇ ਬੋਰਡ ਆਫ਼ ਡਾਇਰੈਕਟਰ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਕਾਹਲੋਂ, ਜੀ.ਐੱਮ. ਸ਼ੂਗਰ ਮਿੱਲ ਬਟਾਲਾ ਡਾ. ਐੱਸ.ਪੀ. ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ, ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਓਦੇਬੀਰ ਸਿੰਘ ਰੰਧਾਵਾ, ਗੁਰਇਕਬਾਲ ਸਿੰਘ ਕਾਹਲੋਂ ਗੰਨਾ ਸਲਾਹਕਾਰ ਸ਼ੂਗਰਫੈਡ ਪੰਜਾਬ, ਸ. ਗੁਰਬਚਨ ਸਿੰਘ ਬਾਜਵਾ, ਮੈਂਬਰ ਐੱਸ.ਐੱਸ. ਬੋਰਡ ਸ. ਭੁਪਿੰਦਰ ਸਿੰਘ ਭਗਤੂਪੁਰ, ਬੀਬੀ ਬਲਵਿੰਦਰ ਕੌਰ ਕੋਟ ਅਹਿਮਦ ਖਾਨ, ਸਲਵਿੰਦਰ ਸਿੰਘ ਰੰਧਾਵਾ, ਸਵਿੰਦਰ ਸਿੰਘ ਰੰਧਾਵਾ ਬੂਲੇਵਾਲ, ਪਰਮਜੀਤ ਸਿੰਘ ਬਾਜਵਾ, ਅਵਤਾਰ ਸਿੰਘ ਬਿਜਲੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।
ਸ਼ੂਗਰ ਮਿੱਲ ਦੇ ਸਾਲ 2020-2021 ਦੇ ਪਿੜਾਈ ਸੀਜ਼ਨ ਦੀ ਸ਼ੁਰੂਆਤ ਮੌਕੇ ਇਲਾਹੀ ਬਾਣੀ ਦਾ ਗੁਣਗਾਨ ਕੀਤਾ ਗਿਆ ਅਤੇ ਸਾਰੀਆਂ ਸੰਗਤਾਂ ਨੇ ਸੀਜ਼ਨ ਦੀ ਕਾਮਯਾਬੀ ਲਈ ਅਰਦਾਸ ਕੀਤੀ। ਇਸ ਮੌਕੇ ਗੰਨਾ ਕਾਸ਼ਤਕਾਰਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਹਿਕਾਰੀ ਖੰਡ ਮਿੱਲਾਂ ਕਿਸਾਨੀ ਦੀ ਰੀਡ ਦੀ ਹੱਡੀ ਹਨ ਅਤੇ ਕਿਸਾਨੀ ਨੂੰ ਖੁਸ਼ਹਾਲ ਕਰਨ ਵਿੱਚ ਇਨ੍ਹਾਂ ਦਾ ਸਭ ਤੋਂ ਅਹਿਮ ਰੋਲ ਹੈ। ਸ. ਬਾਜਵਾ ਨੇ ਕਿਹਾ ਪੰਜਾਬ ਸਰਕਾਰ ਨੇ ਸਹਿਕਾਰੀ ਖੰਡ ਮਿੱਲਾਂ ਨੂੰ ਪੈਰਾਂ ਸਿਰ ਖੜਾ ਕਰਨ ਲਈ ਵਿਸ਼ੇਸ਼ ਯੋਜਨਾ ਉਲੀਕੀ ਹੈ ਜਿਸ ਤਹਿਤ ਖੰਡ ਮਿੱਲਾਂ ਦੀ ਸਮਰੱਥਾ ਵਧਾਉਣ ਦੇ ਨਾਲ ਚੀਨੀ ਤੋਂ ਇਲਾਵਾ ਇਥਾਨੌਲ, ਬਿਜਲੀ ਦਾ ਉਤਪਾਦਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਲ 2021 ਦੇ ਪਹਿਲੇ ਹਫ਼ਤੇ ਬਟਾਲਾ ਖੰਡ ਮਿੱਲ ਦੇ ਅਪਗਰੇਡੇਸ਼ਨ ਦਾ ਨੀਂਹ ਪੱਥਰ ਰੱਖਿਆ ਜਾਵੇਗਾ।
ਇਸ ਮੌਕੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 300 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੀ ਦੂਸਰੀ ਸਭ ਤੋਂ ਪੁਰਾਣੀ ਬਟਾਲਾ ਸ਼ੂਗਰ ਮਿੱਲ ਦੀ 3500 ਟੀ.ਸੀ.ਡੀ ਦੀ ਸਮਰਥਾ ਵਧਾ ਕੇ 5000 ਟੀ.ਸੀ.ਡੀ ਕੀਤੀ ਜਾਵੇਗੀ ਅਤੇ ਮਿੱਲ ਦੇ ਵਿਸਥਾਰ ਦੀ ਸ਼ੁਰੂਆਤ ਅਗਲੇ ਸਾਲ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਵੇਂ ਪਲਾਂਟ ਤੋਂ ਫਾਰਮਾ ਤੇ ਰਿਫਾਂਇੰਡ ਸ਼ੂਗਰ ਤਿਆਰ ਕੀਤੀ ਜਾਵੇਗੀ ਜਿਸਦੀ ਬਜ਼ਾਰ ਵਿੱਚ ਕੀਮਤ ਜਿਆਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਗਲੇ 10 ਦਿਨਾਂ ਵਿੱਚ ਜਿੰਮੀਦਾਰਾਂ ਦੀ ਪਿਛਲੇ ਸਾਲ ਦੀ ਗੰਨੇ ਦੀ ਅਦਾਇਗੀ ਕਰ ਦਿੱਤੀ ਜਾਵੇਗੀ। ਸ. ਰੰਧਾਵਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਕਲਾਨੌਰ ਵਿਖੇ ਗੰਨਾ ਖੋਜ਼ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ ਜਿਥੇ ਗੰਨੇ ਦੀਆਂ ਨਵੀਆਂ ਕਿਸਮਾਂ ਦੀ ਖੋਜ਼ ਕੀਤੀ ਜਾਵੇਗੀ ਜੋ ਝਾੜ ਪੱਖੋਂ ਕਿਸਾਨਾਂ ਅਤੇ ਰਿਕਵਰੀ ਪੱਖੋਂ ਮਿੱਲਾਂ ਲਈ ਵਧੀਆ ਹੋਣਗੀਆਂ।
ਇਸ ਮੌਕੇ ਕਾਦੀਆਂ ਦੇ ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ, ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਅਤੇ ਸਾਬਕਾ ਰਾਜ ਸਭਾ ਮੈਂਬਰ ਸ. ਭੁਪਿੰਦਰ ਸਿੰਘ ਮਾਨ ਨੇ ਮਿੱਲ ਦੇ ਪਿੜਾਈ ਸੀਜ਼ਨ ਦੀ ਮਿੱਲ ਪ੍ਰਬੰਧਕਾਂ ਅਤੇ ਕਿਸਾਨਾਂ ਨੂੰ ਵਧਾਈ ਦਿੱਤੀ। ਚੇਅਰਮੈਨ ਸ. ਸੁਖਵਿੰਦਰ ਸਿੰਘ ਕਾਹਲੋਂ ਆਏ ਹੋਏ ਮੰਤਰੀ ਸਾਹਿਬਾਨ, ਵਿਧਾਇਕਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਬਟਾਲਾ ਮਿੱਲ ਵਿੱਚ ਸਭ ਤੋਂ ਪਹਿਲਾਂ ਗੰਨੇ ਦੀਆਂ ਟਰਾਲੀਆਂ ਲੈ ਕੇ ਆਉਣ ਵਾਲੇ ਪੰਜ ਕਿਸਾਨਾਂ ਹਰਪਾਲ ਸਿੰਘ ਸ਼ੇਰਪੁਰ, ਧੰਨਾ ਸਿੰਘ ਪਿੰਡ ਖਾਨਫੱਤਾ, ਮਹਾਂਬੀਰ ਸਿੰਘ ਆਲੋਵਾਲ, ਰਵੇਲ ਸਿੰਘ ਕਿਲਾ ਲਾਲ ਸਿੰਘ ਅਤੇ ਅਤਿੰਦਰ ਸਿੰਘ ਮਨੋਹਰਪੁਰ ਨੂੰ ਲੋਈਆਂ ਦੇ ਕੇ ਸਨਮਾਨਤ ਕੀਤਾ।