ਗੁਰਦਾਸਪੁਰ, 07 ਨਵੰਬਰ (ਮੰਨਨ ਸੈਣੀ) । ਦੀਵਾਲੀ ਦੇ ਤਿਉਹਾਰ ਤੇ ਹਥਿਆਰਬੰਦ ਸੈਨਾਵਾਂ ਵਿਚ ਦੇਸ਼ ਦੀ ਸੇਵਾ ਕਰ ਰਹੇ ਜਵਾਨਾਂ ਦੇ ਪਰਿਵਾਰਾਂ ਵਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੰਜਾਬ ਵਿਚ ਯਾਤਰੀਆਂ ਦੀਆਂ ਰੇਲ ਗੱਡੀਆਂ ਚਲਾਉਣ ਦੀ ਸ਼ੁਰੂਆਤ ਕਰਨ ਤਾਂ ਜੋ ਸੈਨਿਕ ਆਪਣੇ ਪਰਿਵਾਰਾਂ ਨੂੰ ਮਿਲ ਸਕਣ। ਇਹ ਪ੍ਰਗਟਾਵਾ ਯੂਨਾਈਟਿਡ ਫਰੰਟ ਐਕਸ ਸਰਵਿਸਮੈਨ ਐਸ਼ੋਸੀਏਸ਼ਨ ਕਾਹਨੂੰਵਾਨ, ਗੁਰਦਾਸਪੁਰ ਦੇ ਜਨਰਲ ਸੈਕਰਟਰੀ ਕਰਨਲ (ਸੇਵਾ ਮੁਕਤ) ਗੁਰਮੁੱਖ ਸਿੰਘ ਸੈਣੀ ਨੇ ਕੀਤਾ। ਉਨਾਂ ਦੱਸਿਆ ਕਿ ਯੂਨਾਈਟਿਡ ਫਰੰਟ ਐਕਸ ਸਰਵਿਸਮੈਨ ਐਸ਼ੋਸੀਏਸ਼ਨ ਕਾਹਨੂੰਵਾਨ, ਗੁਰਦਾਸਪੁਰ ਦੇ ਜ਼ਿਲਾ ਪ੍ਰਧਾਨ ਕਰਨਲ (ਸੇਵਾ ਮੁਕਤ) ਧਰਮ ਸਿੰਘ ਅਤੇ ਕਰਨਲ (ਸੇਵਾ ਮੁਕਤ) ਅਜੈ ਉੱਪਲ ਪ੍ਰਧਾਨ ਕਾਹਨੂੰਵਾਨ ਖੇਤਰ ਅਤੇ ਹੋਰ ਵੱਖ-ਵੱਖ ਸਾਬਕਾ ਫੋਜੀਆਂ ਵਲੋਂ ਵੀ ਯਾਤਰੀ ਰੇਲ ਗੱਡੀਆਂ ਚਲਾਉਣ ਦੀ ਅਪੀਲ ਕੀਤੀ ਗਈ ਹੈ
ਜਨਰਲ ਸੈਕਰਟਰੀ ਕਰਨਲ (ਸੇਵਾ ਮੁਕਤ) ਗੁਰਮੁੱਖ ਸਿੰਘ ਸੈਣੀ ਨੇ ਕਿਹਾ ਕਿ ਹਥਿਆਰਬੰਦ ਸੈਨਾਵਾਂ ਦੇ ਸਾਰੇ ਕਰਮਚਾਰੀ ਅਨੁਸ਼ਾਸਿਤ ਹੁੰਦੇ ਹਨ ਅਤੇ ਛੁੱਟੀ ਮਿਲਣ ਤੇ ਹੀ ਆਪਣੇ ਪਰਿਵਾਰਾਂ ਨੂੰ ਮਿਲਣ ਜਾਂਦੇ ਹਨ। ਉਨਾਂ ਕਿਹਾ ਕਿ ਉਨਾਂ ਵਿਚੋਂ ਬੁਹਤ ਸਾਰੇ ਦੀਵਾਲੀ ਦੇ ਤਿਉਹਾਰ ਮੌਕੇ ਆਪਣੇ ਪਰਿਵਾਰਾਂ ਨੂੰ ਮਿਲਣ ਆਉਂਦੇ ਹਨ, ਪਰ ਜੇ ਯਾਤਰੀ ਰੇਲ ਗੱਡੀਆਂ ਨਹੀ ਚਲਾਈਆਂ ਜਾਂਦੀਆਂ ਤਾਂ ਉਨਾਂ ਨੂੰ ਸਮੇਂ ਸਿਰ ਆਪਣੇ ਘਰਾਂ ਤਕ ਪਹੁੰਚਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦਿਵਾਲੀ ਅਤੇ ਹੋਰ ਪਵਿੱਤਰ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਪੰਜਾਬ ਰਾਜ ਵਿਚ ਆਉਣ ਵਾਲੇ ਸੈਨਿਕ-ਜਵਾਨਾਂ ਦੀ ਸਹੂਲਤ ਲਈ ਯਾਤਰੀ ਰੇਲ ਗੱਡੀਆਂ ਜਲਦ ਚਲਾਉਣ ਤਾਂ ਉਹ ਵੀ ਸਮੇਂ ਸਿਰ ਆਪਣੇ ਪਰਿਵਾਰਾਂ ਨਾਲ ਬੈਠ ਕੇ ਤਿਉਹਾਰ ਮਨਾ ਸਕਣ।