CORONA ਗੁਰਦਾਸਪੁਰ

ਮਾਲ ਗੱਡੀਆਂ ਬੰਦ ਹੋਣ ਕਰਕੇ ਪੰਜਾਬ ਦੀ ਸਨਅਤ ਲੀਹੋਂ ਲੱਥੀ

ਮਾਲ ਗੱਡੀਆਂ ਬੰਦ ਹੋਣ ਕਰਕੇ ਪੰਜਾਬ ਦੀ ਸਨਅਤ ਲੀਹੋਂ ਲੱਥੀ
  • PublishedNovember 1, 2020

ਸੂਬੇ ਦੀ ਇੰਡਸਟਰੀ ਨੂੰ ਬਚਾਉਣ ਲਈ ਕੇਂਦਰ ਸਰਕਾਰ ਤੁਰੰਤ ਮਾਲ ਗੱਡੀਆਂ ਚਲਾਵੇ

ਬਟਾਲਾ, 1 ਨਵੰਬਰ – ਬਟਾਲਾ ਦੀ ਲੋਹਾ ਸਨਅਤ ਅਜੇ ਕੋਰੋਨਾ ਦੀ ਮਾਰ ਤੋਂ ਉਭਰਨ ਦੀਆਂ ਕੋਸ਼ਿਸ਼ਾਂ ਕਰ ਹੀ ਰਹੀ ਸੀ ਕਿ ਕੇਂਦਰ ਸਰਕਾਰ ਵਲੋਂ ਮਾਲ ਗੱਡੀਆਂ ਬੰਦ ਕਰਨ ਕਰਕੇ ਕੱਚੇ ਮਾਲ ਦੀ ਕਮੀ ਦੇ ਚੱਲਦਿਆਂ ਬਟਾਲਾ ਦੀ ਸਨਅਤ ਇੱਕ ਵਾਰ ਫਿਰ ਲੀਹੋਂ ਲੱਥ ਗਈ ਹੈ। ਮਾਲ ਗੱਡੀਆਂ ਬੰਦ ਹੋਣ ਕਰਕੇ ਸੂਬੇ ਭਰ ਦੇ ਉਦਯੋਗਾਂ ਤੱਕ ਨਾ ਤਾਂ ਕੱਚਾ ਮਾਲ ਪਹੁੰਚ ਰਿਹਾ ਹੈ ਅਤੇ ਨਾ ਹੀ ਉਦਯੋਗਾਂ ਵਲੋਂ ਤਿਆਰ ਮਾਲ ਦੂਜੇ ਰਾਜਾਂ ਤੱਕ ਪਹੁੰਚ ਪਾ ਰਿਹਾ ਹੈ। ਸੂਬੇ ਭਰ ਵਿੱਚ 2 ਲੱਖ ਦੇ ਕਰੀਬ ਐੱਮ.ਐੱਸ.ਐੱਮ.ਈ. ਉਦਯੋਗਿਕ ਯੂਨਿਟ ਹਨ ਅਤੇ ਲਗਭਗ 40 ਤੋਂ 50  ਲੱਖ ਲੋਕ ਸਿੱਧੇ ਜਾਂ ਅਸਿੱਧੇ ਤੌਰ ’ਤੇ ਇੰਡਸਟਰੀ ਨਾਲ ਜੁੜੇ ਹਨ। ਇਨ੍ਹਾਂ ਸਾਰੇ ਲੋਕਾਂ ਦੇ ਕੰਮ-ਕਾਜ ਉੱਪਰ ਬਹੁਤ ਮਾੜਾ ਅਸਰ ਪਿਆ ਹੈ।  

ਬਟਾਲਾ ਦੇ ਸਨਅਤਕਾਰ ਪਰਮਿੰਦਰ ਸਿੰਘ ਨੇ ਬਟਾਲਾ ਸਨਅਤ ਦੀਆਂ ਮੁਸ਼ਕਲਾਂ ਦੱਸਦੇ ਹੋਏ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮਾਲ ਗੱਡੀਆਂ ਬੰਦ ਹੋਣ ਕਾਰਨ ਬਟਾਲਾ ਵਿਖੇ ਕੱਚਾ ਮਾਲ ਨਹੀਂ ਪਹੁੰਚ ਸਕਿਆ ਹੈ ਜਿਸ ਕਾਰਨ ਬਟਾਲਾ ਦੀ ਸਾਰੀ ਇੰਡਸਟਰੀ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਪਹਿਲਾਂ ਹੀ ਬਹੁਤ ਮੁਸ਼ਕਲ ਦੌਰ ਵਿਚੋਂ ਨਿਕਲ ਰਹੀ ਹੈ ਅਤੇ ਮੌਜੂਦਾ ਸੰਕਟ ਕਾਰਨ ਕੱਚੇ ਮਾਲ ਦੇ ਰੇਟ ਬਹੁਤ ਵੱਧ ਗਏ ਹਨ ਅਤੇ ਜੇਕਰ ਮਾਲ ਗੱਡੀਆਂ ਨਾ ਚੱਲੀਆਂ ਤਾਂ ਆਉਣ ਵਾਲੇ ਕੁਝ ਦਿਨਾਂ ਵਿਚ ਮਾਲ ਮਿਲਣਾ ਬੰਦ ਹੋ ਜਾਵੇਗਾ, ਜਿਸ ਨਾਲ ਇੰਡਸਟਰੀ ਨੂੰ ਤਾਲੇ ਲੱਗ ਜਾਣਗੇ। ਉਨ੍ਹਾਂ ਕਿਹਾ ਕਿ ਪੋਰਟ ਤੋਂ ਦੂਰ ਹੋਣ ਕਰਕੇ ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬ ਦੀ ਇੰਡਸਟਰੀ ਪਹਿਲਾਂ ਹੀ ਘੱਟ ਮਾਰਜਿਨ ’ਤੇ ਕੰਮ ਕਰਦੀ  ਹੈ। ਉਨ੍ਹਾਂ ਕਿਹਾ ਕਿ ਜਿਸ ਤਰਾਂ ਥਰਮਲ ਪਲਾਂਟਾਂ ਵਿਚੋਂ ਕੋਲ੍ਹਾ ਖਤਮ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਇਸ ਨਾਲ ਸੂਬੇ ਉੱਪਰ ਬਲੈਕ-ਆਓਟ ਦਾ ਖਤਰਾ ਵੀ ਮੰਡਰਾ ਰਿਹਾ ਹੈ।

ਬਟਾਲਾ ਦੇ ਸਨਅਤਕਾਰਾਂ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਿਸਾਨੀ ਸੰਕਟ ਦਾ ਕੋਈ ਨਾ ਕੋਈ ਹੱਲ ਕੱਢਦਿਆਂ ਜਲਦੀ ਇਸ ਮਸਲੇ ਦਾ ਨਿਪਟਾਰਾ ਕੀਤਾ ਜਾਵੇ ਤਾਂ ਜੋ ਰੇਲ ਆਵਾਜਾਈ ਬਹਾਲ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਇਸ ਨਾਲ ਸੂਬੇ ਦੇ ਉਦਯੋਗ ਬੰਦ ਹੋ ਜਾਣਗੇ। ਸਨਅਤਕਾਰਾਂ ਨੇ ਕਿਹਾ ਕਿ ਜੇਕਰ ਇਵੇਂ ਹੀ ਇਹ ਸੰਕਟ ਜਾਰੀ ਰਿਹਾ ਤਾਂ ਉਨ੍ਹਾਂ ਦੇ ਗ੍ਰਾਹਕ ਦੂਜੇ ਰਾਜਾਂ ਦੇ ਉਦਯੋਗਾਂ ਵੱਲ ਚਲੇ ਜਾਣਗੇ ਜਿਨ੍ਹਾਂ ਨੂੰ ਵਾਪਸ ਲਿਆਉਣਾ ਨਾ-ਮੁਮਕਿਨ ਹੋਵੇਗਾ। ਸਨਅਤਕਾਰਾਂ ਨੇ ਮੋਦੀ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਬਿਨ੍ਹਾਂ ਹੋਰ ਦੇਰੀ ਕੀਤੇ ਮਾਲ ਗੱਡੀਆਂ ਚਲਾਈਆਂ ਜਾਣ।

Written By
The Punjab Wire