ਮੋਦੀ ਆਪਣਾ ਹੱਠ ਛੱਡ ਕੇ ਕਿਸਾਨਾਂ ਅਤੇ ਅਵਾਮ ਦੀ ਅਵਾਜ਼ ਨੂੰ ਸੁਣ ਕੇ ਦੇਸ਼ ਚਲਾਉਣ – ਬਾਜਵਾ
ਬਟਾਲਾ, 31 ਅਕਤੂਬਰ – ਕੇਂਦਰ ਦੀ ਮੋਦੀ ਸਰਕਾਰ ਵਲੋਂ ਪੰਜਾਬ ਵਿੱਚ ਜਾਣਬੁੱਝ ਕੇ ਮਾਲ ਗੱਡੀਆਂ ਨੂੰ ਨਾ ਚਲਾ ਕੇ ਪੰਜਾਬ ਸਰਕਾਰ ਨੂੰ ਬਲੇਕਮੇਲ ਕੀਤਾ ਜਾ ਰਿਹਾ ਹੈ, ਜੋ ਕਿ ਕੇਂਦਰ ਸਰਕਾਰ ਦੀ ਗਲਤ ਨੀਤੀ ਹੈ। ਪੰਜਾਬ ਭਰ ਵਿੱਚ ਸਾਰੀਆਂ ਰੇਲ ਲਾਈਨਾਂ ਖਾਲੀ ਹਨ ਅਤੇ ਕਿਤੇ ਵੀ ਕਿਸਾਨਾਂ ਵਲੋਂ ਮਾਲ ਗੱਡੀਆਂ ਨੂੰ ਰੋਕਿਆ ਨਹੀਂ ਜਾ ਰਿਹਾ। ਇਹ ਪ੍ਰਗਟਾਵਾ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।
ਸ. ਬਾਜਵਾ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਵਿੱਚ ਜਾਣ-ਬੁੱਝ ਕੇ ਮਾਲ ਗੱਡੀਆਂ ਨਾ ਚਲਾ ਕੇ ਪੰਜਾਬ ਨੂੰ ਆਰਥਿਕ ਪੱਖੋਂ ਹੋਰ ਕਮਜ਼ੋਰ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਅੰਮ੍ਰਿਤਸਰ ਤੱਕ ਅਤੇ ਦਿੱਲੀ ਤੋਂ ਪਠਾਨਕੋਟ ਤੱਕ ਰੇਲਵੇ ਲਾਈਨ ਉੱਪਰ ਕਿਸਾਨਾਂ ਦਾ ਕੋਈ ਧਰਨਾ ਜਾਂ ਰੋਕ ਨਹੀਂ ਹੈ ਅਤੇ ਸਾਰੇ ਪੰਜਾਬ ਦੇ ਰੇਲਵੇ ਟਰੈਕ ਬਿਲਕੁਲ ਖਾਲੀ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਮਾਲ ਗੱਡੀਆਂ ਨਾ ਚਲਾਉਣ ਦਾ ਬੇਵਜਾ ਬਹਾਨਾ ਬਣਾ ਰਹੀ ਹੈ, ਜੋ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਆਰ.ਡੀ.ਐੱਫ. ਅਤੇ ਜੀ.ਐੱਸ.ਟੀ. ਦੀ ਅਦਾਇਗੀ ਬੰਦ ਕਰਕੇ ਸੂਬਾ ਪੰਜਾਬ ਨਾਲ ਮਤਰੇਆ ਸਲੂਕ ਕੀਤਾ ਹੈ। ਸ. ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਦਿੱਲੀ ਜਾ ਕੇ ਕੇਂਦਰ ਸਰਕਾਰ ਅੱਗੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦਾ ਪੱਖ ਜ਼ੋਰਦਾਰ ਢੰਗ ਨਾਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ ਦੀਆਂ ਸਾਰੀਆਂ ਪਾਰਟੀਆਂ ਨੂੰ ਨਾਲ ਚੱਲਣ ਦਾ ਸੱਦਾ ਦਿੱਤਾ ਹੋਇਆ ਹੈ।
ਇਕ ਸੁਆਲ ਦਾ ਜੁਆਬ ਦਿੰਦਿਆਂ ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਬਿਲਕੁਲ ਠੀਕ ਹੈ ਅਤੇ ਪੰਜਾਬ ਪੁਲਿਸ ਇਸ ਪੱਖ ਤੋਂ ਵਧੀਆ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਆਪ ਖੁਦ ਅੱਗੇ ਹੋ ਕੇ ਕਿਸਾਨਾਂ ਦੀ ਲੜਾਈ ਲੜ ਰਹੇ ਹਨ। ਸ. ਬਾਜਵਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਹੱਠ ਛੱਡ ਕੇ ਕਿਸਾਨਾਂ ਅਤੇ ਅਵਾਮ ਦੀ ਅਵਾਜ਼ ਨੂੰ ਸੁਣ ਕੇ ਦੇਸ਼ ਚਲਾਉਣ ਨਾ ਕਿ ਤਾਨਾਸ਼ਾਹ ਬਣ ਕੇ ਆਪਣੀ ਮਨ ਮਰਜ਼ੀ ਕਰਨ।