ਐੱਸ.ਐੱਸ.ਪੀ. ਬਟਾਲਾ ਸਮੇਤ ਸਮੂਹ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਨੇ ਲਗਾਈ ਦੌੜ
ਡੀ.ਐੱਸ.ਪੀ. ਮਾਧਵੀ ਸ਼ਰਮਾਂ ਸਭ ਨੂੰ ਪਛਾੜ ਕੇ ਪੁਲਿਸ ਵਿਭਾਗ ਵਲੋਂ ਮੋਹਰੀ ਰਹੀ
ਬਟਾਲਾ, 20 ਅਕਤੂਬਰ – ਪੁਲਿਸ ਕੋਮੈਮੋਰੇਸ਼ਨ ਡੇਅ ਨੂੰ ਸਮਰਪਿਤ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਅੱਜ ਬਟਾਲਾ ਸ਼ਹਿਰ ਵਿੱਚ ਮੈਰਾਥਨ ਦੌੜ ਦਾ ਆਯੋਜਿਨ ਕੀਤਾ ਗਿਆ। ਐੱਸ.ਐੱਸ.ਪੀ. ਬਟਾਲਾ ਦੀ ਅਗਵਾਈ ਵਿੱਚ ਇਹ ਮੈਰਾਥਨ ਦੌੜ ਬਟਾਲਾ ਦੇ ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਚੌਂਕ ਤੋਂ ਸ਼ੁਰੂ ਹੋ ਕੇ ਪੁਲਿਸ ਲਾਈਨ ਵਿੱਚ ਬਣੀ ਸ਼ਹੀਦੀ ਸਮਾਰਕ ਵਿਖੇ ਪਹੁੰਚ ਕੇ ਸਮਾਪਤ ਹੋਈ।
ਇਸ ਮੈਰਾਥਾਨ ਦੌੜ ਵਿੱਚ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ, ਐੱਸ.ਪੀ. ਹੈੱਡ-ਕੁਆਟਰ ਸ. ਗੁਰਪ੍ਰੀਤ ਸਿੰਘ, ਐੱਸ.ਪੀ. ਵਰਿੰਦਰਜੀਤ ਸਿੰਘ, ਐੱਸ.ਪੀ. ਜਗਵਿੰਦਰ ਸਿੰਘ, ਡੀ.ਐੱਸ.ਪੀ. ਮਾਧਵੀ ਸ਼ਰਮਾਂ ਤੋਂ ਇਲਾਵਾ ਪਲਿਸ ਅਧਿਕਾਰੀ, ਸਹਾਰਾ ਕਲੱਬ ਤੇ ਵਲੰਟੀਅਰਜ਼ ਤੇ ਸ਼ਹਿਰ ਦੇ ਨੌਜਵਾਨ ਸ਼ਾਮਲ ਹੋਏ।
ਕਰੀਬ ਤਿੰਨ ਕਿਲੋਮੀਟਰ ਦੌੜ ਵਿੱਚ ਸਹਾਰਾ ਕਲੱਬ ਦੇ ਵਲੰਟੀਅਰਜ਼ ਮੋਹਰੀ ਰਹੇ। ਪੁਲਿਸ ਵਿਭਾਗ ਵਿਚੋਂ ਡੀ.ਐੱਸ.ਪੀ. ਮਾਧਵੀ ਸ਼ਰਮਾਂ ਨੇ ਸਭ ਨੂੰ ਪਛਾੜਦਿਆਂ ਹੋਇਆਂ ਵੱਡੀ ਲੀਡ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਐੱਸ.ਐੱਸ.ਪੀ. ਬਟਾਲਾ ਅਤੇ ਸਮੂਹ ਅਧਿਕਾਰੀਆਂ ਸਮੇਤ ਦੌੜ ਲਗਾਉਣ ਵਾਲੇ ਦੌੜਾਕਾਂ ਨੇ ਮੈਰਾਥਨ ਦੀ ਸਮਾਪਤੀ ’ਤੇ ਸ਼ਹੀਦੀ ਸਮਾਰਕ ਉੱਪਰ ਨਤਮਸਕ ਹੋ ਕੇ ਸ਼ਹੀਦਾਂ ਨੂੰ ਆਪਣਾ ਸਤਿਕਾਰ ਭੇਟ ਕੀਤਾ।
ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਸ਼ਹੀਦਾਂ ਦੀ ਯਾਦ ਵਿੱਚ “ਸ਼ਹੀਦ ਦਾ ਪਰਿਵਾਰ ਮੇਰਾ ਪਰਿਵਾਰ” ਦੇ ਬੈਨਰ ਹੇਠ ਇਹ ਮਿੰਨੀ ਮੈਰਾਥਨ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੈਰਾਥਨ ਵਿੱਚ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਤੋਂ ਇਲਾਵਾ ਸਿਵਲ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸਹਾਰਾ ਕਲੱਬ ਦੇ ਵਲੰਟੀਅਰਜ਼ ਅਤੇ ਸ਼ਹਿਰ ਦੇ ਨੌਜਵਾਨ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਸਮੇਤ ਦੇਸ਼ ਦੀਆਂ ਸਮੁੱਚੀਆਂ ਪੈਰਾ ਮਿਲਟਰੀ ਫੋਰਸਜ਼ ਦੇ ਜਵਾਨਾਂ ਵਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਅੱਜ ਦੀ ਇਹ ਮੈਰਾਥਨ ਦੌੜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ 21 ਅਕਤੂਬਰ ਨੂੰ ਸਵੇਰੇ ਦੇਸ਼ ਭਰ ਦੇ ਨਾਲ ਬਟਾਲਾ ਪੁਲਿਸ ਵਲੋਂ ਵੀ ਸ਼ਹੀਦੀ ਸਮਾਰਕ ਉੱਪਰ ਪੁਲਿਸ ਕੋਮੈਮੋਰੇਸ਼ਨ ਡੇਅ ਮਨਾਇਆ ਜਾਵੇਗਾ।
ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਿਭਾਗ ਹਮੇਸ਼ਾਂ ਹੀ ਯਤਨਸ਼ੀਲ ਰਿਹਾ ਹੈ ਅਤੇ ਉਨ੍ਹਾਂ ਨੇ ਸਮੂਹ ਪੁਲਿਸ ਜ਼ਿਲ੍ਹਾ ਬਟਾਲਾ ਦੀ ਪੁਲਿਸ ਨੂੰ ਇਹ ਖਾਸ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਜੇਕਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਨ੍ਹਾਂ ਦਾ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ।
ਇਸ ਮੌਕੇ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਸ਼ਹੀਦਾਂ ਦੀ ਯਾਦ ਵਿੱਚ ਪੁਲਿਸ ਲਾਈਨ ਬਟਾਲਾ ਵਿਖੇ ਪੌਦੇ ਵੀ ਲਗਾਏ। ਮੈਰਾਥਨ ਦੌੜ ਵਿੱਚ ਮੋਹਰੀ ਰਹਿਣ ਵਾਲੀ ਡੀ.ਐੱਸ.ਪੀ. ਮਾਧਵੀ ਸ਼ਰਮਾਂ ਅਤੇ ਸਹਾਰਾ ਕਲੱਬ ਦੇ ਵਲੰਟੀਅਰਜ਼ ਨੂੰ ਸਨਮਾਨਤ ਕੀਤਾ ਗਿਆ।