CORONA ਗੁਰਦਾਸਪੁਰ ਪੰਜਾਬ

ਬਟਾਲਾ ਪੁਲਿਸ ਨੇ 3 ਅੰਤਰਰਾਸ਼ਟਰੀ ਸਮੱਗਲਰਾਂ ਕੋਲੋਂ 6 ਕਿਲੋ 557 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ

ਬਟਾਲਾ ਪੁਲਿਸ ਨੇ 3 ਅੰਤਰਰਾਸ਼ਟਰੀ ਸਮੱਗਲਰਾਂ ਕੋਲੋਂ 6 ਕਿਲੋ 557 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ
  • PublishedSeptember 17, 2020

ਆਈ.ਜੀ. ਪਰਮਾਰ ਨੇ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ

ਬਟਾਲਾ, 17 ਸਤੰਬਰ ( ਮੰਨਨ ਸੈਣੀ ) – ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਬਟਾਲਾ ਪੁਲਿਸ ਨੇ 3 ਅੰਤਰਰਾਸ਼ਟਰੀ ਸਮੱਗਲਰਾਂ ਕੋਲੋਂ 6 ਕਿਲੋ 557 ਗ੍ਰਾਂਮ ਹੈਰੋਇਨ ਬ੍ਰਾਂਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਆਈ.ਜੀ. ਬਾਰਡਰ ਰੇਂਜ ਸ੍ਰੀ ਸੁਰਿੰਦਰ ਪਾਲ ਸਿੰਘ ਪਰਮਾਰ, ਆਈ.ਪੀ.ਐੱਸ ਨੇ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਡੀ.ਐੱਸ.ਪੀ. ਫ਼ਤਹਿਗੜ੍ਹ ਚੂੜੀਆਂ ਬਲਬੀਰ ਸਿੰਘ ਦੀ ਨਿਗਰਾਨੀ ਹੇਠ ਐੱਸ.ਆਈ. ਸੁਖਰਾਜ ਸਿੰਘ ਐੱਸ.ਐੱਚ.ਓ. ਥਾਣਾ ਸਦਰ ਬਟਾਲਾ, ਐੱਸ.ਆਈ. ਦਲਜੀਤ ਸਿੰਘ ਐੱਸ.ਐੱਚ.ਓ. ਡੇਰਾ ਬਾਬਾ ਨਾਨਕ ਅਤੇ ਐੱਸ.ਆਈ. ਸੁਖਵਿੰਦਰ ਸਿੰਘ ਐੱਸ.ਐੱਚ.ਓ ਫ਼ਤਹਿਗੜ੍ਹ ਚੂੜੀਆਂ ਵਲੋਂ ਸ਼ਹੀਦ ਭਗਤ ਸਿੰਘ ਚੌਂਕ, ਫ਼ਤਹਿਗੜ੍ਹ ਚੂੜੀਆਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਇਸ ਦੌਰਾਨ ਸਰਬਜੀਤ ਸਿੰਘ ਉਰਫ ਸਾਬਾ ਪੁੱਤਰ ਕਰਨੈਲ ਸਿੰਘ ਵਾਸੀ ਕੱਕੜ ਥਾਣਾ ਲੋਪੋਕੇ, ਜਗਤਾਰ ਸਿੰਘ ਉਰਫ ਦਿਆ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਰਣੀਆ ਥਾਣਾ ਲੋਪੋਕੇ ਅਤੇ ਸੁਰਜੀਤ ਸਿੰਘ ਉਰਫ਼ ਬਿੱਲੂ ਪੁੱਤਰ ਸਰਬਜੀਤ ਸਿੰਘ ਵਾਸੀ ਕੱਕੜ ਥਾਣਾ ਲੋਪੋਕੇ ਪਾਸੋਂ ਤਲਾਸ਼ੀ ਦੌਰਾਨ 157 ਗ੍ਰਾਮ ਹੈਰੋਇਨ ਸਮੇਤ ਕੰਪਿਊਟਰ ਕੰਡਾ ਬਰਾਮਦ ਕੀਤਾ ਗਿਆ। ਇਸ ਸਵੰਧ ਵਿੱਚ ਮੁਕੱਦਮਾ ਨੰਬਰ 108 ਮਿਤੀ 16 ਸਤੰਬਰ 2020 ਜੁਰਮ 21,23,29-61-85 ਐੱਨ.ਡੀ.ਪੀ.ਐੱਸ. ਐਕਟ ਥਾਣਾ ਫ਼ਤਹਿਗੜ੍ਹ ਚੂੜੀਆਂ ਦਰਜ ਕੀਤਾ ਗਿਆ।

ਆਈ.ਜੀ. ਸ੍ਰੀ ਸੁਰਿੰਦਰ ਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਇਨ੍ਹਾਂ ਗ੍ਰਿਫ਼ਤਾਰ ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਮੰਨਿਆ ਹੈ ਕਿ ਉਨ੍ਹਾਂ ਦੇ ਸਬੰਧ ਪਾਕਿਸਤਾਨੀ ਸਮੱਗਲਰਾਂ ਨਾਲ ਹਨ, ਜੋ ਉਹ ਪਾਕਿਸਤਾਨੀ ਸਮੱਗਲਰਾਂ ਨਾਲ ਤਾਲ-ਮੇਲ ਕਰਕੇ ਭਾਰਤ-ਪਾਕਿਸਤਾਨ ਸਰਹੱਦ ਰਸਤੇ ਹੈਰੋਇਨ ਮੰਗਵਾ ਕੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਦੇ ਹਨ ਅਤੇ ਹੁਣ ਜੋ ਹੈਰੋਇਨ ਬਰਾਂਮਦ ਹੋਈ ਹੈ, ਉਹ ਪਾਕਿਸਤਾਨ ਤੋਂ ਮੰਗਵਾਈ ਹੈ ਅਤੇ ਹੈਰੋਇਨ ਦੀ ਜਿਆਦਾ ਖੇਪ ਬਾਰਡਰ ਦੇ ਨਜਦੀਕ ਵੱਖ-ਵੱਖ ਜਗ੍ਹਾ ’ਤੇ ਛੁਪਾ ਕੇ ਰੱਖੀ ਹੈ।

ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਇੰਕਸ਼ਾਫ਼ ਕਰਨ ਉਪਰੰਤ ਇਸ ਕੇਸ ਦੀ ਕਮਾਂਡ ਸ੍ਰੀ ਰਛਪਾਲ ਸਿੰਘ, ਐੱਸ.ਐੱਸ.ਪੀ. ਬਟਾਲਾ ਵਲੋਂ ਖੁਦ ਕੀਤੀ ਗਈ। ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਦੇ ਹੀ ਏਰੀਆ ਦੇ ਥਾਣਾ ਲੋਪੋਕੇ ਦੇ ਪਿੰਡ ਕੱਕੜ ਸਾਈਡ ਦਰਿਆ ਰਾਵੀ ਤੋਂ ਪਾਰ ਜੰਗਲਾਤ ਵਿਭਾਗ ਦੀ ਜੋ ਜ਼ਮੀਨ ਹੈ, ਜਿਥੇ ਉਹ ਖੇਤੀ ਦੇ ਬਹਾਨੇ ਜਾਂਦੇ ਹਨ ਅਤੇ ਇਸੇ ਜੰਗਲਾਤ ਵਿਭਾਗ ਦੇ ਏਰੀਏ ਅਤੇ ਬਾਰਡਰ ਪੋਸਟ ਦੇ ਨਜ਼ਦੀਕ ਪਾਕਿਸਤਾਨ ਤੋਂ ਮੰਗਵਾਈ ਹੈਰੋਇਨ ਉਨ੍ਹਾਂ ਵਲੋਂ ਛੁਪਾ ਕੇ ਰੱਖੀ ਹੈ। ਜਿਸ ਤੇ ਐੱਸ.ਐੱਸ.ਪੀ. ਬਟਾਲਾ ਵਲੋਂ ਬੀ.ਐੱਸ.ਐੱਫ. ਅਧਿਕਾਰੀਆਂ ਨਾਲ ਤਾਲਮੇਲ ਕਰਕੇ ਆਪ ਖੁਦ ਕਮਾਂਡ ਕਰਦੇ ਹੋਏ ਪੁਲਿਸ ਪਾਰਟੀਆਂ ਸਮੇਤ ਗ੍ਰਿਫ਼ਤਾਰ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਦਰਿਆ ਰਾਵੀ ਤੋਂ ਪਾਰ ਪੁੱਜ ਕੇ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਝਾੜੀਆਂ ਵਿੱਚ ਲੁਕਾ ਕੇ ਰੱਖੇ ਟਰੈਕਟਰ ਹਾਲੈਂਡ 3630 ਦੇ ਸੱਚੇ ਟਾਇਰ ਵਿਚੋਂ 16 ਪੈਕੇਟ ਹੈਰੋਇਨ ਵਜਨੀ 5 ਕਿਲੋ 400 ਗ੍ਰਾਂਮ ਅਤੇ ਬੀ.ਓ.ਪੀ. ਕੱਕੜ 91/13-ਜੀ ਨਜ਼ਦੀਕ ਝਾੜੀਆਂ ਵਿਚੋਂ 4 ਪੈਕੇਟ ਹੈਰੋਇਨ ਵਜ਼ਨੀ 1 ਕਿਲੋਗ੍ਰਾਮ ਬਰਾਂਮਦ ਕੀਤੀ। ਇਸ ਤਰਾਂ ਤਿੰਨਾਂ ਮੁਲਜ਼ਮਾਂ ਪਾਸੋਂ 6 ਕਿਲੋ 557 ਗ੍ਰਾਂਮ ਹੈਰੋਇਨ ਬਰਾਂਮਦ ਕੀਤੀ ਗਈ ਹੈ ਅਤੇ ਦੋਸ਼ੀਆਂ ਪਾਸੋਂ ਪੁੱਛ-ਗਿੱਛ ਜਾਰੀ ਹੈ ਅਤੇ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਆਈ.ਜੀ. ਬਾਰਡਰ ਰੇਂਜ ਸ੍ਰੀ ਪਰਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਛਪਾਲ ਸਿੰਘ ਵਲੋਂ ਐੱਸ.ਐੱਸ.ਪੀ. ਬਟਾਲਾ ਦਾ ਅਹੁਦਾ ਸੰਭਾਲਣ ਉਪਰੰਤ ਪਿਛਲੇ ਡੇਡ ਮਹੀਨੇ ਵਿੱਚ ਪੁਲਿਸ ਜ਼ਿਲ੍ਹਾ ਬਟਾਲਾ ਵਿੱਚ ਨਸ਼ਿਆਂ ਦੇ ਖਿਲਾਫ ਅਸਰਦਾਰ ਢੰਗ ਨਾਲ ਕਾਰਵਾਈ ਕਰਦੇ ਹੋਏ ਵੱਡੀਆਂ ਬ੍ਰਾਂਮਦਗੀਆਂ ਕੀਤੀਆਂ ਗਈਆਂ ਹਨ। ਸਮੁੱਚੇ ਪੁਲਿਸ ਜ਼ਿਲ੍ਹਾ ਬਟਾਲਾ ਵਿੱਚ ਕਾਰਡਨ ਐਂਡ ਰਿਸਰਚ ਓਪਰੇਸ਼ਨ (ਸੀ.ਏ.ਐੱਸ.ਓ.) ਦੌਰਾਨ 23 ਸਰਚ ਅਭਿਆਨ ਚਲਾ ਕੇ ਕੁੱਲ 292 ਮੁਕਦਮੇ ਐਕਸਾਈਜ਼ ਐਕਟ ਅਧੀਨ ਦਰਜ ਕਰਕੇ 2954.645 ਲੀਟਰ ਨਜਾਇਜ ਸ਼ਰਾਬ, 135.990 ਲੀਟਰ ਠੇਕਾ ਸ਼ਰਾਬ, 12923 ਕਿਲੋ ਲਾਹਣ, 16 ਚਾਲੂ ਭੱਠੀਆਂ ਅਤੇ ਖਾਸ ਕਰਕੇ 685.250  ਲੀਟਰ ਅਲਕੋਹਲ ਬ੍ਰਾਂਮਦ ਕੀਤੀ ਗਈ ਹੈ। ਇਸੇ ਤਰਾਂ ਇਸ ਸਮੇਂ ਦੌਰਾਨ ਐੱਨ.ਡੀ.ਪੀ.ਐੱਸ. ਐਕਟ ਦੇ 7 ਮੁਕੱਦਮੇ ਦਰਜ ਕਰਕੇ 735 ਗ੍ਰਾਂਮ ਹੈਰੋਇਨ ਅਤੇ ਹੋਰ ਨਸ਼ਾ ਸਮੱਗਰੀ ਵੱਖ-ਵੱਖ ਰੂਪ ਵਿੱਚ ਬਰਾਂਮਦ ਕੀਤੀ ਗਈ ਹੈ।
ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਕੇ 3 ਪਿਸਤੌਲ ਸਮੇਤ ਰੌਂਦ, 34 ਚੋਰੀਸ਼ੁਦਾ ਮੋਟਰਸਾਈਕਲ, 1 ਬਲੈਰੋ ਗੱਡੀ, 8 ਮੋਬਾਇਲ ਬ੍ਰਾਂਮਦ ਕੀਤੇ ਗਏ ਹਨ। ਇਸੇ ਤਰ੍ਹਾਂ ਮੁਲਜ਼ਿਮ ਇਸ਼ਤਿਹਾਰੀਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾ ਕੇ ਪਿਛਲੇ ਪੰਜ ਸਾਲਾਂ ਤੋਂ ਵੱਖ-ਵੱਖ ਕੇਸਾਂ ਵਿੱਚ ਭਗੌੜੇ ਚੱਲੇ ਆ ਰਹੇ 12 ਪੀ.ਓਜ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਪੀ. ਹੈੱਡ-ਕੁਆਟਰ ਸ. ਗੁਰਪ੍ਰੀਤ ਸਿੰਘ, ਐੱਸ.ਪੀ. ਇੰਨਵੈਸਟੀਗੇਸ਼ਨ, ਡੀ.ਐੱਸ.ਪੀ. ਫ਼ਤਹਿਗੜ੍ਹ ਚੂੜੀਆਂ ਬਲਬੀਰ ਸਿੰਘ, ਡੀ.ਐੱਸ.ਪੀ. ਦੇਵ ਸਿੰਘ ਅਤੇ ਹੋਰ ਪੁਲਿਸ ਤੇ ਬੀ.ਐੱਸ.ਐੱਫ. ਅਧਿਕਾਰੀ ਹਾਜ਼ਰ ਸਨ।      

Written By
The Punjab Wire