ਗੁਰਦਾਸਪੁਰ, 9 ਸਤੰਬਰ। ਕਰੋਨਾ ਕਹਿਰ ਦੇ ਚਲਦਿਆਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ਨੇ ਆਪਣੇ ਹਲਕੇ ਲਈ ਪੀਪੀਟੀ ਕਿਟਾਂ , ਬੈੱਡ ਸ਼ੀਟਾਂ ਅਤੇ ਮਾਸਕਾਂ ਨਾਲ ਭਰਿਆ ਇੱਕ ਵਾਹਨ (ਛੋਟਾ ਹਾਥੀ) ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੂੰ ਭੇਜਿਆ ਹੈ । ਸਰਦਾਰ ਬੱਬੇਹਾਲੀ ਵੱਲੋਂ ਅੱਜ ਇਹ ਸਮਾਨ ਡਿਪਟੀ ਕਮਿਸ਼ਨਰ, ਗੁਰਦਾਸਪੁਰ ਮੁਹੰਮਦ ਇਸ਼ਫਾਕ ਨੂੰ ਸੌਂਪਿਆ ਗਿਆ ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਬੇਹਾਲੀ ਨੇ ਕਿਹਾ ਕਿ ਜਦੋਂ ਤੋਂ ਕਰੋਨਾ ਨੇ ਸੂਬੇ ਵਿੱਚ ਪੈਰ ਪਸਾਰੇ ਹਨ , ਸਨੀ ਦਿਓਲ ਉਦੋਂ ਤੋਂ ਹੀ ਆਪਣੇ ਹਲਕੇ ਦੇ ਹਾਲਾਤ ਦੀ ਲਗਾਤਾਰ ਜਾਣਕਾਰੀ ਲੈ ਰਹੇ ਹਨ । ਕੁਝ ਦਿਨ ਪਹਿਲਾਂ ਉਹ ਖੁਦ ਗੁਰਦਾਸਪੁਰ ਆ ਕੇ ਜਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਵੀ ਕਰ ਕੇ ਗਏ ਹਨ ਅਤੇ ਜਰੂਰੀ ਦਿਸ਼ਾ ਨਿਰਦੇਸ਼ ਵੀ ਦੇ ਕੇ ਗਏ ਹਨ । ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਵੀ ਸਨੀ ਦਿਓਲ ਪੀਪੀਟੀ ਕਿਟਾਂ ਅਤੇ ਹੋਰ ਜਰੂਰੀ ਸਮਾਨ ਹਲਕੇ ਲਈ ਭੇਜ ਚੁੱਕੇ ਹਨ । ਇਸ ਦੇ ਨਾਲ ਹੀ ਹਲਕਾ ਵਾਸੀਆਂ ਦੀਆਂ ਹੋਰਨਾਂ ਸਮੱਸਿਆਂਵਾਂ ਦੀ ਜਾਣਕਾਰੀ ਵੀ ਸਨੀ ਦਿਓਲ ਨਿਰੰਤਰ ਲੈਂਦੇ ਆ ਰਹੇ ਹਨ ਅਤੇ ਇਨ੍ਹਾਂ ਸਮੱਸਿਆਂਵਾਂ ਦੇ ਹਲ ਲਈ ਉਨ੍ਹਾਂ ਦੇ ਯਤਨ ਲਗਾਤਾਰ ਜਾਰੀ ਹਨ ਜੋ ਅੱਗੇ ਵੀ ਜਾਰੀ ਰਹਿਣਗੇ ।