ਗੁਰਦਾਸਪੁਰ

ਕਣਕ ਦੀ ਕਟਾਈ ਉਪਰੰਤ ਗੰਨੇ ਦੀ ਬਿਜਾਈ, ਪਨੀਰੀ ਤਿਆਰ ਕਰਕੇ, ਕਰਨੀ ਬਿਹਤਰ ਵਿਕਲਪ : ਕੇਨ ਕਮਿਸ਼ਨਰ

ਕਣਕ ਦੀ ਕਟਾਈ ਉਪਰੰਤ ਗੰਨੇ ਦੀ ਬਿਜਾਈ, ਪਨੀਰੀ ਤਿਆਰ ਕਰਕੇ, ਕਰਨੀ ਬਿਹਤਰ ਵਿਕਲਪ : ਕੇਨ ਕਮਿਸ਼ਨਰ
  • PublishedMarch 4, 2026

ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਵੱਲੋਂ ਪਿੰਡਾਂ ਵਿਚ ਮੀਟਿੰਗਾਂ ਕਰਨ ਦਾ ਦੌਰ ਜਾਰੀ

ਗੁਰਦਾਸਪੁਰ, 4 ਮਾਰਚ 2026 (ਮੰਨਨ ਸੈਣੀ)— ਗੰਨੇ ਦੀ ਬਹਾਰ ਰੁੱਤ ਦੇ ਗੰਨੇ ਦੀਆਂ ਕਾਸ਼ਤਕਾਰੀ ਤਕਨੀਕਾਂ ਬਾਰੇ ਜਾਗਰੂਕ ਕਰਨ ਲਈ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਵੱਲੋਂ ਆਪਣੇ ਅਧਿਕਾਰਤ ਖੇਤਰ ਦੇ ਪਿੰਡਾਂ ਵਿੱਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਗੰਨੇ ਦੀ ਫ਼ਸਲ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨੁੰ ਪ੍ਰੇਰਿਤ ਕੀਤਾ ਜਾ ਸਕੇ।

ਇਸ ਲੜੀ ਤਹਿਤ ਪਿੰਡ ਝਾਵਰ ਵਿਚ ਅਗਾਂਹਵਧੂ ਗੰਨਾ ਕਾਸ਼ਤਕਾਰ ਗੁਰਵਿੰਦਰ ਸਿੰਘ ਦੇ ਫਾਰਮ ਤੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਕੇਨ ਕਮਿਸ਼ਨਰ ਪੰਜਾਬ ਡਾਕਟਰ ਅਮਰੀਕ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਗੰਨਾ ਇੰਸਪੈਕਟਰ ਮਨਦੀਪ ਸਿੰਘ , ਵਿਸ਼ਾਲ ਕੁਮਾਰ, ਹਰਪ੍ਰੀਤ ਸਿੰਘ ਸਮੇਤ ਹੋਰ ਗੰਨਾ ਕਾਸ਼ਤਕਾਰ ਹਾਜ਼ਰ ਸਨ।

ਗੰਨਾ ਕਾਸ਼ਤਕਾਰਾਂ  ਨਾਲ ਗੱਲਬਾਤ ਕਰਦਿਆਂ ਡਾਕਟਰ ਅਮਰੀਕ ਸਿੰਘ ਗੰਨਾ ਕਮਿਸ਼ਨਰ ਪੰਜਾਬ ਨੇ ਦਸਿਆ ਕਿ ਉਨ੍ਹਾਂ ਦਸਿਆ ਕਿ ਕਣਕ ਦੀ ਕਟਾਈ ਤੋਂ ਬਾਅਦ ਗੰਨੇ ਦੀ ਬਿਜਾਈ ਕਰਨ ਨਾਲ ਪੈਦਾਵਾਰ ਅਤੇ ਖੰਡ ਦੀ ਰਿਕਵਰੀ ਘਟਦੀ ਹੈ ਇਸ ਲਈ ਇਸ ਤੋਂ ਬਚਣ ਲਈ ਕਣਕ ਦੀ ਕਟਾਈ ਉਪਰੰਤ ਗੰਨੇ ਦੀ ਬਿਜਾਈ ਦੇ ਸਮੇਂ ਤੋਂ ਇੱਕ ਮਹੀਨਾ ਪਹਿਲਾਂ ਪਨੀਰੀ ਤਿਆਰ ਕਰ ਲੈਣੀ ਚਾਹੀਦੀ ਹੈ ।  ਉਨ੍ਹਾਂ ਦੱਸਿਆ ਕਿ ਗੰਨੇ ਦੀ  ਬਹਾਰ ਰੁੱਤ ਦੀ ਬਿਜਾਈ ਲਈ ਫਰਵਰੀ ਮਾਰਚ ਮਹੀਨਾ ਬਹੁਤ ਹੀ ਢੁਕਵਾਂ ਹੈ  ਅਤੇ ਬਿਜਾਈ ਲਈ ਸਿਫਾਰਸ਼ਸ਼ੁਦਾ ਕਿਸਮਾਂ ਤੋਂ ਰੋਗ ਰਹਿਤ ਬੀਜ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਜੋਂ ਵਧੇਰੇ ਪੈਦਾਵਾਰ ਲੈ ਕੇ ਆਮਦਨ ਵਿਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ  ਗੰਨੇ ਦੀ ਫ਼ਸਲ ਤੋਂ ਵਧੇਰੇ ਆਮਦਨ ਲਈ ਅੰਤਰ ਫ਼ਸਲੀ ਪ੍ਰਣਾਲੀ ਅਪਣਾਉਣ ਦੀ ਜ਼ਰੂਰਤ ਹੈ।

ਉਨ੍ਹਾਂ ਦੱਸਿਆ ਕਿ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਬਿਜਾਈ ਕਰਨ ਸਮੇਂ ਪੰਜ ਤਕਨੀਕੀ ਨੁਕਤਿਆਂ  ਦਾ ਖਿਆਲ ਰੱਖਣਾ ਚਾਹੀਦਾ ਹੈਜਿਸ ਵਿੱਚ ਸਮੇਂ ਸਿਰ ਬਿਜਾਈ ਕਰਨੀ,ਚੌੜੀ ਵਿੱਥ (ਫਰੈਂਚ ) ਵਿਧੀ ਅਪਣਾਉਣੀਬਿਜਾਈ ਤੋਂ ਪਹਿਲਾਂ ਬੀਜ ਨੁੰ ਸੋਧਣਾ,ਬੀਜ ਲਈ ਗੰਨੇ ਦਾ ਉੱਪਰਲਾ ਇੱਕ ਤਿਹਾਈ ਹਿੱਸਾ ਵਰਤਣਾ ਅਤੇ ਅੰਤਰ ਫ਼ਸਲੀ ਪ੍ਰਣਾਲੀ ਤਹਿਤ ਦਾਲਾਂ ਦੀ ਕਾਸ਼ਤ ਕਰਨੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਦਾਲਾਂ ਦੀ ਪੈਦਾਵਾਰ ਵਿੱਚ ਆਈ ਖੜੋਤ ਕਾਰਨ ਪ੍ਰਤੀ ਵਿਅਕਤੀ ਦਾਲਾਂ ਦੀ ਖਪਤ 70 ਗ੍ਰਾਮ ਤੋਂ ਘਟ ਕੇ 27 ਗ੍ਰਾਮ ਰਹਿ ਗਈ ਹੈ ਜੋ ਕਿ ਵਿਸ਼ਵ ਸਿਹਤ ਸੰਸਥਾ ਦੇ ਮਾਪਦੰਡ ਅਨੁਸਾਰ, ਰੋਜ਼ਾਨਾ ਪ੍ਰਤੀ ਵਿਅਕਤੀ ਖਪਤ 80 ਗ੍ਰਾਮ ਪ੍ਰਤੀ ਵਿਅਕਤੀ ਤੋਂ ਕਾਫੀ ਘੱਟ ਹੈ।

ਉਨ੍ਹਾਂ ਕਿਹਾ ਕਿ ਜ਼ਿਲਾ ਗੁਰਦਾਸਪੁਰ ਵਿੱਚ ਕਿਸੇ ਸਮੇਂ ਰਿਆੜਕੀ ਦੇ ਇਲਾਕੇ ਦੇ ਮਾਂਹ ਮਸ਼ਹੂਰ ਹੁੰਦੇ ਸਨ ਪ੍ਰੰਤੂ ਕਣਕ ਝੋਨੇ ਦੇ ਫ਼ਸਲੀ ਚੱਕਰ ਅਪਣਾਉਣ ਕਾਰਨ ਇਹ ਫ਼ਸਲ ਅਲੋਪ ਹੋ ਗਈ ਹੈ। ਰਿਆੜਕੀ ਦੇ ਇਸ ਇਲਾਕੇ ਵਿੱਚ 12-15 ਪਿੰਡ ਅਜਿਹੇ ਹਨ ਜਿੱਥੋਂ ਦੀ ਮਿੱਟੀ ਅਤੇ ਪੌਣ ਪਾਣੀ ਮਾਂਹ ਦੀ ਖੇਤੀ ਲਈ ਬਹੁਤ ਮਸ਼ਹੂਰ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ । ਉਨ੍ਹਾਂ ਦਸਿਆ ਕਿ ਮਾਂਹਾਂ ਦੀ ਦਾਲ ਦੀ ਮੰਗ ਨੂੰ ਮੁੱਖ ਰੱਖਦਿਆਂ ਰਕਬਾ ਗੰਨੇ ਦੀ ਫ਼ਸਲ ਵਿਚ ਬਤੌਰ ਅੰਤਰ ਫ਼ਸਲ ਪ੍ਰਣਾਲੀ ਅਪਣਾ ਕੇ ਵਧਾਇਆ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਬਹਾਰ ਰੁੱਤ ਦੇ ਗੰਨੇ ਦੀ ਫ਼ਸਲ ਦੀਆਂ ਦੋ ਕਤਾਰਾਂ ਵਿੱਚ ਦੋ ਲਾਈਨਾਂ ਮਾਂਹ 1008 ਜਾਂ 1137 ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਗੰਨੇ ਦੀ ਕਟਾਈ ਕਰਨ ਵਾਲੀਆਂ ਮਸ਼ੀਨਾਂ ਦੀ ਆਮਦ ਨਾਲ ,ਚੌੜੀ  ਵਿੱਥ ਵਿਧੀ ਅਪਣਾ ਕੇ ਗੰਨੇ ਦੀ ਬਿਜਾਈ ਦਾ ਪ੍ਰਚਲਨ ਲਗਾਤਾਰ ਵਧ ਰਿਹਾ ਹੈ ਅਤੇ ਇਸ ਵਿਧੀ ਵਿੱਚ ਗੰਨੇ ਦੀ ਬਿਜਾਈ 4-5 ਫੁੱਟ ਦੂਰੀ ਦੀਆਂ 20-25 ਸੈਂਟੀ ਮੀਟਰ ਡੂੰਘੀਆਂ ਖਾਲੀਆਂ ਵਿਚ ਕੀਤੀ ਜਾਂਦੀ ਹੈ।

 ਉਨ੍ਹਾਂ ਕਿਹਾ ਕਿ ਮਾਂਹ ਦੀ ਫ਼ਸਲ ਦਾ ਬੀਜ ਲੈਣ ਲਈ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਜਾਂ ਖੇਤਰੀ ਖੋਜ ਕੇਂਦਰ ਪੀ ਏ ਯੂ ,ਕ੍ਰਿਸ਼ੀ ਵਿਗਿਆਨ ਕੇਂਦਰਾਂ ਜਾਂ ਪੀ ਏ ਯੂ ਲੁਧਿਆਣਾ ਦੀ ਬੀਜਾਂ ਦੀ ਦੁਕਾਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Written By
The Punjab Wire