Close

Recent Posts

ਕ੍ਰਾਇਮ ਗੁਰਦਾਸਪੁਰ

ਗੁਰਦਾਸਪੁਰ: ਐਤਵਾਰ ਨੂੰ ਹੀ ਹੋ ਗਿਆ ਸੀ ਪੁਲਿਸ ਮੁਲਾਜ਼ਮਾਂ ਦੇ ਨਾਮਾਲੂਮ ਕਾਤਲਾਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ

ਗੁਰਦਾਸਪੁਰ: ਐਤਵਾਰ ਨੂੰ ਹੀ ਹੋ ਗਿਆ ਸੀ ਪੁਲਿਸ ਮੁਲਾਜ਼ਮਾਂ ਦੇ  ਨਾਮਾਲੂਮ ਕਾਤਲਾਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ
  • PublishedFebruary 24, 2026

ਵੱਖ-ਵੱਖ ਟੀਮਾਂ ਗਠਿਤ, ਪੁਲਿਸ ਸ਼ੱਕੀਆਂ ਨੂੰ ਕਰ ਰਹੀ ਹੈ ਟ੍ਰੇਸ

ਪੁਲਿਸ ਥਾਣਿਆਂ ਦਾ ਜਾਇਜ਼ਾ ਲੈਣ ਪਹੁੰਚੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ

ਗੁਰਦਾਸਪੁਰ, 24 ਫਰਵਰੀ 2026 (ਮੰਨਣ ਸੈਣੀ)। ਥਾਣਾ ਦੋਰਾਗਲਾ ਅਧੀਨ ਸੈਕਿੰਡ ਡਿਫੈਂਸ ਨਾਕਾ, ਸਾਹਪੁਰ ਚੌਕ ‘ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਦੇ ਗੋਲੀ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਘਟਨਾ ਵਾਲੇ ਦਿਨ ਹੀ ਕਤਲ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਨਾ ਮਾਲੂਮ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਪੁਲਿਸ ਨੇ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 103 ਅਤੇ 25/27/54/59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਦਰਜ ਐਫ.ਆਈ.ਆਰ ਅਨੁਸਾਰ, ਸਵੇਰੇ ਕਰੀਬ 6 ਵਜੇ ਥਾਣਾ ਮੁਖੀ ਐਸ.ਆਈ. ਬਨਾਰਸੀ ਦਾਸ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਡਿਊਟੀ ਦੌਰਾਨ ਸੈਕਿੰਡ ਡਿਫੈਂਸ ਨਾਕੇ ‘ਤੇ ਪਹੁੰਚੇ। ਡਿਊਟੀ ‘ਤੇ ਤਾਇਨਾਤ ਮੁਲਾਜ਼ਮਾਂ ਵੱਲੋਂ ਕੋਈ ਹੁੰਗਾਰਾ ਨਾ ਮਿਲਣ ‘ਤੇ ਜਦੋਂ ਕਮਰੇ ਦੀ ਜਾਂਚ ਕੀਤੀ ਗਈ ਤਾਂ ਅੰਦਰ ਏ.ਐਸ.ਆਈ ਗੁਰਨਾਮ ਸਿੰਘ ਕੁਰਸੀ ‘ਤੇ ਬੈਠੇ ਮਿਲੇ, ਜਿਨ੍ਹਾਂ ਦੀ ਸੱਜੀ ਗੱਲ੍ਹ ‘ਤੇ ਗੋਲੀ ਲੱਗਣ ਦਾ ਨਿਸ਼ਾਨ ਸੀ ਅਤੇ ਖੂਨ ਵਹਿ ਰਿਹਾ ਸੀ। ਉੱਥੇ ਹੀ ਪੰਜਾਬ ਹੋਮ ਗਾਰਡ ਦਾ ਜਵਾਨ ਅਸ਼ੋਕ ਕੁਮਾਰ ਮੰਜੇ ‘ਤੇ ਪਿਆ ਮਿਲਿਆ, ਜਿਸ ਦੇ ਸਿਰ ਵਿੱਚ ਗੋਲੀ ਲੱਗੀ ਹੋਈ ਸੀ। ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ।


ਸਰਕਾਰੀ ਹਥਿਆਰ ਸੁਰੱਖਿਅਤ

ਮ੍ਰਿਤਕ ਪੁਲਿਸ ਮੁਲਾਜ਼ਮਾਂ ਕੋਲੋਂ ਸਰਕਾਰੀ ਹਥਿਆਰ ਸੁਰੱਖਿਅਤ ਬਰਾਮਦ ਹੋਏ ਹਨ। ਏ.ਐਸ.ਆਈ ਕੋਲ ਕਾਰਬਾਈਨ ਅਤੇ ਅਸ਼ੋਕ ਕੁਮਾਰ ਕੋਲ ਐਸ.ਐਲ.ਆਰ ) ਸਮੇਤ ਲੋੜੀਂਦਾ ਅਸਲਾ ਮੌਜੂਦ ਸੀ। ਮੁੱਢਲੀ ਜਾਂਚ ਅਨੁਸਾਰ ਇਹ ਵਾਰਦਾਤ 21/22 ਫਰਵਰੀ ਦੀ ਦਰਮਿਆਨੀ ਰਾਤ ਨੂੰ ਅੰਜਾਮ ਦਿੱਤੀ ਗਈ ਸੀ।

ਪੁਲਿਸ ਦੀ ਕਾਰਵਾਈ

ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾਈਆਂ ਸਨ, ਜੋ ਸ਼ੱਕੀ ਵਿਅਕਤੀਆਂ ਨੂੰ ਟ੍ਰੇਸ ਕਰਕੇ ਪੁੱਛਗਿੱਛ ਕਰ ਰਹੀਆਂ ਹਨ। ਸਰਹੱਦੀ ਖੇਤਰ ਵਿੱਚ ਵਿਆਪਕ ਨਾਕਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤਕਨੀਕੀ ਅਤੇ ਮਨੁੱਖੀ ਦੋਵਾਂ ਪੱਧਰਾਂ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਸਾਂਸਦ ਰੰਧਾਵਾ ਵੱਲੋਂ ਨਿਰੀਖਣ

ਇਸ ਦੌਰਾਨ ਬੀਤੀ ਰਾਤ ਗੁਰਦਾਸਪੁਰ ਦੇ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦੇਰ ਰਾਤ ਵੱਖ-ਵੱਖ ਪੁਲਿਸ ਥਾਣਿਆਂ ਦਾ ਨਿਰੀਖਣ ਕਰਦੇ ਦਿਖੇ। ਡੇਰਾ ਬਾਬਾ ਨਾਨਕ ਪੁਲਿਸ ਸਟੇਸ਼ਨ ਵੱਲ ਜਾਣ ਵਾਲਾ ਰਸਤਾ ਬੈਰੀਕੇਡਾਂ ਨਾਲ ਬੰਦ ਮਿਲਣ ‘ਤੇ ਉਨ੍ਹਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਮੌਕੇ ‘ਤੇ ਮੌਜੂਦ ਪੁਲਿਸ ਮੁਲਾਜ਼ਮਾਂ ਤੋਂ ਸੁਰੱਖਿਆ ਪ੍ਰਬੰਧਾਂ ਬਾਰੇ ਸਵਾਲ ਕੀਤੇ ਅਤੇ ਗਸ਼ਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ। ਜਿਸਨੂੰ ਆਮ ਆਦਮੀ ਪਾਰਟੀ ਦੇ ਆਗੂਆ ਨੇ ਕੌਜੀ ਰਾਜਨੀਤੀ ਕਰਾਰ ਦਿੱਤਾ।

ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਉੱਚ ਅਧਿਕਾਰੀ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਉਮੀਦ ਹੈ ਕਿ ਜਲਦੀ ਹੀ ਇਸ ਸਾਰੀ ਘਟਨਾ ਦਾ ਪਰਦਾਫਾਸ਼ ਹੋ ਜਾਵੇਗਾ।

Written By
The Punjab Wire