ਗੁਰਦਾਸਪੁਰ ਦੇ ਜੂਡੋ ਖਿਡਾਰੀ ਕਰਨਜੀਤ ਸਿੰਘ ਮਾਨ ਨੇ ਕਾਮਨ ਵੈਲਥ ਖੇਡਾਂ 2026 ਵਿੱਚ ਟਿਕਟ ਕੀਤੀ ਪੱਕੀ
ਜੁਲਾਈ ਮਹੀਨੇ ਗਲਾਸਗੋ ਵਿਖੇ ਹੋਣਗੀਆਂ ਖੇਡਾਂ
ਗੁਰਦਾਸਪੁਰ 23 ਫਰਵਰੀ 2026 (ਮੰਨਨ ਸੈਣੀ)— ਜੁਲਾਈ ਮਹੀਨੇ ਗਲਾਸਗੋ ਵਿੱਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਵਿੱਚ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਜੂਡੋ ਖਿਡਾਰੀ ਕਰਨਜੀਤ ਸਿੰਘ ਮਾਨ ਦੀ ਚੋਣ ਹੋਣ ਤੇ ਇਸ ਦੇ ਸੁਨਹਿਰੀ ਇਤਿਹਾਸ ਵਿੱਚ ਇੱਕ ਹੋਰ ਪੰਨਾ ਜੁੜ ਗਿਆ ਹੈ। ਬੀਤੇ ਦਿਨੀਂ ਜੂਡੋ ਫੈਡਰੇਸ਼ਨ ਆਫ ਇੰਡੀਆ ਵੱਲੋਂ ਦਿੱਲੀ ਵਿਖੇ ਕਰਵਾਏ ਗਏ ਚੋਣ ਟਰਾਇਲਾਂ ਵਿੱਚ 90 ਕਿਲੋ ਭਾਰ ਵਰਗ ਵਿੱਚ ਸਿਰਮੌਰ ਅੱਠ ਖਿਡਾਰੀਆਂ ਨੂੰ ਸਖ਼ਤ ਚੋਣ ਪ੍ਰਕਿਰਿਆ ਤੋਂ ਗੁਜ਼ਰਨ ਤੋਂ ਬਾਅਦ ਕਰਨਜੀਤ ਸਿੰਘ ਮਾਨ ਨੂੰ ਸਫਲ ਖਿਡਾਰੀ ਐਲਾਨਿਆ ਗਿਆ ਹੈ। ਫੈਡਰੇਸ਼ਨ ਵੱਲੋਂ ਜੂਡੋ ਵਿੱਚ ਕੁਲ 4 ਖਿਡਾਰੀਆਂ ਦੀ ਐਂਟਰੀ ਭੇਜਣ ਦੀ ਸੰਭਾਵਨਾ ਹੈ। ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੋਣ ਨਾਲ ਜੂਡੋ ਖਿਡਾਰੀਆਂ ਦੇ ਮਨੋਬਲ ਨੂੰ ਹੋਰ ਹੁਲਾਰਾ ਮਿਲੇਗਾ ਕਿਉਂਕਿ ਕਰਨਜੀਤ ਸਿੰਘ ਮਾਨ ਪੰਜਾਬ ਦਾ ਇਕੋ ਇਕ ਖਿਡਾਰੀ ਹੈ ਜੋ ਇਹਨਾਂ ਖੇਡਾਂ ਵਿੱਚ ਭਾਗ ਲੈਣ ਦੇ ਯੋਗ ਹੋਇਆ ਹੈ। ਭਾਵੇਂ 2014 ਵਿੱਚ ਨਵਜੋਤ ਸਿੰਘ ਚਾਨਾ, ਰਾਜਵਿੰਦਰ ਕੌਰ, ਸਾਹਿਲ ਪਠਾਣੀਆਂ ਅਤੇ ਹਰਸ਼ ਬਰਾੜ ਨੇ ਇਹਨਾਂ ਖੇਡਾਂ ਵਿੱਚ ਭਾਗ ਲਿਆ ਸੀ ਅਤੇ ਨਵਜੋਤ ਸਿੰਘ ਚਾਨਾ ਨੇ ਸਿਲਵਰ ਮੈਡਲ, ਰਾਜਵਿੰਦਰ ਕੌਰ ਨੇ ਬਰਾਉਨਜ ਮੈਡਲ ਜਿੱਤਿਆ ਸੀ । ਇਸੇ ਤਰ੍ਹਾਂ 2022 ਵਿੱਚ ਬਹੁਤ ਜਦੋਜਹਿਦ ਤੋਂ ਬਾਅਦ ਗੁਰਦਾਸਪੁਰ ਦੇ ਜਸਲੀਨ ਸੈਣੀ ਨੇ ਭਾਗ ਲਿਆ ਸੀ ਅਤੇ ਚੌਥਾ ਸਥਾਨ ਹਾਸਲ ਕੀਤਾ ਸੀ। ਸੈਂਟਰ ਦੇ ਕੋਚ ਰਵੀ ਕੁਮਾਰ ਗੁਰਦਾਸਪੁਰ ਅਤੇ ਪੁਲਿਸ ਵਿਭਾਗ ਦੇ ਕੋਚ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਕਰਨਜੀਤ ਸਿੰਘ ਮਾਨ ਨੇ ਇਹ ਰੁਤਬਾ 7 ਸਖ਼ਤ ਮੁਕਾਬਲਿਆਂ ਨੂੰ ਜਿੱਤਣ ਤੋਂ ਬਾਅਦ ਪ੍ਰਾਪਤ ਕੀਤਾ ਹੈ। ਜਿਸ ਤੋਂ ਆਸ ਪ੍ਰਗਟਾਈ ਜਾ ਸਕਦੀ ਹੈ ਕਿ ਇਹਨਾਂ ਖੇਡਾਂ ਵਿੱਚ ਭਾਰਤ ਲਈ ਮੈਡਲ ਜਿੱਤਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਕਰਨਜੀਤ ਸਿੰਘ ਮਾਨ ਨੇ ਪਹਿਲਾਂ ਵੀ ਵਿਸ਼ਵ ਪੁਲਿਸ ਖੇਡਾਂ ਵਿਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ਤੇ ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਜੀਤ ਸਿੰਘ ਬਾਜਵਾ, ਜਰਨਲ ਸਕੱਤਰ ਸੁਰਿੰਦਰ ਕੁਮਾਰ , ਮੀਤ ਪ੍ਰਧਾਨ ਵਰਿੰਦਰ ਸਿੰਘ ਸੰਧੂ, ਟੈਕਨੀਕਲ ਚੇਅਰਮੈਨ ਪੰਜਾਬ ਜੂਡੋ ਐਸੋਸੀਏਸ਼ਨ ਦੇ ਸਤੀਸ਼ ਕੁਮਾਰ, ਬਲਵਿੰਦਰ ਕੌਰ ਰਾਵਲਪਿੰਡੀ ਸੀਨੀਅਰ ਖਿਡਾਰੀ ਕਪਿਲ ਕੌਸਲ ਸ਼ਰਮਾ, ਰਾਜ ਕੁਮਾਰ ਸ਼ਰਮਾ, ਜਤਿੰਦਰ ਪਾਲ ਸਿੰਘ ਸਾਹਿਲ ਪਠਾਣੀਆਂ ਵਿਸ਼ਾਲ ਕਾਲੀਆ ਗਗਨਦੀਪ ਸਿੰਘ ਅਤੁਲ ਕੁਮਾਰ, ਦਿਨੇਸ਼ ਕੁਮਾਰ ਬਟਾਲਾ, ਨਵੀਨ ਸਲਗੋਤਰਾ ਰਵਿੰਦਰ ਸਿੰਘ ਰਵਿੰਦਰ ਖੰਨਾ ਨੇ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਖਿਡਾਰੀ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਕਰਕੇ ਦੇਸ਼ ਦਾ ਨਾਮ ਰੌਸ਼ਨ ਕਰੇਗਾ।