ਸਿਹਤ ਗੁਰਦਾਸਪੁਰ ਪੰਜਾਬ

ਜਦੋਂ ਹੈਲਥ ਕਾਰਡ ਬਣਿਆ ਸਹਾਰਾ: ਡੇਢ ਲੱਖ ਦਾ ਇਲਾਜ ਹੋਇਆ ਮੁਫ਼ਤ, ਜ਼ਿਲ੍ਹਾ ਗੁਰਦਾਸਪੁਰ ਦੇ ਦੋ ਮਰੀਜ਼ ਸਿਹਤਮੰਦ ਹੋ ਕੇ ਪਰਤੇ ਘਰ

ਜਦੋਂ ਹੈਲਥ ਕਾਰਡ ਬਣਿਆ ਸਹਾਰਾ: ਡੇਢ ਲੱਖ ਦਾ ਇਲਾਜ ਹੋਇਆ ਮੁਫ਼ਤ, ਜ਼ਿਲ੍ਹਾ ਗੁਰਦਾਸਪੁਰ ਦੇ ਦੋ ਮਰੀਜ਼ ਸਿਹਤਮੰਦ ਹੋ ਕੇ ਪਰਤੇ ਘਰ
  • PublishedFebruary 17, 2026

‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਨੇ ਆਰਥਿਕ ਤੰਗੀ ਨਾਲ ਜੂਝ ਰਹੇ ਦੋ ਪਰਿਵਾਰਾਂ ਨੂੰ ਦਿੱਤੀ ਵੱਡੀ ਰਾਹਤ

ਹਲਕਾ ਇੰਚਾਰਜ ਰਮਨ ਬਹਿਲ ਦਾ ਕਹਿਣਾ- ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸਿਹਤ ਸਹੂਲਤਾਂ ਹੁਣ ਹਰ ਗਰੀਬ ਦਾ ਬੁਨਿਆਦੀ ਹੱਕ

ਬਟਾਲਾ ਦੇ ਚੇਤਨ ਤੇ ਡੇਰਾ ਬਾਬਾ ਨਾਨਕ ਦੇ ਨਵਜੋਤ ਦਾ ਨਿੱਜੀ ਹਸਪਤਾਲ ਵਿੱਚ ਮੁਫ਼ਤ ਸਫਲ ਓਪਰੇਸ਼ਨ

ਗੁਰਦਾਸਪੁਰ, 17 ਫਰਵਰੀ 2026 (ਮੰਨਣ ਸੈਣੀ)। ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਲਾਕੇ ਦੇ ਲੋੜਵੰਦ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸ ਯੋਜਨਾ ਹੇਠ ਜਾਰੀ ਕੀਤੇ ਗਏ ਹੈਲਥ ਕਾਰਡ ਦੀ ਬਦੌਲਤ ਗੁਰਦਾਸਪੁਰ ਜ਼ਿਲ੍ਹੇ ਦੇ ਦੋ ਨੌਜਵਾਨਾਂ—ਚੇਤਨ ਮਹਾਜਨ ਅਤੇ ਨਵਜੋਤ ਸਿੰਘ—ਦਾ ਨਿੱਜੀ ਹਸਪਤਾਲ (ਗੁਰਦਾਸਪੁਰ ਦੇ ਆਰ.ਪੀ ਅਰੋੜਾ ਹਸਪਤਾਲ) ਵਿੱਚ ਪੂਰੀ ਤਰ੍ਹਾਂ ਮੁਫ਼ਤ ਇਲਾਜ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਨੂੰ ਕਰੀਬ 1.60 ਲੱਖ ਰੁਪਏ ਦੇ ਆਰਥਿਕ ਬੋਝ ਤੋਂ ਵੱਡੀ ਰਾਹਤ ਮਿਲੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਬਟਾਲਾ ਤਹਿਸੀਲ ਦੇ ਵਸਨੀਕ ਚੇਤਨ ਮਹਾਜਨ, ਜੋ ਇਕ ਦੁਕਾਨ ‘ਤੇ ਕੰਮ ਕਰਦੇ ਹਨ, ਗੁਰਦੇ ਦੀ ਪੱਥਰੀ ਨਾਲ ਪੀੜਤ ਸਨ। ਨਿੱਜੀ ਹਸਪਤਾਲ ਵੱਲੋਂ ਉਨ੍ਹਾਂ ਦੇ ਇਲਾਜ ਦਾ ਖਰਚ ਲਗਭਗ 90 ਹਜ਼ਾਰ ਰੁਪਏ ਦੱਸਿਆ ਗਿਆ ਸੀ। ਆਰਥਿਕ ਤੰਗੀ ਕਾਰਨ ਪਰਿਵਾਰ ਲਈ ਇਹ ਰਕਮ ਇਕੱਠੀ ਕਰਨਾ ਅਸੰਭਵ ਸੀ, ਪਰ ਯੋਜਨਾ ਹੇਠ ਕੇਵਲ ਇਕ ਦਿਨ ਵਿੱਚ ਚੇਤਨ ਦਾ ਹੈਲਥ ਕਾਰਡ ਤਿਆਰ ਕੀਤਾ ਗਿਆ ਅਤੇ ਗੁਰਦਾਸਪੁਰ ਦੇ ਆਰਪੀ ਅਰੋੜਾ ਹਸਪਤਾਲ ਵਿੱਚ ਉਨ੍ਹਾਂ ਦਾ ਸਫਲ ਮੁਫ਼ਤ ਓਪਰੇਸ਼ਨ ਕਰਾਇਆ ਗਿਆ।

ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਇਕ ਗਰੀਬ ਕਿਸਾਨ ਦੇ ਪੁੱਤਰ ਨਵਜੋਤ ਸਿੰਘ ਦੇ ਗੁਰਦੇ ਦੀ ਪੱਥਰੀ ਦੇ ਓਪਰੇਸ਼ਨ ਦਾ ਖਰਚ ਕਰੀਬ 70 ਹਜ਼ਾਰ ਰੁਪਏ ਦੱਸਿਆ ਗਿਆ ਸੀ। ਨਵਜੋਤ ਦਾ ਵੀ ਇਸੇ ਹਸਪਤਾਲ ਵਿੱਚ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਬਿਨਾਂ ਕਿਸੇ ਖਰਚ ਦੇ ਸਫਲ ਇਲਾਜ ਕੀਤਾ ਗਿਆ।

ਰਮਨ ਬਹਿਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਦੌਰ ਵਿੱਚ ਗਰੀਬ ਵਰਗ ਮਹਿੰਗੇ ਇਲਾਜ ਕਾਰਨ ਕਰਜ਼ੇ ਦੇ ਦਲਦਲ ਵਿੱਚ ਫਸ ਜਾਂਦਾ ਸੀ ਜਾਂ ਇਲਾਜ ਦੇ ਅਭਾਵ ਵਿੱਚ ਜਾਨ ਗੁਆ ਬੈਠਦਾ ਸੀ, ਪਰ ਮੌਜੂਦਾ ਸਰਕਾਰ ਨੇ ਸਿਹਤ ਨੂੰ ਹਰ ਨਾਗਰਿਕ ਦਾ ਬੁਨਿਆਦੀ ਹੱਕ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿਹਤ ਖੇਤਰ ਵਿੱਚ ਨਿਵੇਸ਼ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਭਵਿੱਖ ਦੀ ਨੀਂਹ ਰੱਖ ਰਹੀ ਹੈ।

ਪੂਰੀ ਤਰ੍ਹਾਂ ਸਿਹਤਮੰਦ ਹੋ ਕੇ ਘਰ ਪਰਤੇ ਚੇਤਨ ਮਹਾਜਨ ਅਤੇ ਨਵਜੋਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਹੈਲਥ ਕਾਰਡ ਉਨ੍ਹਾਂ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ।

Written By
The Punjab Wire