ਕ੍ਰਾਇਮ ਗੁਰਦਾਸਪੁਰ

ਗੁਰਦਾਸਪੁਰ ‘ਚ ਕਹਿਰ ਬਣ ਕੇ ਦੌੜੀ ਮਿੱਟੀ ਨਾਲ ਭਰੀ ਟਰਾਲੀ: ਦੋ ਮਾਸੂਮ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ

ਗੁਰਦਾਸਪੁਰ ‘ਚ ਕਹਿਰ ਬਣ ਕੇ ਦੌੜੀ ਮਿੱਟੀ ਨਾਲ ਭਰੀ ਟਰਾਲੀ: ਦੋ ਮਾਸੂਮ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ
  • PublishedFebruary 13, 2026

ਗ੍ਰਿਫ਼ਤਾਰੀ ਨਾ ਹੋਣ ਤੋਂ ਭੜਕੇ ਲੋਕਾਂ ਨੇ ਬੱਬਰੀ ਬਾਈਪਾਸ ‘ਤੇ ਲਾਇਆ ਜਾਮ, ਪੁਲਿਸ ਨੇ ਦਿੱਤਾ ਜਲਦ ਕਾਰਵਾਈ ਦਾ ਭਰੋਸਾ

ਗੁਰਦਾਸਪੁਰ, 13 ਫਰਵਰੀ 2026 (ਮੰਨਣ ਸੈਣੀ)। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਨਵਾਂ ਪਿੰਡ ਝਾਵਰ ਦੇ ਨਜ਼ਦੀਕ ਵੀਰਵਾਰ ਸ਼ਾਮ ਵਾਪਰੇ ਇੱਕ ਬੇਹੱਦ ਦੁਖਦਾਈ ਸੜਕ ਹਾਦਸਾ ਵਾਪਰਿਆ। ਮਿੱਟੀ ਨਾਲ ਭਰੀ ਇੱਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਮੋਟਰਸਾਈਕਲ ਨੂੰ ਅਜਿਹੀ ਭਿਆਨਕ ਟੱਕਰ ਮਾਰੀ ਕਿ ਦੋ ਮਾਸੂਮ ਚਚੇਰੇ ਭਰਾਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਡਰਾਇੰਗ ਦੇ ਪੇਪਰ ਲਈ ਰੰਗ ਲੈਣ ਗਏ ਸਨ ਬੱਚੇ

ਜਾਣਕਾਰੀ ਅਨੁਸਾਰ ਮ੍ਰਿਤਕ ਬੱਚਿਆਂ ਦੀ ਪਛਾਣ ਮਨਪ੍ਰੀਤ (11) ਪੁੱਤਰ ਮਨਜਿੰਦਰ ਕੁਮਾਰ ਅਤੇ ਹਰਪ੍ਰੀਤ (10) ਪੁੱਤਰ ਤਰਵਿੰਦਰ ਕੁਮਾਰ ਵਜੋਂ ਹੋਈ ਹੈ। ਮਾਸੂਮ ਬੱਚਿਆਂ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਸਨ ਅਤੇ ਵੀਰਵਾਰ ਨੂੰ ਉਹਨਾਂ ਦਾ ਡਰਾਇੰਗ ਦਾ ਪੇਪਰ ਸੀ। ਬੱਚੇ ਨਵੇਂ ਰੰਗ ਲੈਣ ਦੀ ਜ਼ਿੱਦ ਕਰ ਰਹੇ ਸਨ, ਜਿਸ ਕਾਰਨ ਮਨਜਿੰਦਰ ਕੁਮਾਰ ਉਹਨਾਂ ਨੂੰ ਮੋਟਰਸਾਈਕਲ ‘ਤੇ ਬਜ਼ਾਰ ਲੈ ਕੇ ਗਿਆ ਸੀ। ਪਰ ਵਾਪਸੀ ‘ਤੇ ਤੇਜ਼ ਰਫ਼ਤਾਰ ਟਰਾਲੀ ਨੇ ਉਹਨਾਂ ਦੇ ਸੁਪਨਿਆਂ ਨੂੰ ਪਲਕ ਝਪਕਦਿਆਂ ਹੀ ਮਿੱਟੀ ਵਿੱਚ ਮਿਲਾ ਦਿੱਤਾ।

ਪਰਿਵਾਰ ਨੇ ਸੜਕ ‘ਤੇ ਲਾਇਆ ਧਰਨਾ

ਹਾਦਸੇ ਤੋਂ ਬਾਅਦ ਮੁਲਜ਼ਮ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਸ਼ੁੱਕਰਵਾਰ ਦੁਪਹਿਰ ਤੱਕ ਜਦੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ, ਤਾਂ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਬੱਬਰੀ ਬਾਈਪਾਸ ‘ਤੇ ਜਾਮ ਲਗਾ ਦਿੱਤਾ। ਪ੍ਰਦਰਸ਼ਨ ਕਾਰਨ ਤਕਰੀਬਨ ਇੱਕ ਘੰਟਾ ਆਵਾਜਾਈ ਪ੍ਰਭਾਵਿਤ ਰਹੀ। ਮੌਕੇ ‘ਤੇ ਪਹੁੰਚੇ ਥਾਣਾ ਸਦਰ ਦੇ ਐਸ.ਐਚ.ਓ. ਅਮਨਦੀਪ ਸਿੰਘ ਅਤੇ ਥਾਣਾ ਤਿੱਬੜ ਦੀ ਮੁਖੀ ਕਿਰਨਦੀਪ ਕੌਰ ਨੇ ਲੋਕਾਂ ਨੂੰ ਸਮਝਾ-ਬੁਝਾ ਕੇ ਸ਼ਾਂਤ ਕੀਤਾ ਅਤੇ ਜਲਦ ਗ੍ਰਿਫ਼ਤਾਰੀ ਦਾ ਵਿਸ਼ਵਾਸ ਦਿਵਾਇਆ।

ਪੁਲਿਸ ਦੀ ਕਾਰਵਾਈ

ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਬਲਵਿੰਦਰ ਸਿੰਘ (ਵਾਸੀ ਝਾਵਰ) ਅਤੇ ਬਾਬੀ ਮਸੀਹ (ਵਾਸੀ ਬਾਜੇਚੱਕ) ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ‘ਤੇ ਨਾਜਾਇਜ਼ ਤੌਰ ‘ਤੇ ਦੌੜਦੀਆਂ ਓਵਰਲੋਡਿਡ ਅਤੇ ਤੇਜ਼ ਰਫ਼ਤਾਰ ਟਰੈਕਟਰ-ਟਰਾਲੀਆਂ ‘ਤੇ ਸਖ਼ਤ ਸ਼ਿਕੰਜਾ ਕੱਸਿਆ ਜਾਵੇ ਤਾਂ ਜੋ ਹੋਰ ਮਾਸੂਮਾਂ ਦੀਆਂ ਜਾਨਾਂ ਨਾ ਜਾਣ।

Written By
The Punjab Wire