ਪਿੰਡ ਘੁਰਾਲਾ ਵਿਖੇ ਕਿਸਾਨਾਂ ਮਜ਼ਦੂਰਾਂ ਕੀਤੀ ਸਾਂਝੀ ਮੀਟਿੰਗ, 26 ਜਨਵਰੀ ਨੂੰ ਟਰੈਕਟਰ ਮਾਰਚ ਅਤੇ 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਦਿੱਤਾ ਸੱਦਾ
ਕਿਰਤ ਕੋਡਾਂ, ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜ ਕੇ ਕੇਂਦਰ ਸਰਕਾਰ ਪ੍ਰਤੀ ਰੋਸ ਪ੍ਰਦਰਸ਼ਨ ਕੀਤਾ
ਗੁਰਦਾਸਪੁਰ, 25 ਜਨਵਰੀ 2026 (ਮੰਨਨ ਸੈਣੀ)- ਅੱਜ ਪਿੰਡ ਘੁਰਾਲਾ ਵਿਖੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਾਂਝੀ ਮੀਟਿੰਗ ਲਖਵਿੰਦਰ ਲੱਕੀ ਅਤੇ ਰਣਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਹੋਈ।
ਮੀਟਿੰਗ ਦੌਰਾਨ ਇਫਟੂ ਆਗੂ ਜੋਗਿੰਦਰ ਪਾਲ ਘੁਰਾਲਾ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਰਜਿੰਦਰ ਸਿੰਘ ਸੋਨਾ ਨੇ ਦੱਸਿਆ ਕਿ ਮੋਦੀ ਸਰਕਾਰ ਨੇ ਦੇਸੀ ਵਿਦੇਸ਼ੀ ਸਰਮਾਏਦਾਰਾਂ ਦੀ ਸੇਵਾ ਲਈ ਕਾਨੂੰਨਾਂ ਵਿੱਚ ਤਬਦੀਲੀ ਦੀ ਹਨੇਰੀ ਲਿਆ ਰੱਖੀ ਹੈ। ਇਹ ਸਰਕਾਰ 2014 ਤੋਂ ਲੈ ਕੇ ਹੁਣ ਤੱਕ 1577 ਕਨੂੰਨਾਂ ਨੂੰ ਸੋਧਾਂ ਦੇ ਨਾਮ ਤੇ ਬਦਲ ਚੁੱਕੀ ਹੈ। ਪਿਛਲੇ ਕੁਝ ਹਫਤਿਆਂ ਵਿੱਚ ਹੀ ਸਰਕਾਰ ਨੇ ਗਰੀਬ ਪੇਂਡੂ ਮਜ਼ਦੂਰਾਂ ਉੱਤੇ ਮਾਰ ਕਰਦਿਆਂ ਮਗਨਰੇਗਾ ਕਾਨੂੰਨ ਵੀ ਬਦਲ ਕੇ ਰੁਜ਼ਗਾਰ ਦੀ ਆਪਣੀ ਜਿੰਮੇਵਾਰੀ ਨੂੰ ਪੂਰੀ ਤਰ੍ਹਾਂ ਸਮੇਟਣ ਦੀ ਤਿਆਰੀ ਕਰ ਲਈ ਹੈ। ਇਸੇ ਤਰ੍ਹਾਂ 21 ਨਵੰਬਰ ਤੋਂ ਮਜ਼ਦੂਰ ਵਿਰੋਧੀ ਵੱਡੇ ਬਦਲਾਅ ਲਾਗੂ ਕਰਦਿਆਂ ਕਿਰਤ ਕਾਨੂੰਨ ਪੂਰੀ ਤਰਹਾਂ ਸੋਧ ਦਿੱਤੇ ਹਨ। ਜਾਣੀਂ ਕਿ ਸਰਮਾਏਦਾਰਾਂ ਦੇ ਮੁਨਾਫਿਆਂ ਅੱਗੇ ਲੋਕ ਹਿੱਤਾਂ ਦੀ ਮੁਕੰਮਲ ਬਲੀ ਦਿੱਤੀ ਜਾ ਰਹੀ ਹੈ, ਲੋਕਾਂ ਨੂੰ ਸੰਘਰਸ਼ਾਂ ਵਿੱਚੋਂ ਹਾਸਿਲ ਹੋਈਆਂ ਮਾੜੀਆਂ ਮੋਟੀਆਂ ਸਹੂਲਤਾਂ ਵੀ ਖਤਮ ਕੀਤੀਆਂ ਜਾ ਰਹੀਆਂ ਹਨ। ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਰਾਹੀਂ ਬਿਜਲੀ ਵੰਡ ਦੇ ਖੇਤਰ ਨੂੰ ਵੱਡੇ ਸਰਮਾਏਦਾਰਾਂ ਲਈ ਖੋਲ੍ਹ ਕੇ ਆਮ ਗਾਹਕਾਂ ਨੂੰ ਮਿਲਣ ਵਾਲੀ ਮੁਫਤ ਜਾਂ ਸਸਤੀ ਬਿਜਲੀ ਨੂੰ ਖਤਮ ਕਰਨ ਦੀ ਤਿਆਰੀ ਕਰ ਲਈ ਗਈ ਹੈ। ਆਗੂਆਂ ਦੱਸਿਆ ਕਿ ਖੇਤੀ ਕਨੂੰਨਾਂ ਤੋਂ ਬਾਅਦ ਇਹ ਆਮ ਲੋਕਾਂ ਉੱਤੇ ਮੋਦੀ ਸਰਕਾਰ ਵੱਲੋਂ ਬੋਲਿਆ ਗਿਆ ਵੱਡਾ ਹਮਲਾ ਹੈ। ਆਗੂਆਂ 26 ਜਨਵਰੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਢੇ ਜਾ ਰਹੇ ਟਰੈਕਟਰ ਮਾਰਚ ਅਤੇ 12 ਫਰਵਰੀ ਨੂੰ ਟਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਆਗੂਆਂ ਕਿਹਾ ਕਿ ਸਾਰੇ ਸੁਹਿਰਦ ਲੋਕਾਂ ਅਤੇ ਜਨਤਕ ਜਥੇਬੰਦੀਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਮੋਦੀ ਹਕੂਮਤ ਦੇ ਨਵੇਂ ਹਮਲੇ ਨੂੰ ਪਿੱਛੇ ਧੱਕਣ ਲਈ ਮੈਦਾਨ ਵਿੱਚ ਨਿਤਰਨ ਤੇ ਇਸ ਖਿਲਾਫ ਵੱਡੀ ਲੋਕ ਲਹਿਰ ਖੜੀ ਕੀਤੀ ਜਾਏ।ਇਸ ਮੌਕੇ ਇਕੱਤਰ ਹੋਏ ਵਰਕਰਾਂ ਨੇ ਕਿਰਤ ਕੋਡਾਂ ਅਤੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਸ਼ਮੀਰ ਸਿੰਘ, ਜਸਪਾਲ, ਮਹਿੰਗਾ ਰਾਮ, ਦਲਬੀਰ ਪੱਪਾ, ਕਿਸ਼ਨ ਲਾਲ, ਮਹਿੰਦਰ ਸਿੰਘ, ਰਮੇਸ਼ ਲਾਲ, ਪਰਵਿੰਦਰ ਕੁਮਾਰ, ਸੁਰਿੰਦਰ ਸਿੰਘ, ਜਤਿੰਦਰ ਸਿੰਘ, ਅਮਰੀਕ ਪਾਲ, ਦਵਿੰਦਰ ਸਿੰਘ, ਸਾਈ ਦਾਸ, ਰਜੇਸ਼ ਅਬੀ, ਸੋਮ ਲਾਲ, ਮਨੀਰ ਮਸੀਹ,ਅਸ਼ੋਕ ਕੁਮਾਰ, ਬਲਦੇਵ ਰਾਜ, ਤਰਸੇਮ ਲਾਲ, ਇੰਦਰਜੀਤ ਅਤੇ ਪ੍ਰੇਮ ਸ਼ਾਹ ਹਾਜ਼ਰ ਸਨ।