ਗੁਰਦਾਸਪੁਰ ਪੰਜਾਬ

ਪੁਰਾਣਾ ਸ਼ਾਲਾ ਅੱਡੇ ‘ਤੇ ਸੁਨਿਆਰੇ ਦੀ ਦੁਕਾਨ ਦੇ ਸ਼ਟਰ ਉਖਾੜ ਕੇ ਲੱਖਾਂ ਦੀ ਚੋਰੀ

ਪੁਰਾਣਾ ਸ਼ਾਲਾ ਅੱਡੇ ‘ਤੇ ਸੁਨਿਆਰੇ ਦੀ ਦੁਕਾਨ ਦੇ ਸ਼ਟਰ ਉਖਾੜ ਕੇ ਲੱਖਾਂ ਦੀ ਚੋਰੀ
  • PublishedDecember 22, 2025

ਗੁਰਦਾਸਪੁਰ, 22 ਦਿਸੰਬਰ 2025 (ਮਨਨ ਸੈਣੀ)। ਕਸਬਾ ਪੁਰਾਣਾ ਸ਼ਾਲਾ ਦੇ ਮੁੱਖ ਚੌਕ ਸਥਿਤ ਇੱਕ ਜਵੈਲਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਕਿਓਰਿਟੀ ਅਲਾਰਮ ਨੇ ਦਿੱਤੀ ਦਸਤਕ, ਪਰ ਚੋਰ ਹੋਏ ਫ਼ਰਾਰ

ਪੀੜਤ ਦੁਕਾਨਦਾਰ ਵਿਨੋਦ ਕੁਮਾਰ ਉਰਫ਼ ਲਾਡੀ ਪੁੱਤਰ ਸੁਰਿੰਦਰ ਨਾਥ, ਵਾਸੀ ਸੈਦੋਵਾਲ ਕਲਾਂ ਨੇ ਦੱਸਿਆ ਕਿ ਉਹ ਪਿਛਲੇ 22 ਸਾਲਾਂ ਤੋਂ ਪੁਰਾਣਾ ਸ਼ਾਲਾ ਚੌਕ ਵਿੱਚ ਸੋਨੇ-ਚਾਂਦੀ ਦਾ ਕੰਮ ਕਰ ਰਿਹਾ ਹੈ। ਬੀਤੀ 20 ਦਸੰਬਰ ਦੀ ਰਾਤ ਨੂੰ ਜਦੋਂ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਗਿਆ ਹੋਇਆ ਸੀ, ਤਾਂ ਕਰੀਬ ਰਾਤ 02:13 ਵਜੇ ਉਸ ਦੇ ਮੋਬਾਈਲ ਫੋਨ ‘ਤੇ ਦੁਕਾਨ ਦੇ ਸਕਿਓਰਿਟੀ ਅਲਾਰਮ ਦਾ ਸਿਗਨਲ ਆਇਆ।

ਵਿਨੋਦ ਕੁਮਾਰ ਅਨੁਸਾਰ ਅਲਾਰਮ ਵੱਜਦੇ ਹੀ ਉਸ ਨੂੰ ਕਿਸੇ ਅਣਸੁਖਾਵੀਂ ਘਟਨਾ ਦਾ ਸ਼ੱਕ ਹੋਇਆ। ਉਸ ਨੇ ਤੁਰੰਤ ਇਲਾਕੇ ਦੀ ਰਾਖੀ ਲਈ ਰੱਖੇ ਚੌਕੀਦਾਰਾਂ ਨੂੰ ਵਾਰ-ਵਾਰ ਫੋਨ ਕੀਤੇ। ਇੱਕ ਚੌਕੀਦਾਰ ਨੇ ਫੋਨ ਚੁੱਕ ਕੇ ਬਾਥਰੂਮ ਵਿੱਚ ਹੋਣ ਦੀ ਗੱਲ ਕਹੀ ਅਤੇ ਦੁਕਾਨ ਚੈੱਕ ਕਰਨ ਦਾ ਭਰੋਸਾ ਦਿੱਤਾ, ਪਰ ਉਸ ਤੋਂ ਬਾਅਦ ਕਿਸੇ ਵੀ ਚੌਕੀਦਾਰ ਨੇ ਫੋਨ ਨਹੀਂ ਚੁੱਕਿਆ।

ਜਦੋਂ ਪੀੜਤ ਖ਼ੁਦ ਸਕੂਟਰੀ ‘ਤੇ ਸਵਾਰ ਹੋ ਕੇ ਦੁਕਾਨ ‘ਤੇ ਪਹੁੰਚਿਆ, ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਉਖੜਿਆ ਹੋਇਆ ਸੀ। ਅੰਦਰ ਜਾਣ ‘ਤੇ ਪਤਾ ਲੱਗਾ ਕਿ ਚੋਰਾਂ ਨੇ ਪਹਿਲਾਂ ਸੀ.ਸੀ.ਟੀ.ਵੀ. ਕੈਮਰੇ ਤੋੜ ਦਿੱਤੇ ਸਨ। ਦੁਕਾਨ ਦੇ ਅੰਦਰੋਂ ਸੋਨੇ-ਚਾਂਦੀ ਦੇ ਕੀਮਤੀ ਗਹਿਣੇ ਅਤੇ ਗੱਲੇ ਵਿੱਚ ਪਈ ਨਕਦੀ ਗਾਇਬ ਸੀ।

ਘਟਨਾ ਦੀ ਸੂਚਨਾ ਮਿਲਦੇ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ। ਏ.ਐਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਵਿਨੋਦ ਕੁਮਾਰ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ BNS ਦੀ ਧਾਰਾ 331(4), 305ਤਹਿਤ ਮੁਕੱਦਮਾ ਨੰਬਰ 136 ਦਰਜ ਕਰ ਲਿਆ ਹੈ।

Written By
The Punjab Wire